National

ਭਾਈ ਭੁੱਲਰ ਦੀ ਰਿਹਾਈ ਵਾਸਤੇ ਅਵਾਜ਼ ਚੁੱਕਣ ਵਾਲੇ ਵਧਾਈ ਦੇ ਪਾਤਰ : ਜੀਕੇ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ ਬੁਲਾਉਣ ਲਈ ਦਿੱਲੀ ਦੇ ਗ੍ਰਹਿ ਸਕੱਤਰ ਨੂੰ ਦਿੱਤੇ ਗਏ ਆਦੇਸ਼ ਦਾ ਜਾਗੋ ਪਾਰਟੀ ਨੇ ਸਵਾਗਤ ਕੀਤਾ ਹੈ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਭੁੱਲਰ ਦੀ 26 ਸਾਲ ਬਾਅਦ ਹੋਣ ਜਾ ਰਹੀ ਰਿਹਾਈ ਵਾਸਤੇ ਅਵਾਜ਼ ਚੁੱਕਣ ਵਾਲੇ ਸਾਰੇ ਸ਼ਖਸ ਵਧਾਈ ਦੇ ਪਾਤਰ ਹਨ। ਦਰਅਸਲ ਭੁੱਲਰ ਸਾਹਿਬ ਸਿਸਟਮ ਦੇ ਸ਼ਿਕਾਰ ਨੌਜਵਾਨ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਸਨ। ਪਰ ਸਿਸਟਮ ਨੇ ਕਾਨੂੰਨੀ ਪ੍ਰਕਿਰਿਆ ਦੀ ਖਾਮੀਆਂ ਦਾ ਫਾਇਦਾ ਚੁੱਕ ਕੇ ਭੁੱਲਰ ਸਾਹਿਬ ਨੂੰ ਤਾਂ ਅਤਵਾਦੀ ਗਰਦਾਨ ਦਿੱਤਾ ਪਰ ਭੁੱਲਰ ਪਰਿਵਾਰ ‘ਤੇ ਜ਼ੁਲਮ ਕਰਨ ਵਾਲੇ ਸੁਮੇਧ ਸੈਣੀ ਵਰਗੇ ਪੁਲਿਸ ਅਧਿਕਾਰੀ ਨੂੰ ਬਾਦਲ ਸਰਕਾਰ ਨੇ ਸੂਬੇ ਦਾ ਪੁਲਿਸ ਮੁਖੀ ਥਾਪ ਦਿੱਤਾ।
ਜੀਕੇ ਨੇ ਕਿਹਾ ਕਿ 2014 ਵਿੱਚ ਕੇਜਰੀਵਾਲ ਨੇ ਭੁੱਲਰ ਸਾਹਿਬ ਦੀ ਰਿਹਾਈ ਲਈ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਸੀ ਪਰ ਹੁਣ ਤੱਕ ਇਸਦੇ ਸਾਥੀ ਦਾਅਵਾ ਕਰਦੇ ਸਨ ਕੀ ਭੁੱਲਰ ਸਾਹਿਬ ਦੀ ਰਿਹਾਈ ਕੇਂਦਰ ਸਰਕਾਰ ਦੇ ਹੱਥ ਹੈਂ। ਪਰ ਕਲ ਕੇਜਰੀਵਾਲ ਨੇ ਮੰਨ ਲਿਆ ਹੈ ਕਿ ਰਿਹਾਈ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਦੇ ਅਧੀਨ ਹੈ। ਜਿਸ ਸੰਬੰਧੀ ਬੀਤੇ ਦਿਨੀਂ ਰਿਹਾਈ ਮੋਰਚੇ ਦੇ ਆਗੂਆਂ ਵੱਲੋਂ ਵੀ ਖੁਲਾਸਾ ਕਰਕੇ ਦਾਅਵਾ ਕੀਤਾ ਗਿਆ ਸੀ। ਜੀਕੇ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ ਭੁੱਲਰ ਸਾਹਿਬ ਦੀ ਰਿਹਾਈ ਲਈ ਕੌਮ ਇਕੱਠੀ ਹੋਈ ਹੈ, ਉਸੇ ਤਰ੍ਹਾਂ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਮਿਲ ਕੇ ਲੜਾਈ ਲੜ੍ਹਨ ਦੀ ਲੋੜ ਹੈ। ਜੀਕੇ ਨੇ ਜਾਗੋ ਪਾਰਟੀ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਮੁਹਿੰਮ ਨੂੰ ਹੁਲਾਰਾ ਦੇਣ ਦਾ ਐਲਾਨ ਕਰਦੇ ਹੋਏ ਬਾਦਲ ਦਲ ਵੱਲੋਂ ਸ਼ਿਵ ਸੈਨਾ (ਹਿੰਦੁਸਤਾਨ) ਨਾਲ ਕੀਤੇ ਗਏ ਗਠਜੋੜ ਨੂੰ ਨਾਪਾਕੁ ਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਾਰ ਦਿੱਤਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖਾਲਸਾ, ਮਹਿੰਦਰ ਸਿੰਘ ਸਣੇ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ ਮੌਜੂਦ ਸਨ।

 

Show More

Related Articles

Leave a Reply

Your email address will not be published. Required fields are marked *

Close