International

ਕਸ਼ਮੀਰ ਦਾ ਮਸਲਾ ਹਰ ਕੌਮਾਂਤਰੀ ਮੰਚ ‘ਤੇ ਚੁੱਕਾਂਗੇ : ਇਮਰਾਨ

ਇਸਲਾਮਾਬਾਦ : ਪਾਕਿਸਤਾਨ ਕਸ਼ਮੀਰ ‘ਤੇ ਆਪਣੇ ਸਖ਼ਤ ਸਟੈਂਡ ਕਰਕੇ ਭਾਵੇਂ ਕੁੱਲ ਆਲਮ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਨਾਕਾਮ ਰਿਹਾ ਹੈ, ਪਰ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਹ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਆਮ ਸਭਾ ਸਮੇਤ ਹਰੇਕ ਕੌਮਾਂਤਰੀ ਮੰਚ ‘ਤੇ ਉਭਾਰਦੇ ਰਹਿਣਗੇ। ਖ਼ਾਨ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਕੇ ‘ਇਤਿਹਾਸਕ ਭੁੱਲ’ ਕੀਤੀ ਹੈ। ਕਸ਼ਮੀਰ ਮਸਲੇ ਨੂੰ ਲੈ ਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਪਾਕਿਸਤਾਨ ਦੀ ਆਵਾਮ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ, ਭਾਰਤ ਵੱਲੋਂ ਵਾਦੀ (ਕਸ਼ਮੀਰ) ਵਿੱਚ ਆਇਦ ਪਾਬੰਦੀਆਂ ਖ਼ਤਮ ਕੀਤੇ ਜਾਣ ਤਕ, ਕਸ਼ਮੀਰੀਆਂ ਨਾਲ ਖੜ੍ਹੇਗੀ।
ਕਸ਼ਮੀਰ ਬਾਰੇ ਆਪਣੀ ਭਵਿੱਖੀ ਰਣਨੀਤੀ ਦਾ ਖਾਕਾ ਉਲੀਕਦਿਆਂ ਖ਼ਾਨ ਨੇ ਕਿਹਾ, ‘ਪਹਿਲਾਂ ਮੈਂ ਮੰਨਦਾ ਹਾਂ ਕਿ ਪੂਰੇ ਮੁਲਕ ਨੂੰ ਕਸ਼ਮੀਰੀ ਕੌਮ ਨਾਲ ਖੜ੍ਹਨਾ ਚਾਹੀਦਾ ਹੈ। ਮੈਂ ਕਿਹਾ ਸੀ ਕਿ ਮੈਂ ਕਸ਼ਮੀਰ ਦੇ ਨੁਮਾਇੰਦੇ ਵਜੋਂ ਵਿਚਰਾਂਗਾ।’ ਖ਼ਾਨ ਨੇ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਆਮ ਸਭਾ ਵਿੱਚ ਆਪਣੇ ਤਜਵੀਜ਼ਤ ਸੰਬੋਧਨ ਦਾ ਹਵਾਲਾ ਦਿੰਦਿਆਂ ਕਿਹਾ, ‘ਮੈਂ ਕੁਲ ਆਲਮ ਨੂੰ ਇਸ ਬਾਰੇ ਦੱਸਾਂਗਾ, ਮੈਂ ਵੱਖ ਵੱਖ ਮੁਲਕਾਂ ਦੇ ਮੁਖੀਆਂ ਦੇ ਸੰਪਰਕ ਵਿੱਚ ਹਾਂ ਤੇ ਪਹਿਲਾਂ ਹੀ ਇਸ ਬਾਬਤ ਜਾਣਕਾਰੀ ਸਾਂਝੀ ਕਰ ਚੁੱਕਾ ਹਾਂ। ਮੈਂ ਇਹ ਮੁੱਦਾ ਸੰਯੁਕਤ ਰਾਸ਼ਟਰ ਵਿੱਚ ਵੀ ਰੱਖਾਂਗਾ।’ ਖ਼ਾਨ ਨੇ ਕਿਹਾ, ‘ਮੈਂ ਅਖ਼ਬਾਰਾਂ ‘ਚ ਪੜ੍ਹਿਆ ਹੈ ਕਿ ਲੋਕ ਇਸ ਗੱਲੋਂ ਨਿਰਾਸ਼ ਹਨ ਕਿ ਮੁਸਲਿਮ ਮੁਲਕ ਕਸ਼ਮੀਰ ਮਸਲੇ ‘ਤੇ ਉਨ੍ਹਾਂ ਨਾਲ ਨਹੀਂ ਖੜ੍ਹੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਨਿਰਾਸ਼ ਨਾ ਹੋਵੋ.ਜੇਕਰ ਕੁਝ ਮੁਲਕ ਆਪਣੇ ਆਰਥਿਕ ਹਿੱਤਾਂ ਕਰਕੇ ਇਸ ਮੁੱਦੇ ਨੂੰ ਨਹੀਂ ਉਭਾਰ ਰਹੇ.ਆਖਿਰ ਨੂੰ ਉਹ ਇਹ ਮੁੱਦਾ ਜ਼ਰੂਰ ਚੁੱਕਣਗੇ। ਉਨ੍ਹਾਂ ਨੂੰ ਸਮੇਂ ਦੇ ਨਾਲ ਅਜਿਹਾ ਕਰਨਾ ਹੋਵੇਗਾ।’ ਉਨ੍ਹਾਂ ਕਿਹਾ, ‘ਇਹ ਸੰਯੁਕਤ ਰਾਸ਼ਟਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਸ਼ਮੀਰ ਦੇ ਲੋਕਾਂ ਨਾਲ ਸੁਰੱਖਿਆ ਦਾ ਵਾਅਦਾ ਕੀਤਾ ਸੀ। ਇਤਿਹਾਸ ਗਵਾਹ ਹੈ ਕਿ ਆਲਮੀ ਸੰਸਥਾਵਾਂ ਨੇ ਹਮੇਸ਼ਾਂ ਜ਼ੋਰਾਵਰ ਦਾ ਸਾਥ ਦਿੱਤਾ ਹੈ, ਪਰ ਸੰਯੁਕਤ ਰਾਸ਼ਟਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਵਾ ਅਰਬ ਮੁਸਲਿਮ ਉਸ ਵੱਲ ਕਿਸੇ ਆਸ ਨਾਲ ਵੇਖ ਰਹੇ ਹਨ।’ ਪ੍ਰਧਾਨ ਮੰਤਰੀ ਨੇ ਗੁਆਂਢੀਆਂ ਦੀ ਪ੍ਰਮਾਣੂ ਸਮਰਥਾਵਾਂ ਨੂੰ ਮੁੜ ਉਭਾਰਦਿਆਂ ਕਿਹਾ ਕਿ ਪ੍ਰਮਾਣੂ ਜੰਗ ਵਿੱਚ ਕਿਸੇ ਦੀ ਜਿੱਤ ਨਹੀਂ ਹੁੰਦੀ। ਉਨ੍ਹਾਂ ਕਿਹਾ, ‘ਕੀ ਇਹ ਵੱਡੇ ਮੁਲਕ ਮਹਿਜ਼ ਆਪਣੇ ਹੀ ਆਰਥਿਕ ਹਿੱਤਾਂ ਨੂੰ ਵੇਖੀ ਜਾਣਗੇ? ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੋਵਾਂ ਮੁਲਕਾਂ (ਭਾਰਤ ਤੇ ਪਾਕਿ) ਕੋਲ ਪ੍ਰਮਾਣੂ ਹਥਿਆਰ ਹਨ। ਪ੍ਰਮਾਣੂ ਜੰਗ ਵਿੱਚ ਕਦੇ ਕਿਸੇ ਦੀ ਜਿੱਤ ਨਹੀਂ ਹੋਈ। ਇਸ ਨਾਲ ਖਿੱਤੇ ਵਿੱਚ ਤਬਾਹੀ ਹੋ ਹੋਵੇਗੀ, ਪਰ ਇਸ ਦੇ ਸਿੱਟੇ ਕੁਲ ਆਲਮ ਨੂੰ ਭੁਗਤਣੇ ਪੈਣਗੇ।’

Show More

Related Articles

Leave a Reply

Your email address will not be published. Required fields are marked *

Close