Punjab

ਬੇਅਦਬੀ ਕਾਂਡ ’ਚ 5 ਡੇਰਾ ਪ੍ਰੇਮੀਆਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ

ਬਠਿੰਡਾ ਦੀ ਇੱਕ ਅਦਾਲਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਡੇਰਾ ਸੱਚਾ ਸੌਦਾ ਦੇ ਪੰਜ ਸ਼ਰਧਾਲੂਆਂ ਦੀਆਂ ਜ਼ਮਾਨਤ–ਅਰਜ਼ੀਆਂ ਰੱਦ ਕਰ ਦਿੱਤੀਆਂ। ਬੇਅਦਬੀ ਦੀ ਇਹ ਕਥਿਤ ਘਟਨਾ ਰਾਮਪੁਰਾ ਫੂਲ ਦੇ ਪਿੰਡ ਗੁਰੂਸਰ ਵਿਖੇ ਵਾਪਰੀ ਸੀ। ਮੁਲਜ਼ਮਾਂ ਬਲਜੀਤ ਸਿੰਘ, ਰਾਜਬੀਰ ਸਿੰਘ, ਸੁਖਮੰਦਰ ਸਿੰਘ, ਗੁਰਪਵਿੱਤਰ ਸਿੰਘ – ਸਾਰੇ ਨਿਵਾਸੀ ਭਗਤਾ ਭਾਈਕਾ ਤੇ ਦੀਪਕ ਕੁਮਾਰ ਨਿਵਾਸੀ ਮਲੋਟ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਨੂੰ ਨਵੰਬਰ 2018 ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇੱਕ ਹੋਰ ਮੁਲਜ਼ਮ ਜਤਿੰਦਰਬੀਰ ਅਰੋੜਾ ਉਰਫ਼ ਜਿੰਮੀ ਨਿਵਾਸੀ ਭਗਤਾ ਭਾਈਕਾ ਨੇ ਵੀ ਆਪਣੀ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ ਪਰ ਉਸ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਸੀ। ਚੇਤੇ ਰਹੇ ਕਿ ਫ਼ਰੀਦਕੋਟ ਜ਼ਿਲ੍ਹੇ ’ਚ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟਾ ਰਹੇ ਮੁਜ਼ਾਹਰਾਕਾਰੀਆਂ ਉੱਤੇ ਗੋਲੀਆਂ ਚਲਾਏ ਜਾਣ ਦੀ ਘਟਨਾ ਵਾਪਰਨ ਦੇ ਛੇ ਦਿਨਾਂ ਪਿੱਛੋਂ 20 ਅਕਤੂਬਰ, 2015 ਨੂੰ ਗੁਰੂਸਰ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 157 ਅੰਗ ਇੱਧਰ–ਉੱਧਰ ਖਿੰਡੇ ਪਏ ਮਿਲੇ ਸਨ। ਪਹਿਲਾਂ ਦਿਆਲਪੁਰਾ ਪੁਲਿਸ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਾਇਰ ਕੀਤਾ ਗਿਆ ਸੀ। ਬਰਗਾੜੀ ਤੇ ਗੁਰੂਸਰ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ SIT (Special Investigation Team) ਨੇ ਪਿਛਲੇ ਵਰ੍ਹੇ ਨਵੰਬਰ ਮਹੀਨੇ ਜਿੰਮੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਮਲੇਸ਼ੀਆ ’ਚ ਹਨੀਮੂਨ ਮਨਾ ਕੇ ਪਰਤਿਆ ਸੀ। ਬਾਕੀ ਮੁਲਜ਼ਮਾਂ ਦੇ ਨਾਂਅ ਇਸ ਮਾਮਲੇ ਵਿੱਚ ਬਾਅਦ ’ਚ ਸ਼ਾਮਲ ਕੀਤੇ ਗਏ ਸਨ ਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ ਸਨ। ਬਠਿੰਡਾ ਦੀ ਇੱਕ ਅਦਾਲਤ ਨੇ ਬੀਤੀ 4 ਫ਼ਰਵਰੀ ਨੂੰ ਤਿੰਨ ਮਾਮਲਿਆਂ ਵਿੱਚ ਡੇਰਾ ਪ੍ਰੇਮੀਆਂ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ। ਉਨ੍ਹਾਂ ਵਿੱਚੋਂ ਪੰਜ ਗੁਰੂਸਰ ਬੇਅਦਬੀ ਕਾਂਡ ਵਿੱਚ ਵੀ ਮੁਲਜ਼ਮ ਹਨ।

Show More

Related Articles

Leave a Reply

Your email address will not be published. Required fields are marked *

Close