Canada

ਸ਼੍ਰੋਮਣੀ ਪੰਜਾਬੀ ਲੇਖਕ ਤੇ ਵਿਦਵਾਨ ਬੁਲਾਰੇ ਪ੍ਰਿੰ. ਸਤਿਬੀਰ ਸਿੰਘ ਦੇ ਜਨਮ ਦਿਨ ‘ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵਿਖੇ ਸਮਾਗਮ

ਸਰੀ : ਸ਼੍ਰੋਮਣੀ ਪੰਜਾਬੀ ਲੇਖਕ ਅਤੇ ਮਹਾਨ ਸਿੱਖ ਵਿਦਵਾਨ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਦੇ ਜਨਮ ਦਿਨ ‘ਤੇ ਪਹਿਲੀ ਮਾਰਚ ਨੂੰ ਵਿਸ਼ੇਸ਼ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਬੀਸੀ ਕੈਨੇਡਾ ਵੱਲੋਂ ਕਰਵਾਇਆ ਗਿਆ। ਇਹ ਸਮਾਗਮ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਅਤੇ ਲੋਕ ਲਿਖਾਰੀ ਪੰਜਾਬੀ ਸਾਹਿਤ ਸਭਾ ਉੱਤਰੀ ਅਮਰੀਕਾ ਦੇ ਸਹਿਯੋਗ ਨਾਲ ਹੋਇਆ। ਇਹ ਅਜਿਹੀ ਪਹਿਲਕਦਮੀ ਸੀ, ਜਿਸ ਦੀ ਲੋੜ ਪੰਜਾਬੀ ਸਾਹਿਤ ਜਗਤ ਨੂੰ ਕਰਨੀ ਚਾਹੀਦੀ ਸੀ, ਪਰ ਅਫਸੋਸ ਕਿ 70 ਤੋਂ ਵੱਧ ਕਿਤਾਬਾਂ ਲਿਖਣ ਵਾਲੇ ਅਤੇ ਸੈਂਕੜੇ ਕਿਤਾਬਚੇ ਲਿਖਣ ਵਾਲੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੂੰ ਲਗਾਤਾਰ ਅੱਖੋਂ ਪਰੋਖੇ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਲੋਕ ਲਿਖਾਰੀ ਸਾਹਿਤ ਸਭਾ ਉੱਤਰੀ ਅਮਰੀਕਾ ਦੇ ਪ੍ਰਤੀਨਿਧ ਡਾਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਕ ਸੁਘੜ ਬੁਲਾਰੇ, ਖੋਜੀ ਲੇਖਕ , ਸੁਚੱਜੇ ਪ੍ਰਬੰਧਕ, ਅਥੱਕ ਸੇਵਕ , ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹੀਰੇ ਪ੍ਰਿੰਸੀਪਲ ਸਤਿਬੀਰ ਸਿੰਘ ਦਾ ਜਨਮ ਮਾਤਾ ਰਣਜੀਤ ਕੌਰ ਦੀ ਕੁੱਖੋ, ਪਿਤਾ ਭਾਈ ਹਰਨਾਮ ਸਿੰਘ ਦੇ ਘਰ ਜੇਹਲਮ, ਸਾਂਝੇ ਪੰਜਾਬ ਵਿੱਖੇ ਪਹਿਲੀ ਮਾਰਚ 1932 ਨੂੰ ਹੋਇਆ। ਆਪਣੀ ਸਿੱਖਿਆ ਪ੍ਰਾਪਤੀ ਦੇ ਮੁੱਢਲੇ ਦਿਨਾਂ ਵਿਚ ਹੀ ਆਪ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਜਥੇਬੰਦੀ ਦਾ ਆਪ 1953 ਈ. ਵਿਚ ਪ੍ਰਧਾਨ ਵੀ ਰਹੇ। 4 ਜੁਲਾਈ,1955 ਨੂੰ ਆਪ ਨੇ ਮੋਰਚੇ ਲਈ ਗ੍ਰਿਫ਼ਤਾਰੀ ਦਿੱਤੀ ਅਤੇ ਫਿਰੋਜ਼ਪੁਰ ਸੈਂਟਰਲ ਜੇਲ੍ਹ ਵਿਚ ਤਿੰਨ ਮਹੀਨੇ ਕੈਦ ਕੱਟੀ।
ਪ੍ਰਿੰਸੀਪਲ ਸਤਿਬੀਰ ਸਿੰਘ ਜੀ ਦੀ ਬਹੁਪੱਖੀ ਸ਼ਖਸੀਅਤ ਬਾਰੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਕਿਹਾ ਕਿ ਆਪ ਪੰਜਾਬੀ ਦੇ ਖੋਜੀ ਲੇਖਕ, ਵਧੀਆ ਅਧਿਆਪਕ, ਸੁਚੱਜੇ ਪ੍ਰਬੰਧਕ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਿਧੜਕ ਆਗੂ ਸਨ। ਸਿੱਖ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਸੀ ਅਤੇ ਐਮ. ਏ. (ਇਤਿਹਾਸ) ਕਰਨ ਉਪਰੰਤ ਆਪ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਇਤਿਹਾਸ ਦੇ ਲੈਕਚਰਾਰ ਦੇ ਤੌਰ ‘ਤੇ ਨਿਯੁਕਤ ਹੋ ਗਏ।ਅਧਿਆਪਨ ਖੇਤਰ ਵਿੱਚ ਪ੍ਰਿੰਸੀਪਲ ਸਾਹਿਬ ਨੇ ਗੁਰੂ ਨਾਨਕ ਕਾਲਜ ਜਮੁਨਾ ਨਗਰ, ਖਾਲਸਾ ਕਾਲਜ, ਕਰਨਾਲ ਤੇ ਗੁਰਮਤਿ ਕਾਲਜ, ਪਟਿਆਲਾ ਵਿਖੇ ਪ੍ਰਿੰਸੀਪਲ ਸੇਵਾ ਨਿਭਾਈ, ਪਟਿਆਲੇ ਵਿਖੇ ਗੁਰੂ ਨਾਨਕ ਇੰਸਟੀਟਿਊਟ ਵਿਖੇ ਡਾਇਰੈਕਟਰ ਵਜੋਂ ਸੇਵਾ ਨਿਭਾਈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਬੇਅੰਤ ਸਾਹਿਤ ਦੀ ਸਿਰਜਣਾ ਕੀਤੀ। ਉਸ ਸਮੇਂ ਆਪ ਦਾ ਸਭ ਤੋਂ ਅਹਿਮ ਕੰਮ ਕੇਂਦਰੀ ਸਿੱਖ ਅਜਾਇਬ ਘਰ ਦੀ ਸਥਾਪਨਾ ਕਰਨਾ ਸੀ ਤੇ ਸਿੱਖ ਇਤਿਹਾਸ ਸਬੰਧੀ ਸ਼ਤਾਬਦੀਆਂ ਮਨਾਉਣ ਵਿਚ ਵੀ ਆਪ ਨੇ ਵਡਮੁੱਲਾ ਹਿੱਸਾ ਪਾਇਆ।
ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਸਟੇਜ ਤੋਂ ਡਾ. ਗੁਰਵਿੰਦਰ ਸਿੰਘ ਨੇ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਦੀਆਂ ਕਿਤਾਬਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਪ੍ਰਿੰਸੀਪਲ ਸਤਿਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਅਤੇ ਵਿਸਤਾਰ 14 ਪੁਸਤਕਾਂ ਵਿੱਚ ਤਿਆਰ ਕੀਤਾ। ਗੁਰੂ ਸਾਹਿਬਾਨ ਦੇ ਇਤਿਹਾਸ ਅਤੇ ਹੋਰ ਪਹਿਲੂਆਂ ਦੇ ਨਾਲ ਨਾਲ ”ਸੌ ਸਵਾਲ” ਵਰਗੀਆਂ ਖੋਜੀ ਕਿਤਾਬਾਂ ਲਿਖੀਆਂ ਸਨ। 18 ਅਗਸਤ 1994 ਵਿੱਚ 62 ਸਾਲ ਦੀ ਉਮਰ ਵਿੱਚ ਪ੍ਰਿੰਸੀਪਲ ਸਾਹਿਬ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ 1991 ਵਿੱਚ ਸ਼੍ਰੋਮਣੀ ਪੰਜਾਬੀ ਲੇਖਕ ਦਾ ਸਨਮਾਨ ਦਿੱਤਾ। ਸਿੱਖ ਜਗਤ ਦੇ ਕਥਾਵਾਚਕ, ਵਿਦਵਾਨ ਚਿੰਤਕ ਬੁਲਾਰੇ ਪ੍ਰਿੰਸੀਪਲ ਸਤਬੀਰ ਸਿੰਘ ਦੀਆਂ ਕਿਤਾਬਾਂ ਦੇ ਹਵਾਲੇ ਦੇ ਕੇ ਵਿਚਾਰਾਂ ਸਾਂਝੀਆਂ ਕਰਦੇ ਹਨ। 
Show More

Related Articles

Leave a Reply

Your email address will not be published. Required fields are marked *

Close