International
ਚੀਨ : ਫੈਕਟਰੀ ‘ਚ ਧਮਾਕਾ, 7 ਲੋਕਾਂ ਦੀ ਮੌਤ
ਬੀਜਿੰਗ, ਚੀਨ ਦੇ ਜਿਆਂਗਸੂ ਸੂਬੇ ਵਿਚ ਐਤਵਾਰ ਸਵੇਰੇ ਇਕ ਫੈਕਟਰੀ ਵਿਚ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਕਰੀਬ 7 ਲੋਕਾਂ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹੋ ਗਏ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਕੁਨਸ਼ਾਨ ਕੰਪਰੀਹੈਸਿਵ ਟੈਕਸ ਫ੍ਰੀ ਜੋਨ ਵਿਚ ਧਮਾਕਾ ਸਵੇਰੇ 7:12 ‘ਤੇ ਹੈਂਡਲਿੰਗ ਪ੍ਰਿਸੀਜਨ ਮੇਟਲ ਕੰਪਨੀ ਕੰਪਲੈਕਸ ਦੇ ਖੁੱਲ੍ਹੇ ਖੇਤਰ ਵਿਚ ਹੋਇਆ।
ਰਿਪੋਰਟ ਮੁਤਾਬਕ ਕਬਾੜ ਨੂੰ ਰੱਖਣ ਵਾਲੇ ਧਾਤ ਦੇ ਕੰਟੇਨਰ ਵਿਚ ਧਮਾਕਾ ਹੋਇਆ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਿਆਂਗਸੂ ਵਿਚ 10 ਦਿਨਾਂ ਦੇ ਅੰਦਰ ਇਹ ਦੂਜਾ ਖਤਰਨਾਕ ਧਮਾਕਾ ਹੈ। ਇਸ ਤੋਂ ਪਹਿਲਾਂ ਯਾਨਚੇਂਗ ਸ਼ਹਿਰ ਵਿਚ 21 ਮਾਰਚ ਨੂੰ ਇਕ ਰਸਾਇਣਿਕ ਪਲਾਂਟ ਵਿਚ ਧਮਾਕਾ ਹੋਇਆ ਸੀ ਜਿਸ ਵਿਚ ਕਰੀਬ 78 ਲੋਕਾਂ ਦੀ ਮੌਤ ਹੋ ਗਈ ਸੀ।