Canada

ਕੈਨੇਡਾ: ਰੇਅਬੋਲਡ ਨੂੰ ਪੂਰੀ ਸੱਚਾਈ ਸਾਹਮਣੇ ਲਿਆਉਣ ਦਾ ਮੌਕਾ ਦੇਣ ਟਰੂਡੋ : ਸ਼ੀਅਰ

ਓਟਵਾ, ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਐਤਵਾਰ ਨੂੰ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜੋਡੀ ਵਿਲਸਨ ਰੇਅਬੋਲਡ ਪੂਰੀ ਸੱਚਾਈ ਸਾਹਮਣੇ ਲਿਆਉਣ ਦੇਣੀ ਚਾਹੀਦੀ ਹੈ ਤੇ ਕੈਬਨਿਟ ਛੱਡਣ ਦੇ ਆਪਣੇ ਫੈਸਲੇ ਬਾਰੇ ਖੁੱਲ੍ਹ ਕੇ ਬੋਲਣ ਦੇਣਾ ਚਾਹੀਦਾ ਹੈ। ਸ਼ੀਅਰ ਨੇ ਓਟਵਾ ਵਿੱਚ ਕੀਤੀ ਇਸ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਐਸਐਨਸੀ-ਲਾਵਾਲਿਨ ਵਿਵਾਦ ਨੇ ਟਰੂਡੋ ਦੇ ਆਫਿਸ ਵਿੱਚ ਨੈਤਿਕ ਤੇ ਇਖਲਾਕੀ ਸੰਕਟ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਵਿਲਸਨ ਰੇਅਬੋਲਡ ਦੀ ਹਮਾਇਤ ਲਈ ਆਨਲਾਈਨ ਮੁਹਿੰਮ ਵੀ ਚਲਾਈ ਜਾ ਰਹੀ ਹੈ। ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਦੀ ਨਿਆਂ ਕਮੇਟੀ ਦੇ ਐਮਪੀਜ਼ ਵੱਲੋਂ ਐਮਰਜੰਸੀ ਸੈਸ਼ਨ ਰੱਖਿਆ ਗਿਆ ਹੈ। ਵਿਲਸਨ ਰੇਅਬੋਲਡ ਪਹਿਲਾਂ ਹੀ ਇਹ ਸੰਕੇਤ ਦੇ ਚੁੱਕੀ ਹੈ ਕਿ ਉਹ ਇਸ ਮਾਮਲੇ ਵਿੱਚ ਹੋਰ ਰੋਸ਼ਨੀ ਪਾਉਣ ਲਈ ਨਿਆਂ ਕਮੇਟੀ ਸਾਹਮਣੇ ਮੁੜ ਪਰਤਣਾ ਚਾਹੁੰਦੀ ਹੈ।
ਸ਼ੀਅਰ ਨੇ ਆਖਿਆ ਕਿ ਕਮੇਟੀ ਵਿੱਚ ਮੌਜੂਦ ਲਿਬਰਲ ਐਮਪੀਜ਼ ਨੂੰ ਰੇਅਬੋਲਡ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਸਮਝਿਆ ਜਾਵੇਗਾ ਕਿ ਪ੍ਰਧਾਨ ਮੰਤਰੀ ਕੋਲ ਲੁਕਾਉਣ ਲਈ ਕੁੱਝ ਤਾਂ ਜ਼ਰੂਰ ਹੈ। ਸ਼ੀਅਰ ਨੇ ਆਖਿਆ ਕਿ ਪਹਿਲਾਂ ਤਾਂ ਕਮੇਟੀ ਵਿੱਚ ਮੌਜੂਦ ਲਿਬਰਲ ਐਮਪੀਜ਼ ਨੇ ਇਸ ਜਾਂਚ ਨੂੰ ਮਸ੍ਹਾਂ ਸ਼ੁਰੂ ਹੋਣ ਦਿੱਤਾ। ਫਿਰ ਟਰੂਡੋ ਨੇ ਕੈਨੇਡੀਅਨਾਂ ਦੇ ਦਬਾਅ ਅੱਗੇ ਝੁਕਦਿਆਂ ਅੰਸ਼ਕ ਤੌਰ ਉੱਤੇ ਰੇਅਬੋਲਡ ਨੂੰ ਗੱਲ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਆਖਿਆ ਕਿ ਉਮੀਦ ਹੈ ਕਿ ਇਸ ਮੁਹਿੰਮ ਨਾਲ ਵੀ ਟਰੂਡੋ ਉੱਤੇ ਦਬਾਅ ਬਣਾਇਆ ਜਾ ਸਕੇ ਤੇ ਰੇਅਬੋਲਡ ਨੂੰ ਇੱਕ ਵਾਰੀ ਫਿਰ ਆਪਣੀ ਪੂਰੀ ਗੱਲ ਰੱਖਣ ਦਾ ਮੌਕਾ ਮਿਲ ਸਕੇ। ਸ਼ੀਅਰ ਨੇ ਆਖਿਆ ਕਿ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਹੁਣ ਟਰੂਡੋ ਦਾ ਅਸਲੀ ਚਿਹਰਾ ਕੈਨੇਡੀਅਨਾਂ ਦੇ ਸਾਹਮਣੇ ਆ ਚੁੱਕਿਆ ਹੈ ਤੇ ਪ੍ਰਧਾਨ ਮੰਤਰੀ ਕੋਈ ਚੰਗੀ ਲੀਡਰਸਿ਼ਪ ਦਾ ਮੁਜ਼ਾਹਰਾ ਨਹੀਂ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close