Canada

ਕੈਨੇਡਾ ਵਿਚ ਨਿੱਜਰ ਦੇ ਕਤਲ ਮਗਰੋਂ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੀ ਜਾਨ ਨੂੰ ਵੀ ਖਤਰਾ

ਕੈਨੇਡਾ ਵਿਚ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੀ ਜਾਨ ਨੂੰ ਵੀ ਖਤਰਾ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਇਹ ਹੈਰਾਨਕੁੰਨ ਦਾਅਵਾ ਕੈਨੇਡਾ ਵਿਚ ਵਿਦੇਸ਼ੀ ਦਖਲ ਦੀ ਪੜਤਾਲ ਕਰ ਰਹੇ ਕਮਿਸ਼ਨ ਅੱਗੇ ਕੀਤਾ ਗਿਆ। ਫਿਲਹਾਲ ਜਗਮੀਤ ਸਿੰਘ ਦੇ ਦਫਤਰ ਵੱਲੋਂ ਇਸ ਸਨਸਨੀਖੇਜ਼ ਮਸਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ।
ਕੈਨੇਡਾ ਵਿਚ ਸਰਗਰਮ ਕਈ ਸਿੱਖ ਜਥੇਬੰਦੀਆਂ ਨੂੰ ਧਿਰ ਮੰਨਦਿਆਂ ਜਨਤਕ ਪੜਤਾਲ ਦੀ ਪ੍ਰਕਿਰਿਆ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਇਕ ਵਕੀਲ ਨੇ ਕਮਿਸ਼ਨ ਦੀ ਮੁਖੀ ਜਸਟਿਸ ਮੈਰੀ ਜੋਜ਼ੀ ਹੋਗ ਅੱਗੇ ਪੇਸ਼ ਹੁੰਦਿਆਂ ਜਗਮੀਤ ਸਿੰਘ ਨਾਲ ਸਬੰਧਤ ਦਾਅਵਾ ਕੀਤਾ। ਜਗਮੀਤ ਸਿੰਘ ਦੀ ਪ੍ਰਿੰਸੀਪਲ ਸਕੱਤਰ ਐਨੀ ਮੈਕਗ੍ਰਾਅ ਨੂੰ ਜਦੋਂ ਸੰਭਾਵਤ ਖਤਰੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਨਾਲ ਸਬੰਧਤ ਮਸਲਾ ਹੋਣ ਕਾਰਨ ਉਹ ਕੁਝ ਵੀ ਕਹਿਣਾ ਨਹੀਂ ਚਾਹੁਣਗੇ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਕਹਿੰਦੀ ਹੈ ਕਿ ਨਿੱਜਰ ਕਤਲਕਾਂਡ ਮਗਰੋਂ ਕਈ ਕੈਨੇਡੀਅਨ ਸਿੱਖਾਂ ਨੂੰ ਸੰਭਾਵਤ ਖਤਰੇ ਬਾਰੇ ਚਿਤਾਵਨੀ ਦਿਤੀ ਗਈ ਅਤੇ ਜਗਮੀਤ ਸਿੰਘ ਉਨ੍ਹਾਂ ਵਿਚੋਂ ਇਕ ਸਨ। ਇਥੇ ਦਸਣਾ ਬਣਦਾ ਹੈ ਕਿ ਭਾਰਤ ਸਰਕਾਰ ਨੇ ਕਈ ਸਾਲ ਪਹਿਲਾਂ ਜਗਮੀਤ ਸਿੰਘ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ ਸੀ ਅਤੇ ਹੁਣ ਐਨ.ਡੀ.ਪੀ. ਆਗੂ ਦੀ ਜਾਨ ਖਤਰੇ ਵਿਚ ਹੋਣ ਦੇ ਗੁੱਝੇ ਭੇਤ ਤੋਂ ਪਰਦਾ ਉਠਦਾ ਨਜ਼ਰ ਆ ਰਿਹਾ ਹੈ। ਹਰਦੀਪ ਸਿੰਘ ਨਿੱਜਰ ਦਾ ਕਤਲ 18 ਜੂਨ 2023 ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਦੀ ਪਾਰਕਿੰਗ ਵਿਚ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Close