Canada

ਗਦਰੀ ਯੋਧੇ ਸ਼ਹੀਦ ਭਾਈ ਰਾਮ ਸਿੰਘ ਧੁਲੇਤਾ ਦੇ ਸ਼ਹੀਦੀ ਦਿਹਾੜੇ ‘ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਸਮਾਗਮ

ਸਰੀ ਡੈਲਟਾ : ਗ਼ਦਰ ਦੇ ਲਹਿਰ ਦੇ ਯੋਧੇ ਸ਼ਹੀਦ ਭਾਈ ਰਾਮ ਸਿੰਘ ਧੁਲੇਤਾ ਦੇ ਸ਼ਹੀਦੀ ਦਿਨ ‘ਤੇ ਅੱਜ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਸ਼ਹੀਦੀ ਸਮਾਗਮ ਸਜਾਏ ਗਏ। ਇਸ ਮੌਕੇ ‘ਤੇ ਬੁਲਾਰੇ ਵਜੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਭਾਈ ਰਾਮ ਸਿੰਘ ਧੁਲੇਤਾ ਕੈਨੇਡਾ ਦੇ ਮੋਢੀ ਸਿੱਖਾਂ ਵਿਚੋਂਤੇ ਗਦਰੀ ਬਾਬਿਆਂ ਵਿਚੋਂ ਪ੍ਰਮੁੱਖ ਸਨ। ਭਾਈ ਰਾਮ ਸਿੰਘ ਧੁਲੇਤਾ ਦਾ ਜਨਮ ਸੰਨ 1886 ਵਿੱਚ ਗੁਰਾਇਆ ਨੇੜੇ ਪੈਂਦੇ ਪਿੰਡ ਧਲੇਤਾ ਵਿਖੇ ਹੋਇਆ। ਆਪ ਮਿਹਨਤ ਮੁਸ਼ੱਕਤ ਕਰਨ ਲਈ ਸੰਨ 1907 ਵਿੱਚ ਵੈਨਕੂਵਰ ਆਏ। ਇੱਥੇ ਆ ਕੇ ਆਪਣੇ ਰੀਅਲ ਅਸਟੇਟ ਦੇ ਖੇਤਰ ਵਿੱਚ ਚੋਖੀ ਜਾਇਦਾਦ ਬਣਾਈ, ਜਿਸ ਦੀ ਕੀਮਤ ਸਵਾ ਲੱਖ ਡਾਲਰ ਤੋਂ ਵੱਧ ਬਣਦੀ ਸੀ। ਇਸ ਦੇ ਨਾਲ-ਨਾਲ ਆਪਦੇ ਅੰਦਰ ਮਨੁੱਖੀ ਹੱਕਾਂ, ਆਜ਼ਾਦੀ ਲਈ ਸੰਘਰਸ਼, ਨਸਲਵਾਦ ਖਿਲਾਫ ਸੋਚ ਅਤੇ ਬਸਤੀਵਾਦ ਵਿਰੋਧੀ ਦ੍ਰਿੜ ਇਰਾਦਾ ਮਜ਼ਬੂਤ ਸੀ। ਇਸੇ ਕਾਰਨ ਆਪ ਨੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ ਤੋਂ ਲੈ ਕੇ ਗਦਰ ਪਾਰਟੀ ਤੱਕ ਦੇ ਹਰ ਖੇਤਰ ਵਿੱਚ ਚੋਖਾ ਦਾਨੀ ਸਹਿਯੋਗ ਪਾਇਆ।
      ਜਿਸ ਵੇਲੇ ਐਬਟਸਫੋਰਡ ਦਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਬਣਿਆ, ਤਾਂ ਉਸ ਵਿੱਚ ਭਾਈ ਰਾਮ ਸਿੰਘ ਧੁਲੇਤਾ ਨੇ ਵੱਡਾ ਸਹਿਯੋਗ ਦਿੱਤਾ, ਜਦ ਕਿ ਗੁਰੂ ਨਾਨਕ ਜਹਾਜ਼ ਵਾਸਤੇ ਕੈਨੇਡਾ ‘ਚ ਹੋਏ ਫੰਡ ਇਕੱਤਰਤਾ ਵਿੱਚ ਵੀ ਆਪਣੇ ਸਭ ਤੋਂ ਵੱਧ ਸਹਿਯੋਗ ਪਾਇਆ। ਇਸੇ ਕਾਰਨ ਆਪ ਜੀ ਨੂੰ ‘ਕੈਨੇਡਾ ਦੇ ਮਹਾਂਦਾਨੀ ਸਿੱਖ’ ਵਜੋਂ ਜਾਣਿਆ ਜਾਂਦਾ ਸੀ। ਆਜ਼ਾਦੀ ਲਈ ਕੈਨੇਡਾ ਤੋਂ ਰਵਾਨਾ ਹੋਣ ਲੱਗਿਆਂ ਆਪ ਨੇ ਕੈਨੇਡਾ ਵਿਚਲੀ ਜ਼ਮੀਨ ਜਾਇਦਾਦ ਕੌਮ ਲਈ ਭੇਟਾ ਦਿੱਤੀ। ਆਪ ਨੇ ਆਪਣੀ ਅਮਰੀਕਾ ਵਿਖੇ ਜਾਇਦਾਦ ਗਦਰ ਪਾਰਟੀ ਨੂੰ ਦਾਨ ਕੀਤੀ। ਗ਼ਦਰੀਆਂ ਦੇ ਅਮਰੀਕਾ ਤੋਂ ਪੰਜਾਬ ਵਿਚ ਚਲੇ ਜਾਣ ਮਗਰੋਂ ਗਦਰ ਅਖਬਾਰ ਦੇ ਧੱਕੇ ਨਾਲ ਸੰਪਾਦਕ ਪੰਡਿਤ ਰਾਮਚੰਦਰ ਪੇਸ਼ਾਵਰੀ, ਜੋ ਕਿ ਲਾਲਾ ਹਰਦਿਆਲ ਦਾ ਚੇਲਾ ਸੀ, ਬ੍ਰਿਟਿਸ਼ ਹਕੂਮਤ ਨਾਲ ਮਿਲ ਕੇ ਬਾਗੀ ਗਦਰੀਆਂ ਖਿਲਾਫ ਚਾਲ ਖੇਡ ਰਿਹਾ ਸੀ ਅਤੇ ਗਦਰੀ ਯੋਧਿਆਂ ਦੀ ਸਾਂਝੀ ਵਿਰਾਸਤ ਨੂੰ ਫਿਰਕੂ ਰੰਗਤ ਦੇ ਰਿਹਾ ਸੀ। ਅਖ਼ਬਾਰ ਤੇ ਕਬਜ਼ਾ ਕਰਕੇ ਭ੍ਰਿਸ਼ਟਾਚਾਰ ਫੈਲਾ ਰਿਹਾ ਸੀ। ਉਸਦਾ ਸੋਧਾ ਭਾਈ ਰਾਮ ਸਿੰਘ ਧੁਲੇਤਾ ਨੇ ਲਾਇਆ ਸੀ। ਗਦਰੀ ਯੋਧਿਆਂ ਦੇ ਬਾਬਤ ਸਾਨ ਫਰਾਂਸਿਸਕੋ ਦੀ ਅਦਾਲਤ ਵਿੱਚ ਚੱਲ ਰਹੇ ‘ਹਿੰਦ ਜਰਮਨ ਬਗਾਵਤੀ ਕੇਸ’ ਵਿੱਚ ਆਪਣਿਆਂ ਨਾਲ ਗ਼ਦਾਰੀ ਕਰਕੇ ਗੋਰਾ ਸ਼ਾਹੀ ਸਰਕਾਰ ਨਾਲ ਰਲੇ ਗ਼ਦਾਰ ਰਾਮ ਚੰਦਰ, ਜਿਸਨੇ ਗ਼ਦਰ ਪਾਰਟੀ ਦੇ ਫੰਡਾਂ ਵਿੱਚ ਬਹੁਤ ਵੱਡੇ ਪੱਧਰ ਤੇ ਘਪਲਾ ਕੀਤਾ ਸੀ, ਤੇ ਹੋਰ ਬੇ ਦੀਨਾਂ ਕਰਕੇ ਦਰਜਨ ਤੋਂ ਉਪਰ ਜਰਮਨ ਬੰਦਿਆਂ ਤੇ ਅਮਰੀਕਾ ਵਿਚ ਰਹਿ ਰਹੇ ਗ਼ਦਰੀ ਬਾਬਿਆਂ ਨੂੰ ਸਖ਼ਤ ਸਜ਼ਾਵਾਂ ਸੁਣਾਈਆਂ ਸਨ। ਜਿਨ੍ਹਾਂ ਗ਼ਦਰੀ ਬਾਬਿਆਂ ਨੂੰ ਸਜਾ ਸੁਣਾਈ ਗਈ, ਤਾਰਕਨਾਥ ਦਾਸ ਨੂੰ 22-ਮਹੀਨੇ, ਭਗਵਾਨ ਸਿੰਘ ਨੂੰ 18-ਮਹੀਨੇ, ਗੋਪਾਲ ਸਿੰਘ ਸੋਹੀ ਨੂੰ 18-ਮਹੀਨੇ, ਗੋਧਾ ਰਾਮ ਨੂੰ 11-ਮਹੀਨੇ, ਗੋਬਿੰਦ ਬਿਹਾਰੀ ਲਾਲ ਨੂੰ 10-ਮਹੀਨੇ, ਸੰਤੋਖ ਸਿੰਘ ਨੂੰ 21-ਮਹੀਨੇ, ਨਿਰੰਜਨ ਦਾਸ ਨੂੰ 6-ਮਹੀਨੇ, ਸੁੰਦਰ ਸਿੰਘ ਨੂੰ 3-ਮਹੀਨੇ, ਬਿਸ਼ਨ ਬਿਹਾਰੀ ਹਿੰਦੀ ਨੂੰ 9-ਮਹੀਨੇ, ਮਹਾਂਦਿਓ ਅਬਾਜੀ ਨੂੰ 3-ਮਹੀਨੇ, ਮੁਨਸ਼ੀ ਰਾਮ ਨੂੰ 2-ਮਹੀਨੇ, ਨਿਧਾਨ ਸਿੰਘ ਨੂੰ 4-ਮਹੀਨੇ, ਇਮਾਮਦੀਨ ਨੂੰ 4-ਮਹੀਨੇ, ਧਰਿੰਦਰ ਸਰਕਾਰ ਨੂੰ 4-ਮਹੀਨੇ ਤੇ ਚੰਦਰ ਕਾਂਤਾ ਚਕਰ ਨੂੰ 1-ਮਹੀਨੇ ਦੀ ਸਜ਼ਾਅ ਦਿੱਤੀ ਗਈ। ਬਾਅਦ ਵਿੱਚ ਗਦਰ ਪਾਰਟੀ ਦੇ ਬਾਹਰਲੇ ਆਗੂਆ ਨੇ ਪੈਸੇ ਇਕੱਠੇ ਕਰਕੇ ਸਾਰਿਆਂ ਨੂੰ ਜ਼ਮਾਨਤ ਤੇ ਰਿਹਾਅ ਕਰਾ ਲਿਆ ਸੀ। 23 ਅਪ੍ਰੈਲ 1918 ਈਸਵੀ ਨੂੰ ਜਦ ਅਦਾਲਤ ਵਿੱਚ ਰਾਮਚੰਦਰ ਨੂੰ ਗ਼ਦਰੀ ਬਾਬੇ ਰਾਮ ਸਿੰਘ ਧੁਲੇਤਾ ਨੇ ਪਿਸਤੋਲ ਰਾਹੀਂ, ਉਸ ‘ਤੇ ਗੋਲੀਆਂ ਚਲਾ ਕੇ ਉਸਨੂੰ ਮਾਰ ਦਿੱਤਾ । ਇਸ ਘਟਨਾ ਤੋਂ ਤੁਰੰਤ ਮਗਰੋਂ ਅਦਾਲਤ ਦੇ ਮਾਰਸ਼ਲ ਨੇ ਭਾਈ ਰਾਮ ਸਿੰਘ ਧੁਲੇਤਾ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ; ਜਿਸ ਕਾਰਨ ਭਾਈ ਸਾਹਿਬ ਸ਼ਹੀਦ ਹੋ ਗਏ ਸਨ। ਸ਼ਹੀਦ ਰਾਮ ਸਿੰਘ ਧੁਲੇਤਾ ਕੈਨੇਡਾ ਚੋਂ ਉਸ ਸਮੇਂ ਦੇ ਬਿਹਤਰੀਨ ਕਾਮਯਾਬ ਰਹੇ ਸਨ ਪਰ ਉਨ੍ਹਾਂ ਆਪਣਾ ਤਨ ਮਨ ਧਨ ਸਭ ਆਜ਼ਾਦੀ ਦੀ ਲਹਿਰ ਨੂੰ ਸਮਰਪਿਤ ਕਰ ਦਿੱਤਾ ਸੀ। ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਰਾਮ ਸਿੰਘ ਧੁਲੇਤਾ ਦੇ ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਪ੍ਰਬੰਧਕ ਸਾਹਿਬਾਨਾਂ ਨੇ ਭਰਪੂਰ ਸਹਿਯੋਗ ਦਿੱਤਾ।
Show More

Related Articles

Leave a Reply

Your email address will not be published. Required fields are marked *

Close