Punjab

IG ਪਰਮਰਾਜ ਸਿੰਘ ਉਮਰਾਨੰਗਲ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ

ਇੰਸਪੈਕਟਰ ਜਨਰਲ ਆਫ਼ ਪੁਲਿਸ (IGP) ਪਰਮਰਾਜ ਸਿੰਘ ਉਮਰਾਨੰਗਲ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਹੁਣ ਉਨ੍ਹਾਂ ਨੂੰ ਅਕਤੂਬਰ 2015 ਦੌਰਾਨ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਮਾਮਲੇ ਵਿੱਚ SIT (Special Investigation Team – ਵਿਸ਼ੇਸ਼ ਜਾਂਚ ਟੀਮ) ਨੇ ਗ੍ਰਿਫ਼ਤਾਰ ਕੀਤਾ ਹੈ।
ਸ੍ਰੀ ਪਰਮਰਾਜ ਸਿੰਘ ਆਪਣੇ ਸਮੇਂ ਦੇ ਖ਼ਾਲਿਸਤਾਨ–ਵਿਰੋਧੀ ਅਕਾਲੀ ਆਗੂ ਸਵਰਗੀ ਜੀਵਨ ਸਿੰਘ ਉਮਰਾਨੰਗਲ ਦੇ ਪੋਤਰੇ ਹਨ। 1987 ’ਚ ਜਦੋਂ ਅੱਤਵਾਦੀਆਂ ਨੇ ਪਿਤਾ ਸੁਖਦੇਵ ਸਿੰਘ ਨੂੰ ਕਤਲ ਕਰ ਦਿੱਤਾ ਸੀ, ਤਦ ਤਰਸ ਦੇ ਆਧਾਰ ਉੱਤੇ ਪੰਜਾਬ ਸਰਕਾਰ ਨੇ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਸਿੱਧਾ ਡੀਐੱਸਪੀ ਭਰਤੀ ਕੀਤਾ ਗਿਆ ਸੀ। ਪਰਮਰਾਜ ਸਿੰਘ ਉਮਰਾਨੰਗਲ ਦੀ ਪਹੁੰਚ ਕੁਝ ਵਾਰ ਗ਼ੈਰ–ਗੰਭੀਰ ਵੇਖੀ ਗਈ ਹੈ ਤੇ ਇਸੇ ਲਈ ਉਹ ਵਿਵਾਦਾਂ ਵਿੱਚ ਵੀ ਫਸਦੇ ਵੇਖੇ ਗਏ ਹਨ। ਇਸ ਸਭ ਦੇ ਬਾਵਜੂਦ ਉਹ ਆਪਣੇ ਕਰੀਅਰ ਵਿੱਚ ਤਰੱਕੀ ਹੀ ਕਰਦੇ ਚਲੇ ਗਏ। ਸਾਲ 2015 ਦੌਰਾਨ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਨਸ਼ਿਆਂ ਦੇ ਕੌਮਾਂਤਰੀ ਸਮੱਗਲਰ ਰਾਜਾ ਕੰਦੋਲਾ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਦੀ ਜਾਂਚ ਕੀਤੀ ਸੀ ਪਰ ਬਾਅਦ ’ਚ ਉਨ੍ਹਾਂ ਨੂੰ ਸਾਫ਼ ਬਰੀ ਕਰ ਦਿੱਤਾ ਗਿਆ ਸੀ। ਸ੍ਰੀ ਉਮਰਾਨੰਗਲ ਨੂੰ ਭਾਵੇਂ ਉਨ੍ਹਾਂ ਦੇ ਪਿਤਾ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਸਮਝਿਆ ਜਾਂਦਾ ਰਿਹਾ ਸੀ ਪਰ ਉਹ ਸੱਤਾਧਾਰੀ ਕਾਂਗਰਸ ਪਾਰਟੀ ਦੇ ਵੀ ਬਹੁਤ ਸਾਰੇ ਆਗੂਆਂ ਦੇ ਨੇੜੇ ਰਹੇ ਦੱਸੇ ਜਾਂਦੇ ਹਨ। ਜਦੋਂ ਕੈਪਟਨ ਅਮਰਿੰਦਰ ਸਿੰਘ ਸਾਲ 2003 ’ਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ, ਤਦ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਸੀ। ਦਸੰਬਰ 2012 ’ਚ ਜਦੋਂ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਡੀਆਈਜੀ (ਅੰਮ੍ਰਿਤਸਰ ਬਾਰਡਰ ਰੇਂਜ) ਨਿਯੁਕਤ ਹੋਏ ਸਨ, ਤਦ ਇੱਕ ਅਕਾਲੀ ਵਰਕਰ ਵੱਲੋਂ ਕੀਤੇ ਇੱਕ ਏਐੱਸਆਈ ਰਵਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚ ਕਾਰਵਾਈ ਕਰਦਿਆਂ ਉਦੋਂ ਦੀ ਸ਼੍ਰੋਮਣੀ ਅਕਾਲੀ ਦਲ–ਭਾਜਪਾ ਗੱਠਜੋੜ ਸਰਕਾਰ ਨੇ ਸ੍ਰੀ ਉਮਰਾਨੰਗਲ ਨੂੰ ਮੁਅੱਤਲ ਕਰ ਦਿੱਤਾ ਸੀ। ਉਹ ਫ਼ਰਵਰੀ 2013 ’ਚ ਬਹਾਲ ਹੋ ਗਏ ਸਨ। ਅਕਤੂਬਰ 2012 ’ਚ ਉਹ ਡੀਆਈਜੀ (ਫ਼ਿਰੋਜ਼ਪੁਰ ਰੇਂਜ) ਨਿਯੁਕਤ ਹੋਏ ਸਨ, ਤਦ ਉਨ੍ਹਾਂ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਨੇ ਫ਼ਰੀਦਕੋਟ ਅਗ਼ਵਾ ਕਾਂਡ ਵਿੱਚ ਪੀੜਤ ਲੜਕੀ ਦੀਆਂ ਤਸਵੀਰਾਂ ਜੱਗ ਜ਼ਾਹਿਰ ਕਰ ਕੇ ਬਹੁਤ ਭਾਰੀ ਗ਼ਲਤੀ ਕਰ ਦਿੱਤੀ ਸੀ। ਦਰਅਸਲ, ਪੁਲਿਸ ਉਦੋਂ ਮੀਡੀਆ ਸਾਹਵੇਂ ਇਹ ਪੁਸ਼ਟੀ ਕਰਨਾ ਚਾਹੁੰਦੀ ਸੀ ਕਿ ਲੜਕੀ ਨੂੰ ਮੁੱਖ ਮੁਲਜ਼ਮ ਗੈਂਗਸਟਰ ਨਿਸ਼ਾਨ ਤੇ ਉਸ ਦੇ ਦੋਸਤਾਂ ਨੇ ਅਗ਼ਵਾ ਨਹੀਂ ਕੀਤਾ ਸੀ, ਸਗੋਂ ਉਸ ਨੇ ਆਪਣੀ ਮਰਜ਼ੀ ਨਾਲ ਉਸ ਗੈਂਗਸਟਰ ਨਾਲ ਵਿਆਹ ਰਚਾਇਆ ਸੀ। ਉਸ ਘਟਨਾ ਤੋਂ ਬਾਅਦ ਸ੍ਰੀ ਉਮਰਾਨੰਗਲ ਨੂੰ ਡੀਆਈਜੀ (ਬਾਰਡਰ ਰੇਂਜ) ਲਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 1994 ’ਚ ਜਦੋਂ ਉਹ ਰੋਪੜ ਦੇ ਡੀਐੱਸਪੀ ਸੀ, ਤਦ ਉਨ੍ਹਾਂ ਉੱਤੇ ਇੱਕ ਝੂਠੇ ਪੁਲਿਸ ਮੁਕਾਬਲੇ ਦੌਰਾਨ ਸੁਖਪਾਲ ਸਿੰਘ ਨੂੰ ਮਾਰਨ ਦੇ ਇਲਜ਼ਾਮ ਲੱਗੇ ਸਨ। ਸੁਖਪਾਲ ਸਿੰਘ ਦੀ ਵਿਧਵਾ ਦਲਬੀਰ ਕੌਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਅਫ਼ਗ਼ਾਨਾ ਦੀ ਵਸਨੀਕ ਹੈ। ਉਹ ਜੂਨ 2013 ਦੌਰਾਨ ਅਦਾਲਤ ’ਚ ਚਲੀ ਗਈ ਸੀ ਤੇ ਉਸ ਸਨੇ ਕਥਿਤ ਝੂਠੇ ਮੁਕਾਬਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਆਪਣਾ ਰਾਹ–ਦਿਸੇਰਾ ਮੰਨਦੇ ਹਨ। 14 ਅਕਤੂਬਰ, 2015 ਨੂੰ, ਜਿਸ ਦਿਨ ਪੁਲਿਸ ਨੇ ਕੋਟਕਪੂਰਾ ’ਚ ਬੇਅਦਬੀਆਂ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਸਿੱਖਾਂ ਉੱਤੇ ਗੋਲੀਆਂ ਚਲਾਈਆਂ ਸਨ; ਤਦ ਸ੍ਰੀ ਉਮਰਾਨੰਗਲ ਨੂੰ ਹਾਲਾਤ ਨਾਲ ਨਿਪਟਣ ਲਈ ਕੋਟਕਪੂਰਾ ਭੇਜਿਆ ਗਿਆ ਸੀ। ਤਦ ਉਹ ਲੁਧਿਆਣਾ ਦੇ ਕਮਿਸ਼ਨਰ ਸਨ ਤੇ ਉਸੇ ਦਿਨ ਪੁਲਿਸ ਨੇ ਮੁਜ਼ਾਹਰਾਕਾਰੀਆਂ ਉੱਤੇ ਲਾਠੀਚਾਰਜ ਕੀਤਾ ਸੀ। ਭਾਵੇਂ ਵਿਸ਼ੇਸ਼ ਜਾਂਚ ਟੀਮ ਦਾ ਦਾਅਵਾ ਹੈ ਕਿ ਉਸ ਦਿਨ ਕੋਟਕਪੂਰਾ ਵਿਖੇ ਪੁਲਿਸ ਦੀ ਕਮਾਂਡ ਸ੍ਰੀ ਉਮਰਾਨੰਗਲ ਕੋਲ ਸੀ ਤੇ ਉਨ੍ਹਾਂ ਨੇ ਹੀ ਸ਼ਾਂਤੀਪੂਰਨ ਰੋਸ ਮੁਜ਼ਾਹਰਾਕਾਰੀਆਂ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਸਨ। ਉਂਝ ਸ੍ਰੀ ਉਮਰਾਨੰਗਲ ਇਹ ਵੀ ਆਖ ਚੁੱਕੇ ਹਨ ਕਿ ਉਸ ਵੇਲੇ ਉੱਥੇ ਸਿਰਫ਼ ਉਹੀ ਸੀਨੀਅਰ ਪੁਲਿਸ ਅਧਿਕਾਰੀ ਨਹੀਂ ਸਨ, ਕੁਝ ਹੋਰ ਵੀ ਉੱਚ ਅਫ਼ਸਰ ਉੱਥੇ ਮੌਜੂਦ ਸਨ। ਪੁਲਿਸ ਵਿਭਾਗ ਦੇ ਬਹੁਤ ਸਾਰੇ ਅਧਿਕਾਰੀਆਂ ਤੇ ਜਵਾਨਾਂ ਦਾ ਕਹਿਣਾ ਹੈ ਕਿ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਨੇ ਤਾਂ 14 ਅਕਤੂਬਰ, 2015 ਨੂੰ ਸਿਰਫ਼ ਆਪਣੀ ਡਿਊਟੀ ਨਿਭਾਈ ਸੀ ਪਰ ਉਸ ਡਿਊਟੀ ਕਾਰਨ ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਇਸ ਨਾਲ ਪੁਲਿਸ ਬਲ ਸੁੰਨ ਹੋ ਕੇ ਰਹਿ ਗਿਆ ਹੈ। ਇਸ ਨਾਲ ਅਧਿਕਾਰੀਆਂ ਵਿੱਚ ਡਰ ਬੈਠ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਆਪਣੀ ਗ੍ਰਿਫ਼ਤਾਰ ਉੱਤੇ ਰੋਕ ਲਗਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਾਖ਼ਲ ਕੀਤੀ ਸੀ ਤੇ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋਣੀ ਤੈਅ ਸੀ। ਉਨ੍ਹਾਂ ਨੂੰ ਕਾਨੂੰਨੀ ਮਾਹਿਰਾਂ ਨੇ ਇਹ ਸਲਾਹ ਵੀ ਦਿੱਤੀ ਸੀ ਕਿ ਉਹ ਤਦ ਤੱਕ ਲੁਕੇ ਰਹਿਣ ਪਰ ਸੋਮਵਾਰ ਨੂੰ ਜਦੋਂ ਉਹ ਪੁਲਿਸ ਹੈੱਡਕੁਆਰਟਰਜ਼ ਪੁੱਜੇ, ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Show More

Related Articles

Leave a Reply

Your email address will not be published. Required fields are marked *

Close