Canada

ਓਨਟਾਰੀਓ ਵਿੱਚ ਸਰਗਰਮ ਮਾਫੀਆ ਗਿਰੋਹ ਦਾ ਪਰਦਾਫਾਸ਼,  35 ਮਿਲੀਅਨ ਡਾਲਰ ਦੇ ਘਰ, ਨਕਦੀ, ਗਹਿਣੇ ਤੇ ਸਪੋਰਟਸ ਕਾਰਾਂ ਬਰਾਮਦ

ਓਨਟਾਰੀਓ, ਯੌਰਕ ਰੀਜਨਲ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕੈਨੇਡਾ ਦੇ ਐਨਡਰਾਂਘੈਟਾ ਮਾਫੀਆ ਨਾਂ ਦੇ ਸੱਭ ਤੋਂ ਅਹਿਮ ਵਿੰਗ ਦੇ ਸਬੰਧ ਵਿੱਚ ਕੀਤੀ ਗਈ ਜਾਂਚ ਤੋਂ ਬਾਅਦ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ 35 ਮਿਲੀਅਨ ਡਾਲਰ ਦੇ ਘਰ, ਸਪੋਰਟਸ ਕਾਰਾਂ ਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ। ਜਿ਼ਕਰਯੋਗ ਹੈ ਕਿ 2017 ਵਿੱਚ ਵਾਅਨ ਤੇ ਇਸ ਦੇ ਆਲੇ ਦੁਆਲੇ ਵਾਲੇ ਇਲਾਕੇ ਵਿੱਚ ਗੋਲੀਆਂ ਚੱਲਣ, ਅਗਜ਼ਨੀ ਆਦਿ ਦੀਆਂ ਘਟਨਾਵਾਂ ਵੱਧ ਜਾਣ ਤੋਂ ਬਾਅਦ ਪੁਲਿਸ ਨੇ ਪ੍ਰੋਜੈਕਟ ਸਿੰਡੀਕੇਟੋ ਸ਼ੁਰੂ ਕੀਤਾ ਸੀ। ਇਹ ਪ੍ਰੋਜੈਕਟ ਅਜਿਹੇ ਗਰੁੱਪਜ਼ ਨੂੰ ਨਿਸ਼ਾਨਾ ਬਣਾਉਣ ਲਈ ਸੁ਼ਰੂ ਕੀਤਾ ਗਿਆ ਸੀ ਜਿਨ੍ਹਾਂ ਉੱਤੇ ਕਈ ਕੈਫੇਜ਼ ਵਿੱਚ ਜੂਏਬਾਜ਼ੀ ਦੇ ਅੱਡੇ ਬਣਾਉਣ ਦੇ ਦੋਸ਼ ਸਨ। ਇਸ ਨੂੰ ਓਨਟਾਰੀਓ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸੱਭ ਤੋਂ ਵੱਡਾ ਮਾਫੀਆ ਰੈਕੇਟ ਦਾ ਪਰਦਾਫਾਸ਼ ਮੰਨਿਆ ਜਾ ਰਿਹਾ ਹੈ। ਡਿਪਾਰਟਮੈਂਟ ਦੇ ਸਾਰਜੈਂਟ ਕਾਰਲ ਮੈਟੀਨਨ ਨੇ ਆਖਿਆ ਕਿ ਇਹ ਗਰੁੱਪ ਜੂਏਬਾਜ਼ਾਂ ਨੂੰ ਲਾਲਚ ਦੇਕੇ ਖਿੱਚਦਾ ਸੀ ਤੇ ਉਨ੍ਹਾਂ ਨੂੰ ਹਰਾ ਕੇ ਉਨ੍ਹਾਂ ਦਾ ਸਾਰਾ ਪੈਸਾ ਹੜੱਪ ਲੈਂਦਾ ਸੀ। ਫਿਰ ਉਨ੍ਹਾਂ ਨੂੰ ਕਰਜ਼ੇ ਦੇ ਰੂਪ ਵਿੱਚ ਪੈਸੇ ਦੇ ਕੇ ਉਨ੍ਹਾਂ ਤੋਂ ਵਿਆਜ਼ ਵਸੂਲਦਾ ਸੀ ਤੇ ਜੇ ਉਹ ਨਹੀਂ ਸਨ ਦੇ ਪਾਉਂਦੇ ਤਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੰਦਾ ਸੀ ਤੇ ਨੁਕਸਾਨ ਪਹੁੰਚਾਉਂਦਾ ਵੀ ਸੀ। ਉਨ੍ਹਾਂ ਆਖਿਆ ਕਿ ਇਸ ਚੱਕਰ ਵਿੱਚ ਫਸ ਕੇ ਲੋਕ ਆਪਣੀ ਜੀਵਨ ਭਰ ਦੀ ਕਮਾਈ ਲੁਟਾ ਰਹੇ ਸਨ। ਪਿਛਲੇ 18 ਮਹੀਨਿਆਂ ਤੋਂ ਅਧਿਕਾਰੀਆਂ ਨੇ ਜੀਟੀਏ ਦੇ 11 ਕੈਫੇਜ਼ ਦੀ ਨਿਗਰਾਨੀ ਕੀਤੀ। ਇੱਥੇ ਹੀ ਬੱਸ ਨਹੀਂ ਇਸ ਜਥੇਬੰਦੀ ਦੇ ਮੈਂਬਰਾਂ ਦੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਵੀ ਨਿਗਰਾਨੀ ਕੀਤੀ ਗਈ। ਕੁੱਝ ਕਥਿਤ ਮੌਬਸਟਰਜ਼ ਦਾ ਵੀ ਕਈ ਕੈਸੀਨੋਜ਼ ਵਿੱਚ ਵੀ ਪਿੱਛਾ ਕੀਤਾ ਗਿਆ। ਨਿਗਰਾਨੀ ਕਰ ਰਹੇ ਅਧਿਕਾਰੀਆਂ ਨੇ ਪਾਇਆ ਕਿ ਓਨਟਾਰੀਓ ਦੇ ਵੱਖ ਵੱਖ ਕੈਸੀਨੋਜ਼ ਵਿੱਚ ਹਰ ਰਾਤ 30,000 ਤੋਂ 50,000 ਡਾਲਰ ਦਾ ਜੂਆ ਖੇਡਿਆ ਜਾਂਦਾ ਸੀ। ਉਨ੍ਹਾਂ ਅੰਦਾਜ਼ੇ ਨਾਲ ਦੱਸਿਆ ਕਿ ਇਸ ਗਰੁੱਪ ਨੇ ਪਿਛਲੇ ਕਈ ਸਾਲਾਂ ਵਿੱਚ 70 ਮਿਲੀਅਨ ਡਾਲਰ ਤੋਂ ਵੀ ਵੱਧ ਦੀ ਕਮਾਈ ਕੀਤੀ ਹੋਵੇਗੀ। ਇਸ ਵਿੱਚੋਂ ਕੁੱਝ ਰਕਮ ਰੀਅਲ ਅਸਟੇਟ ਤੇ ਵਿੱਤੀ ਸੇਵਾਵਾਂ ਦੇ ਕਾਰੋਬਾਰ ਵਿੱਚ ਵੀ ਲਗਾਈ ਗਈ।

Show More

Related Articles

Leave a Reply

Your email address will not be published. Required fields are marked *

Close