International

ਮਹਿੰਗਾਈ ਨੂੰ ਠੱਲ ਪਾਉਣ ਲਈ ਕਦਮ ਚੁੱਕੇ ਜਾਣਗੇ-ਜੋ ਬਾਈਡਨ

ਰਾਸ਼ਟਰਪਤੀ ਵੱਲੋਂ ਫੈਡਰਲ ਰਿਜ਼ਰਵ ਦੇ ਚੇਅਰਮੈਨ ਨਾਲ ਵਿਚਾਰ ਵਟਾਂਦਰਾ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਮੁਦਰਾ ਸਫੀਤੀ ਦੀ ਦਰ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਸਿਖਰ ‘ਤੇ ਪੁੱਜ ਜਾਣ ਦਰਮਿਆਨ ਰਾਸ਼ਟਰਪਤੀ ਜੋ ਬਾਈਡਨ ਨੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵਲ ਨਾਲ ਵਿਚਾਰ ਵਟਾਂਦਰਾ ਕੀਤਾ ਜਿਸ ਦਰਮਿਆਨ ਉਨਾਂ ਨੇ ਮਹਿੰਗਾਈ ਨੂੰ ਠੱਲ ਪਾਉਣ ਲਈ ਕਦਮ ਚੁੱਕਣ ਉਪਰ ਜੋਰ ਦਿੱਤਾ। ਰਾਸ਼ਟਰਪਤੀ ਨੇ ਚੇਅਰਮੈਨ ਨਾਲ ਵਾਅਦਾ ਕੀਤਾ ਕਿ ਵਧ ਰਹੀਆਂ ਕੀਮਤਾਂ ਨਾਲ ਨਜਿੱਠਣ ਲਈ ਉਹ ਉਨਾਂ ਨਾਲ ਸਹਿਯੋਗ ਕਰਨਗੇ। ਕਿਰਤ ਵਿਭਾਗ ਅਨੁਸਾਰ ਅਪ੍ਰੈਲ ਵਿਚ ਖਪਤਕਾਰ ਕੀਮਤ ਸੂਚਕ ਅੰਕ ਵਿਚ ਸਲਾਨਾ 8.3% ਦਾ ਵਾਧਾ ਹੋਇਆ ਸੀ ਜੋ ਕਿ ਮਾਰਚ ਦੇ ਸੂਚਕ ਅੰਕ 8.5% ਨਾਲੋਂ ਮਾਮੂਲੀ ਘੱਟ ਹੈ। ਇਸ ਦਾ ਕਾਰਨ ਤੇਲ ਦੀ ਕੀਮਤ ਵਿਚ ਕਮੀ ਆਉਣਾ ਸੀ ਜਦ ਕਿ ਖਾਣ ਪੀਣ ਦੇ ਸਮਾਨ, ਕਿਰਾਏ ਤੇ ਹੋਰ ਲਾਗਤਾਂ ਵਿਚ ਨਿਰੰਤਰ ਵਾਧਾ ਹੋਇਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮਹਿੰਗਾਈ ਨਾਲ ਨਜਿੱਠਣ ਲਈ ਮੇਰੀ ਯੋਜਨਾ ਸਧਾਰਨ ਹੈ ਕਿ ਫੈਡਰਲ ਰਿਜ਼ਰਵ ਦੀ ਆਜ਼ਾਦੀ ਦਾ ਸਨਮਾਨ ਕਰਨਾ। ਫੈਡਰਲ ਰਿਜ਼ਰਵ ਕਾਂਗਰਸ ਵੱਲੋਂ ਬਣਾਈ ਗਈ ਆਜ਼ਾਦ ਏਜੰਸੀ ਹੈ ਹਾਲਾਂ ਕਿ ਫੈਡਰਲ ਰਿਜ਼ਰਵ ਦੇ ਚੇਅਰਮੈਨ ਸਮੇਤ ਇਸ ਦੇ ਬੋਰਡ ਆਫ ਗਵਰਨਰਜ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਫੈਡਰਲ ਰਿਜ਼ਰਵ ਨੇ ਪਿਛਲੇ ਮਹੀਨੇ ਦੇ ਸ਼ੁਰੂ ਵਿਚ ਥੋਹੜੀ ਮਿਆਦ ਦੀ ਵਿਆਜ਼ ਦਰ ਵਿਚ ਅੱਧਾ ਪ੍ਰਤੀਸ਼ਤ ਵਾਧਾ ਕਰ ਦਿੱਤਾ ਸੀ। ਕੁਝ ਅਰਥਸ਼ਾਸ਼ਤਰੀਆਂ ਨੂੰ ਮੰਦੇ ਦੇ ਜੋਖਮ ਦਾ ਡਰ ਹੈ ਕਿਉਂਕਿ ਉੱਚ ਵਿਆਜ਼ ਦਰਾਂ ਖਪਤਕਾਰਾਂ ਨੂੰ ਆਪਣੇ ਖਰਚ ਘਟਾਉਣ ਲਈ ਮਜਬੂਰ ਕਰਦੀਆਂ ਹਨ। ਇਸ ਦਰਮਿਆਨ ਬਾਈਡਨ ਦੀ  ਨੈਸ਼ਨਲ ਇਕਨਾਮਿਕ ਕੌਂਸਲ ਦੇ ਡਾਇਰੈਕਟਰ ਬਰੀਅਨ ਡੀਸੇ ਨੇ ਕਿਹਾ ਹੈ ਕਿ ਅਮਰੀਕਾ ਵਿਲਖਣ ਤੌਰ ‘ਤੇ ਵਧੀਆ ਸਥਿੱਤੀ ਵਿਚ ਹੈ। ਇਸ ਲਈ ਮਹਿੰਗਾਈ ਨਾਲ ਨਜਿੱਠਦੇ ਸਮੇ ਨਵੀਆਂ ਪੈਦਾ ਕੀਤੀਆਂ ਨੌਕਰੀਆਂ ਉਪਰ ਕੋਈ ਅਸਰ ਨਹੀਂ ਪਵੇਗਾ। ਉਨਾਂ ਕਿਹਾ ਅਪ੍ਰੈਲ ਵਿਚ ਬੇਰੁਜ਼ਗਾਰੀ ਦਰ ਵਿਚ 3.6% ਦੀ ਕਮੀ ਹੋਈ ਹੈ। ਉਨਾਂ ਕਿਹਾ ਕਿ ਅਸਲ ਵਿਚ ਅਸੀਂ ਪ੍ਰਾਪਤੀਆਂ ਦੀ ਕੁਰਬਾਨੀ ਕੀਤੇ ਬਿਨਾਂ ਮਹਿੰਗਾਈ ਉਪਰ ਕਾਬੂ ਪਾ ਸਕਦੇ ਹਾਂ।

Show More

Related Articles

Leave a Reply

Your email address will not be published. Required fields are marked *

Close