Canada

23ਵਾਂ ਗਦਰੀ ਬਾਬਿਆਂ ਦਾ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਪੰਜਾਬੀ ਇੰਡੋ ਫੈਸਟ ਗਦਰੀ ਮੇਲਾ ਫਾਉਂਡੇਸ਼ਨ ਵੱਲੋਂ 23ਵਾਂ ਗਦਰੀ ਬਾਬਿਆਂ ਦਾ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੁਪਰ ਕਾਮਯਾਬ ਰਿਹਾ। ਮੇਲੇ ਵਿਚ ਵੱਡੀ ਗਿਣਤੀ ’ਚ ਲੋਕਾਂ ਦਾ ਇਕੱਠ ਤਿੰਨੋਂ ਦਿਨ ਦੇਖਣ ਨੂੰ ਮਿਲਿਆ। ਮੇਲੇ ਦੇ ਬਾਨੀ ਅਤੇ ਅਦਾਰਾ ਦੇਸ ਪੰਜਾਬ ਟਾਈਮਜ਼ ਦੇ ਮੁੱਖ ਸੰਪਾਦਕ ਸ. ਬ੍ਰਹਮ ਪ੍ਰਕਾਸ਼ ਲੁੱਡੂ ਨੇ ਮੇਲੇ ਦੀ ਕਾਮਯਾਬੀ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਹੀ ਮੈਂਬਰਾਂ, ਸਪੋਰਟਰਾਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਅੱਗੇ ਵੀ ਇਸੇ ਤਰ੍ਹਾਂ ਇਸ ਮੇਲੇ ਨੂੰ ਸਪੋਰਟ ਮਿਲਦੀ ਰਹੇਗੀ। ਉਨ੍ਹਾਂ ਦੱਸਿਆ ਕਿ 4 ਅਗਸਤ ਦਿਨ ਸ਼ੁੱਕਰਵਾਰ ਨੂੰ ਮਹਾਨ ਕਵੀ ਦਰਬਾਰ ਦੇ ਨਾਲ ਮੇਲੇ ਦੀ ਸ਼ੁਰੂਆਤ ਹੋਈ ਜਿਸ ਵਿਚ ਵੱਡੀ ਗਿਣਤੀ ’ਚ ਕਵੀਆਂ ਨੇ ਹਿੱਸਾ ਲਿਆ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਦੇ ਨਾਲ ਗਦਰੀ ਯੌਧਿਆਂ ਦੀ ਸ਼ਹਾਦਤ ਨੂੰ ਸਲਾਮ ਕੀਤਾ। ਦੂਜੇ ਦਿਨ ਮੇਲਾ ਮਾਵਾਂ ਧੀਆਂ ਦਾ 5 ਅਗਸਤ ਦਿਨ ਸ਼ਨੀਵਾਰ ਨੂੰ ਪ੍ਰੇਰੀ ਵਿੰਡ ਗਰਾਉਂਡ ਵਿਚ ਹੋਇਆ ਜਿਸ ਵਿਚ ਕਈ ਪੰਜਾਬੀ ਗਾਇਕਾਂ ਨੇ ਰੰਗ ਬੰਨਿਆਂ। ਮੇਲੇ ਦੇ ਆਖਰੀ ਦਿਨ ‘ਖੁੱਲ੍ਹਾ ਅਖਾੜਾ’ ਲਗਾਇਆ ਗਿਆ ਜਿਸ ਵਿਚ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ, ਕਰਮਜੀਤ ਅਨਮੋਲ ਤੋਂ ਇਲਾਵਾ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਹਾਜ਼ਰੀ ਲਵਾਈ। ਦਰਸ਼ਕਾਂ ਦੇ ਨਾਲ ਖਚਾਖਚ ਭਰੇ ਪ੍ਰੇਰੀ ਵਿੰਡ ਪਾਰਕ ’ਚ ਲੋਕਾਂ ਨੇ ਖੁੱਲ੍ਹੇ ਅਖਾੜੇ ਦਾ ਆਨੰਦ ਮਾਣਿਆ ਅਤੇ ਗੀਤਾਂ ’ਤੇ ਭੰਗੜੇ ਵੀ ਪਾਏ। ਇਸ ਮੇਲੇ ’ਚ ਕਈ ਲੱਕੀ ਡਰਾਅ ਵੀ ਕੱਢੇ ਗਏ ਜਿਨ੍ਹਾਂ ਦੇ ਜੇਤੂਆਂ ਨੂੰ ਹਜ਼ਾਰਾ ਡਾਲਰਾਂ ਦੇ ਇਨਾਮ ਵੰਡੇ ਗਏ। ਮੇਲੇ ’ਚ ਭਾਈ ਵੀਰ ਸਿੰਘ ਐਵਾਰਡ ਮੇਅਰ ਜੋਤੀ ਗੋਂਡੇਕ ਨੂੰ ਦਿੱਤਾ ਗਿਆ। ਹੈਰੀ ਸੋਹਲ ਐਵਾਰਡ ਪੰਜਾਬੀ ਐਮ. ਐਲ. ਏ ਅਤੇ ਮਨਿਸਟਰ ਰਾਜਨ ਸਾਹਨੀ ਨੂੰ ਦਿੱਤਾ ਗਿਆ। ਭਾਈ ਵੀਰ ਸਿੰਘ ਐਵਾਰਡ ਕੈਲਗਰੀ ਦੀ ਪ੍ਰਸਿੱਧ ਕਵੀ ਗੁਰਚਰਨ ਕੌਰ ਥਿੰਦ ਨੂੰ ਦਿੱਤਾ ਗਿਆ ਅਤੇ ਵਲੰਟੀਅਰ ਐਵਾਰਡ ਦੇ ਨਾਲ ਇੰਦੂ ਗਾਬਾ ਨੂੰ ਸਨਮਾਨਤ ਕੀਤਾ ਗਿਆ। ਇਸ ਵਾਰ ਸਿੱਖਿਆ ਦੇ ਖੇਤਰ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀ ਸਹਿਜ ਵੀਰ ਸਿੰਘ ਭੱਟੀ ਨੂੰ ਸ਼ਹੀਦ ਮੇਵਾ ਸਿੰਘ ਲੋਪੋਕੇ ਐਜੂਕੇਸ਼ਨਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਮੇਲੇ ਵਿਚ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸ਼ਖਸੀਅਤਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਸ. ਬ੍ਰਹਮ ਪ੍ਰਕਾਸ਼ ਲੁੱਡੂ ਨੇ ਕਿਹਾ ਕਿ ਪਿਛਲੇ 23 ਸਾਲਾਂ ਤੋਂ ਲਗਾਤਾਰ ਮੇਲਾ ਕਰਵਾਉਣ ਵਿਚ ਸਾਡੀ ਸਮੁੱਚੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਹੈ ਜਿਸ ਲਈ ਮੈਂ ਸਮੁੱਚੀ ਟੀਮ ਦਾ ਵੀ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਇਹ ਸਾਨੂੰ ਸਹਿਯੋਗ ਮਿਲਦਾ ਰਹੇਗਾ। ਮੇਲੇ ਨੂੰ ਲੈ ਕੇ ਆਪਣੇ ਫੀਡਬੈਕ ਦੇਣ ਲਈ 403-827-9293 or punjabiindofest@gmail.com  ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close