CanadaPunjab

ਆਪਣੇ ਲਈ ਹੈ ਹਰ ਕੋਈ ਜਿਉਂਦਾ, ਕਿਸੇ ਲਈ ਕੋਈ ਵਿਰਲਾ ਜੀਵੇ ਦੀ ਜਿਉਂਦੀ ਜਾਗਦੀ ਮਿਸਾਲ ਡਾ. ਨੌਰੰਗ ਸਿੰਘ ਮਾਂਗਟ

ਆਪਣੇ ਪਰਿਵਾਰ ਅਤੇ ਆਪਣੇ ਸੁੱਖ ਅਰਾਮ ਲਈ ਤਾਂ ਹਰ ਕੋਈ ਮਿਹਨਤ ਕਰਦਾ ਹੈ। ਪਰ ਇੱਕ ਸਖਸ਼ੀਅਤ ਹੈ ਡਾ. ਨੌਰੰਗ ਸਿੰਘ ਮਾਂਗਟ ਜਿਸ ਨੇ ਆਪਣਾ ਸੁੱਖ-ਅਰਾਮ ਤਿਆਗ ਕੇ ਭੁੱਖੇ ਪੇਟ ਰੁਲ਼ਦੇ ਬੇਘਰ ਲਾਵਾਰਸਾਂ-ਅਪਾਹਜਾਂ ਦੀ ਸੇਵਾ-ਸੰਭਾਲ ਕੀਤੀ ਜਿਹਨਾਂ ਦੀ ਬਦਬੂ ਮਾਰਦੀ ਹਾਲਤ ਦੇਖ ਕੇ ਆਮ ਵਿਅਕਤੀ ਉਹਨਾਂ ਦੇ ਨੇੜੇ ਨਹੀਂ ਢੁਕਦਾ। ਇਹਨਾਂ ਲੋਕਾਂ ਦੀ ਹਾਲਤ ਹੇਠ ਲਿਖੀਆਂ ਕਾਵਿ ਸਤਰਾਂ ਜਿਹੀ ਹੁੰਦੀ ਹੈ:

ਨਾ ਘਰ-ਬਾਰ,  ਨਾ ਪੱਲੇ ਦਮੜਾ,  ਨਾ ਕੋਈ ਲੈਂਦਾ ਸਾਰ । ਗਰਮੀ ਸਰਦੀ ਮੀਂਹ ਹਨੇਰੀ,  ਲਈ ਸੜਕਾਂ ਤੇ ਗੁਜ਼ਾਰ।
ਮੌਤ ਵੇਲੇ ਵੀ ਕੱਲਮ-ਕੱਲਾ, ਨਸੀਬ ਨਾ ਕੱਫ਼ਣ ਹੋਇਆ। ਲਾਸ਼ ਮੇਰੀ ਸੜਕਾਂ ਤੇ ਰੁਲ਼ ਗਈ, ਕੋਈ ਨਾ ਮੈਨੂੰ ਰੋਇਆ।

ਅਜਿਹੇ ਲੋੜਵੰਦਾਂ ਦੀ ਸੇਵਾ ਲਈ ਡਾ. ਮਾਂਗਟ ਨੇ ਕੈਨੇਡਾ ਤੋਂ ਲੁਧਿਆਣਾ ਜਾਕੇ 2004 ਵਿੱਚ “ਗੁਰੂ ਅਮਰ ਦਾਸ ਅਪਾਹਜ ਆਸ਼ਰਮ” ਚੈਰੀਟੇਬਲ ਸੰਸਥਾ ਰਜਿਸਟਰਡ ਕਰਵਾਈ । ਭਾਵੇਂ ਉਹ ਪੀ.ਏ.ਯੂ. ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ (ਕੈਨੇਡਾ), ਮੌਰੀਸਨ ਸਾਇੰਟਿਫਿਕ ਰੀਸਰਚ ਕੰਪਨੀ ਕੈਲਗਰੀ (ਕੈਨੇਡਾ) ਦੇ ਸਾਬਕਾ ਪ੍ਰੋਫ਼ੈਸਰ ਅਤੇ ਸਾਇੰਸਦਾਨ ਸਨ ਪਰ ਫਿਰ ਵੀ ਉਹਨਾਂ ਨੇ ੨੦੦੫ ਤੋਂ ੨੦੦੯ ਤੱਕ ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਇਕਲ ਤੇ ਫਿਰਕੇ ਸੜਕਾਂ ਕੰਢੇ ਅਤੇ ਹੋਰ ਥਾਵਾਂ ਤੇ ਪਏ ਲਾਵਾਰਸਾਂ-ਬਿਮਾਰਾਂ ਨੂੰ ਚੁੱਕ ਕੇ ਇਲਾਜ ਕਰਾਇਆ। ਸਾਇਕਲ ਤੇ ਫਿਰਦਿਆਂ ਜੇ ਕਦੇ ਗਰਮੀ ਜਾਂ ਸਰਦੀ ਸਤਾਉਂਦੀ ਸੀ ਤਾਂ ਇਹ ਸਤਰਾਂ ਬੋਲਕੇ ਮਨ ਨੂੰ ਦ੍ਰਿੜ ਕਰ ਲੈਂਦੇ ਸਨ:


ਤੁਰਿਆ ਚੱਲ ਫ਼ਕੀਰਾ, ਪਿੱਛੇ ਮੁੜ ਕੇ ਵੇਖੀਂ ਨਾ । ਗਰਮੀ, ਸਰਦੀ, ਦਿੱਕਤਾਂ ਅੱਗੇ, ਗੋਡੇ ਕਦੇ ਵੀ ਟੇਕੀ ਨਾ ।

ਸੰਸਥਾ ਦੀ ਕੋਈ ਆਪਣੀ ਜਗ੍ਹਾ ਨਾ ਹੋਣ ਕਰਕੇ ਇਹਨਾਂ ਬੇਘਰ-ਬਿਮਾਰਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਜਾਂ ਡਾਕਟਰ ਤੋਂ ਦਵਾਈ ਦਿਵਾਉਣ ਉਪਰੰਤ ਫਿਰ ਦੁਵਾਰਾ ਸੜਕ ਤੇ ਹੀ ਛੱਡਣਾ ਪੈਂਦਾ ਸੀ ਜਿਸ ਕਰਕੇ ਉਹਨਾਂ ਨੂੰ ਡਾਕਟਰਾਂ ਵੱਲੋਂ ਦੱਸੀ ਰੋਜ਼ਾਨਾ ਦਵਾਈ ਦੇਣ ਵਿੱਚ ਦਿੱਕਤ ਆਉਂਦੀ ਸੀ । ਇਸ ਲਈ ਸੰਨ2009ਵਿੱਚ ਸਰਾਭਾ ਪਿੰਡ ਤੋਂ ਸਹੌਲੀ ਨੂੰ ਜਾਣ ਵਾਲੇ ਕੱਚੇ ਰਸਤੇ ਤੇ ( ਜੋ ਹੁਣ ਪੱਕੀ ਸੜਕ ਹੈ)3000 ਗਜ਼ ਜਗ੍ਹਾ ਖਰੀਦ ਕੇ (ਹੁਣ ਦੋ ਏਕੜ ਦੇ ਕਰੀਬ ਹੈ) ਆਸ਼ਰਮ ਦੀ ਉਸਾਰੀ ਸ਼ੁਰੂ ਕੀਤੀ । ਹੁਣ ਇਸ ਤਿੰਨ ਮੰਜਲੇ ਆਸ਼ਰਮ ਵਿੱਚ ਸਮਾਜ ਵੱਲੋਂ ਨਕਾਰੇ ਅਤੇ ਠੁਕਰਾਏ ਹੋਏ125(ਸਵਾ ਸੌ)  ਦੇ ਕਰੀਬ ਲਾਵਾਰਸ, ਬੇਘਰ, ਅਪਾਹਜ, ਦਿਮਾਗੀ ਸੰਤੁਲਨ ਗੁਆ ਚੁੱਕੇ, ਨੇਤਰਹੀਣ, ਅਧਰੰਗ ਦੇ ਮਰੀਜ਼ ਅਤੇ ਹੋਰ ਗਰੀਬ ਬਿਮਾਰ ਲੋੜਵੰਦ ਰਹਿੰਦੇ ਹਨ । ਇਹਨਾਂ ਵਿੱਚੋਂ 35-40 ਦੇ ਕਰੀਬ ਲੋੜਵੰਦ ਅਜਿਹੇ ਹਨ ਜੋ ਉੱਠ-ਬੈਠ ਵੀ ਨਹੀਂ ਸਕਦੇ ਅਤੇ ਮਲ-ਮੂਤਰ ਵੀ ਕੱਪੜਿਆਂ ਵਿੱਚ ਹੀ ਕਰਦੇ ਹਨ । ਕਈ ਆਪਣਾ ਨਾਉਂ  ਅਤੇ ਆਪਣੇ ਵਾਰੇ ਕੁੱਝ ਵੀ ਨਹੀਂ ਦੱਸ ਸਕਦੇ । ਜ਼ਿਆਦਾ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਨੂੰ ਹਵਾਦਾਰ ਸ਼ੈਡਾਂ ਵਿੱਚ ਰੱਖਿਆ ਜਾਂਦਾ ਹੈ ।

ਆਸ਼ਰਮ ਵਿੱਚ ਰਹਿਣ ਵਾਲੇ ਸਾਰੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਇੱਕ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ । ਕਿਸੇ ਵੀ ਲੋੜਵੰਦ ਕੋਲੋਂ ਕੋਈ ਵੀ ਫ਼ੀਸ ਜਾਂ ਖਰਚਾ ਨਹੀਂ ਲਿਆ ਜਾਂਦਾ । ਜਿਹੜੇ ਲੋੜਵੰਦਾਂ ਦੀ ਆਸ਼ਰਮ ਵਿੱਚ ਰਹਿੰਦਿਆਂ ਮੌਤ ਹੋ ਜਾਂਦੀ ਹੈ ਉਹਨਾਂ ਦਾ ਅੰਤਮ ਸੰਸਕਾਰ ਵੀ ਆਸ਼ਰਮ ਵੱਲੋਂ ਹੀ ਕੀਤਾ ਜਾਂਦਾ ਹੈ । ਆਸ਼ਰਮ ਦਾ ਸਾਰਾ ਪ੍ਰਬੰਧ ਰਜਿ. ਚੈਰੀਟੇਬਲ ਟ੍ਰਸਟ ਦੇ ਅਧੀਨ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਦਾ ਹੈ ।

ਇਸ ਸੰਸਥਾ ਦੇ ਹੋਰ ਮੈਂਬਰ ਹਨ: ਸ. ਚਰਨ ਸਿੰਘ, ਡਾ. ਕਾਰਜ ਸਿੰਘ ਢਿੱਲੋਂ, ਸ. ਕੁਲਦੀਪ ਸਿੰਘ, ਸ. ਅਮਰਜੀਤ ਸਿੰਘ, ਬੀਬੀ ਹਰਿੰਦਰ ਕੌਰ ਅਤੇ ਮੇਜਰ ਸਿੰਘ ਜੋ ਕਿ ਆਸ਼ਰਮ ਦਾ ਪ੍ਰਬੰਧ ਚਲਾਉਣ ਵਿੱਚ ਡਾ. ਨੌਰੰਗ ਸਿੰਘ ਮਾਂਗਟ ਨੂੰ ਪੂਰਨ ਸਹਿਯੋਗ ਦਿੰਦੇ ਹਨ। ਡਾ. ਮਾਂਗਟ ਨਾਲ ਕੈਨੇਡਾ ਵਿੱਚ ਸੈੱਲ ਫੋਨ 403-401-878 ਤੇ ਜਾਂ ਇੰਡੀਆ ਵਿੱਚ95018-42505੫ ਤੇ ਸੰਪਰਕ ਕੀਤਾ ਜਾ ਸਕਦਾ  ਹੈ ।

ਦਲਜੀਤ ਸਿੰਘ ਰੰਧਾਵਾ- 99145-63300 

Show More

Related Articles

Leave a Reply

Your email address will not be published. Required fields are marked *

Close