International

ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ  ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀਆਂ ਮੌਤਾਂ ਦਾ ਮਾਮਲਾ

ਅਮਰੀਕਾ ਦੇ ਰਿਊ ਗਰੈਂਡ ਦਰਿਆ ਵਿਚੋਂ ਹਰ ਰੋਜ ਮਿਲਦੀਆਂ ਹਨ ਪ੍ਰਵਾਸੀਆਂ ਦੀਆਂ ਲਾਸ਼ਾਂ-ਸ਼ੈਰਿਫ ਟਾਮ ਸ਼ਮਰਬਰ

ਸੈਕਰਾਮੈਂਟੋ,   (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਿਓ ਗਰੈਂਡ ਦਰਿਆ ਦੇ ਕੰਢਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਮੌਤ ਦੇ ਮੂੰਹ ਵਿਚ ਜਾ ਪੈਂਦੇ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲਣ ਦਾ ਸਿਲਸਲਾ ਨਿਰੰਤਰ ਜਾਰੀ ਹੈ। ਮਾਵਰਿਕ ਕਾਊਂਟੀ ਦੇ ਸ਼ੈਰਿਫ ਟਾਮ ਸ਼ਮਰਬਰ ਅਨੁਸਾਰ ਇਸ ਸਾਲ ਪਿਛਲੇ ਸਮੇ ਦੌਰਾਨ ਕੋਈ ਦਿਨ ਵੀ ਅਜਿਹਾ ਨਹੀਂ ਲੰਘਿਆ ਜਿਸ ਦਿਨ ਕਿਸੇ ਪ੍ਰਵਾਸੀ ਦੀ ਦਰਿਆ ਵਿਚ ਤੈਰਦੀ ਲਾਸ਼ ਜਾਂ ਆਸ ਪਾੜ ਝਾੜੀਆਂ ਵਿਚ ਫਸੀ ਲਾਸ਼ ਨਾ ਮਿਲੀ ਹੋਵੇ। ਇਕ ਦਿਨ ਪਹਿਲਾਂ ਹੀ ਇਕ 3 ਸਾਲ ਦੇ ਬੱਚੇ ਦੀ ਲਾਸ਼ ਮਿਲੀ। ਉਨਾਂ ਕਿਹਾ ਕਿ 4 ਵਿਚੋਂ 3 ਪ੍ਰਵਾਸੀ ਦਰਿਆ ਪਾਰ ਕਰਕੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਆਪਣੀ ਜਾਨ ਗਵਾ ਬੈਠਦੇ ਹਨ। ਸ਼ਮਰਬਰ ਦਾ ਕਹਿਣਾ ਹੈ ਕਿ ਉਹ ਇਹ ਦ੍ਰਿਸ਼ ਦੇਖ ਕੇ ਉਦਾਸ ਹੋ ਜਾਂਦੇ ਹਨ ਤੇ ਉਨਾਂ ਨੂੰ ਪੀੜਤ ਪਰਿਵਾਰਾਂ ਨਾਲ ਹਮਦਰਦੀ ਹੈ। ਸ਼ਮਰਬਰ ਅਨੁਸਾਰ ਅਮਰੀਕਾ ਵਿਚ ਗੈਰ ਕਾਨੂੰਨ  ਢੰਗ ਨਾਲ ਦਾਖਲ ਹੋਣ ਵਾਲਿਆਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ ਜਿਸ ਕਾਰਨ ਪ੍ਰਵਾਸੀਆਂ ਦੀ ਮੌਤਾਂ ਦਾ ਅੰਕੜਾ ਵੀ ਵਧ ਰਿਹਾ ਹੈ। ਪ੍ਰਵਾਸੀ ਸੰਘੀ ਅਧਿਕਾਰੀਆਂ ਵੱਲੋਂ ਫੜੇ ਜਾਣ ਤੋਂ ਬਚਣ ਲਈ ਵਧੇਰੇ ਜੋਖਮ ਉਠਾਉਂਦੇ ਹਨ ਤੇ ਉਹ ਟੈਕਸਾਸ ਰਾਜ ਦੇ ਸ਼ੂਕਦੇ ਦਰਿਆ ਨੂੰ ਖਤਰਨਾਕ ਥਾਵਾਂ ਤੋਂ ਪਾਰ ਕਰਨ ਦਾ ਯਤਨ ਕਰਦੇ ਹਨ ਜਿਸ ਦੀ ਕੀਮਤ ਉਨਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਵੈਬ ਕਾਊਂਟੀ ਦੀ ਮੈਡੀਕਲ ਅਧਿਕਾਰੀ ਡਾ ਕੋਰਾਨੀ ਸਟਰਨ ਨੇ ਕਿਹਾ ਹੈ ਕਿ ਪਿਛਲੇ ਸਾਲਾਂ ਦੀ ਤੁਲਨਾ ਵਿਚ ਇਸ ਸਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਮੌਤਾਂ ਦੀ ਗਿਣਤੀ ਬਹੁਤ ਵਧੀ ਹੈ।  ਡਾ ਸਟਰਨ ਜੋ ਪਿਛਲੇ 20 ਸਾਲ ਤੋਂ ਡਾਕਟਰੀ ਜਾਂਚ ਖੇਤਰ ਵਿਚ ਸੇਵਾਵਾਂ ਨਿਭਾਅ ਰਹੇ ਹਨ ਤੇ ਉਹ ਮਾਵਰਿਕ ਸਮੇਤ ਦੱਖਣੀ ਟੈਕਸਾਸ  ਵਿਚ 11 ਕਾਊਂਟੀਆਂ ਵਿਚ  ਆਪਣੀਆਂ ਸੇਵਾਵਾਂ ਦੇ ਰਹੇ ਹਨ, ਦਾ ਕਹਿਣਾ ਹੈ ਕਿ ਇਸ ਸਾਲ ਹੁਣ ਤੱਕ 218 ਪ੍ਰਵਾਸੀ ਮਾਰੇ ਜਾ ਚੁੱਕੇ ਹਨ ਜਦ ਕਿ ਪਿਛਲੇ ਸਾਲ ਇਸੇ ਸਮੇ ਤੱਕ 196 ਮੌਤਾਂ ਹੋਈਆਂ ਸਨ। ਡਾ ਸਟਰਨ ਦੀ ਜਿੰਮੇਵਾਰੀ ਨਾ ਕੇਵਲ ਪ੍ਰਵਾਸੀ ਦੀ ਮੌਤ ਦੇ ਕਾਰਨ ਤੇ ਢੰਗ ਤਰੀਕੇ ਦਾ ਪਤਾ ਲਾਉਣ ਦੀ ਹੈ ਬਲਕਿ ਮਾਰੇ ਗਏ ਪ੍ਰਵਾਸੀ ਦੀ ਸ਼ਨਾਖਤ ਕਰਨਾ ਤੇ ਉਸ ਦੇ ਨੇੜੇ ਦੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਸੂਚਿਤ ਕਰਨਾ ਵੀ ਉਨਾਂ ਦੀ ਜਿੰਮੇਵਾਰੀ ਹੈ। ਇਹ ਕੰਮ ਬਹੁਤ ਔਖਾ ਹੈ ਕਿਉਂਕਿ ਸਭ ਤੋਂ ਪਹਿਲਾਂ ਪ੍ਰਵਾਸੀ ਦੇ ਦੇਸ਼ ਬਾਰੇ ਪਤਾ ਲਾਉਣਾ ਤੇ ਫਿਰ ਉਸ ਦੇ ਨੇੜੇ ਦੇ ਸੱਕੇ ਸੰਬੰਧੀਆਂ ਬਾਰੇ ਜਾਣਕਾਰੀ ਹਾਸਲ ਕਰਨੀ ਬਹੁਤ ਮੁਸ਼ਕਿਲ ਹੈ। ਡਾ ਸਟਰਨ ਮੰਨਦੇ ਹਨ ਕਿ ਇਹ ਕੰਮ ਬਹੁਤ ਸੁਸਤ ਰਫਤਾਰ  ਨਾਲ ਚੱਲਦਾ ਹੈ। ਉਨਾਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵਧਣ ਤੇ ਮ੍ਰਿਤਕਾਂ ਦੀ ਸ਼ਨਾਖਤ ਨੇ ਸਮੱਸਿਆ ਖੜੀ ਕਰ ਦਿੱਤੀ ਹੈ। ਉਸ ਕੋਲ ਲਾਸ਼ਾਂ ਰਖਣ ਲਈ ਜਗਾ ਨਹੀਂ ਹੈ। ਉਸ ਕੋਲ ਇਸ ਸਮੇ 260 ਪ੍ਰਵਾਸੀਆਂ ਦੀਆਂ ਲਾਸ਼ਾਂ ਹਨ। ਡਾ ਸਟਰਨ ਨੇ ਉਨਾਂ ਕਾਊਂਟੀਆਂ ਜਿਨਾਂ ਵਿਚ ਉਹ ਸੇਵਾਵਾਂ ਨਿਭਾਅ ਰਹੇ ਹਨ , ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਜਦੋਂ ਤੱਕ ਉਨਾਂ ਕੋਲ ਲਾਸ਼ਾਂ ਰਖਣ ਦੀ ਜਗਾ ਨਹੀਂ ਹੈ ਓਦੋਂ ਤੱਕ ਉਹ ਪ੍ਰਵਾਸੀਆਂ ਦੀਆਂ ਲਾਸ਼ਾਂ ਆਪਣੇ ਸ਼ਮਸ਼ਾਨ ਘਰਾਂ ਵਿਚ ਰਖਣ।

Show More

Related Articles

Leave a Reply

Your email address will not be published. Required fields are marked *

Close