International

ਅਮਰੀਕਾ ਵਿਚ ਰੇਲ ਗੱਡੀ ਦੇ ਇਕ ਡੱਬੇ ਨੂੰ ਅੱਗ ਲੱਗਣ ਉਪਰੰਤ ਘਬਰਾਏ ਮੁਸਾਫਿਰਾਂ ਨੇ ਦਰਿਆ ਵਿਚ ਮਾਰੀਆਂ ਛਾਲਾਂ

 * ਜਾਨੀ ਨੁਕਸਾਨ ਹੋਣ ਤੋਂ ਬਚਾਅ * ਅੱਗ ਲੱਗਣ ਦਾ ਕਾਰਨ ਧਾਤ ਦਾ ਇਕ ਟੁਕੱੜਾ ਬਣਿਆ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਾਸਾਚੂਸੈਟਸ ਰਾਜ ਵਿਚ ਇਕ ਯਾਤਰੀ ਗੱਡੀ ਦੇ ਇਕ ਡੱਬੇ ਨੂੰ ਲੱਗੀ ਅਚਾਨਕ ਅੱਗ ਕਾਰਨ ਮੁਸਾਫਿਰਾਂ ਵਿਚ  ਘਬਰਾਹਟ ਫੈਲ ਗਈ  ਤੇ ਕੁਝ ਯਾਤਰੀਆਂ ਨੇ ਦਰਿਆ ਵਿਚ ਛਾਲਾਂ ਮਾਰ ਦਿੱਤੀਆਂ। ਇਹ ਘਟਨਾ ਸਵੇਰ ਵੇਲੇ ਵਾਪਰੀ । ਮਾਸਾਚੂਸੈਟਸ ਬੇਅ ਟਰਾਂਸਪੋਰਟੇਸ਼ਨ ਅਥਾਰਿਟੀ (ਐਮ ਬੀ ਟੀ ਏ) ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਦੱਖਣ ਨੂੰ ਜਾਣ ਵਾਲੀ ਓਰੇਂਜ ਲਾਈਨ ਰੇਲ ਗੱਡੀ ਅਸੈਂਬਲੀ ਸਟੇਸ਼ਨ ਸੋਮਰਵਿਲੇ ਵੱਲ ਵਧ ਰਹੀ ਸੀ ਜਦੋਂ ਇਕ ਬੋਗੀ ਵਿਚ ਅੱਗ ਦੀਆਂ ਲਪਟਾਂ ਵੇਖੀਆਂ ਗਈਆਂ। ਜਦੋਂ ਗੱਡੀ ਮਾਈਸਟਿਕ ਦਰਿਆ ਦੇ ਪੁਲ ਉਪਰ ਪੁੱਜੀ ਤਾਂ ਘਬਰਾਹਟ ਵਿਚ ਕੁਝ ਯਾਤਰੀਆਂ ਨੇ ਦਰਿਆ ਵਿਚ ਛਾਲ ਮਾਰ ਦਿੱਤੀ ਪਰੰਤੂ ਜਾਨੀ ਨੁਕਾਸਨ ਹੋਣ ਤੋਂ ਬਚਾਅ ਹੋ ਗਿਆ। ਬਿਆਨ ਅਨੁਸਾਰ 200 ਦੇ ਕਰੀਬ ਯਾਤਰੀ ਖੁਦ ਗੱਡੀ ਵਿਚੋਂ ਬਾਹਰ ਆ ਗਏ ਜਦ ਕਿ ਕੁਝ ਨੂੰ ਖਿੜਕੀਆਂ ਰਾਹੀਂ ਸੁਰਖਿਅਤ ਬਾਹਰ ਕੱਢਿਆ ਗਿਆ। ਇਕ ਯਾਤਰੀ ਜਿਸ ਨੇ ਦਰਿਆ ਵਿਚ ਛਾਲ ਮਾਰੀ ਸੀ ਉਸ ਨੂੰ ਵੀ ਬਚਾਅ ਲਿਆ ਗਿਆ।  ਐਮ ਬੀ ਟੀ ਏ ਦੇ ਜਨਰਲ ਮੈਨੇਜਰ ਸਟੀਵ ਪਫਟਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਅੱਗ ਇਕ ਧਾਤ ਦੇ ਟੁੱਕੜੇ ਤੋਂ ਲੱਗੀ। ਇਹ ਧਾਤ ਦਾ  ਟੁੱਕੜਾ ਢਿੱਲਾ ਹੋ  ਗਿਆ ਤੇ ਹੇਠਾਂ ਪੱਟੜੀ ਨਾਲ ਖਹਿਣ ਕਾਰਨ ਚਿੰਗਿਆੜੇ ਤੇ ਧੂੰਆਂ ਨਿਕਲਿਆ। ਇਸ ਦੇ ਛੇਤੀ ਬਾਅਦ ਇਕ ਡੱਬੇ ਨੂੰ ਅੱਗ ਲੱਗ ਗਈ। ਉਨਾਂ ਕਿਹਾ ਕਿ ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਥਾਮਸਨ ਸੁਲੀਵਨ ਨਾਂ ਦੇ ਇਕ ਯਾਤਰੀ ਨੇ ਦੱਸਿਆ ਕਿ ਹਰ ਕੋਈ ਘਬਰਾਇਆ ਹੋਇਆ ਸੀ। ਡੱਬੇ ਵਿਚ ਧੂੰਏਂ ਕਾਰਨ ਹਾਲਾਤ ਜਿਆਦਾ ਖਰਾਬ ਲੱਗ ਰਹੇ ਸਨ। ਬਹੁਤ ਸਾਰੇ ਲੋਕਾਂ ਨੇ ਹੰਗਾਮੀ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਅਸਫਲ ਰਹੇ। ਯਾਤਰੀ ਇਕ ਖਿੜਕੀ ਨੂੰ ਤੋੜਨ ਵਿਚ ਸਫਲ ਰਹੇ ਤੇ ਕੁਝ ਯਾਤਰੀਆਂ ਨੇ ਇਸ ਖਿੜਕੀ ਵਿਚੋਂ ਨਿਕਲ ਕੇ ਜਾਨਾਂ ਬਚਾਈਆਂ। ਯਾਤਰੀਆਂ ਨੇ ਬਾਹਰ ਨਿਕਲਣ ਵਿਚ ਇਕ ਦੂਸਰੇ ਦੀ ਮੱਦਦ ਕੀਤੀ। ਗੱਡੀ ਦੇ ਇਕ ਕੰਡਕਟਰ ਦੀ ਮੱਦਦ ਨਾਲ ਹੰਗਾਮੀ ਦਰਵਾਜ਼ਾ ਵੀ ਖੋਲ ਲਿਆ ਗਿਆ ਤੇ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਯਾਤਰੀ ਗੱਡੀ ਵਿਚੋਂ ਬਾਹਰ ਆ ਚੁੱਕੇ ਸਨ। ਐਮ ਬੀ ਟੀ ਏ ਅਨੁਸਾਰ ਫੈਡਰਲ ਟਰਾਂਜਿਟ ਐਡਮਨਿਸਟ੍ਰੇਸ਼ਨ ਤੇ ਨੈਸ਼ਨਲ  ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਵਾਪਰੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਕਿਸੇ ਘਟਨਾ ਤੋਂ ਬਚਿਆ ਜਾ ਸਕੇ। ਇਸੇ ਦੌਰਾਨ ਮਾਸਾਚੂਸੈਟਸ ਦੇ ਅਟਾਰਨੀ ਜਨਰਲ ਮਾਊਰਾ ਹੀਲੇ ਨੇ ਕਿਹਾ ਹੈ ਕਿ ਇਹ ਬਹੁਤ ਡਰਾਉਣਾ ਤਜ਼ਰਬਾ ਹੈ। ਸਾਡੇ ਸ਼ਹਿਰੀਆਂ ਨੂੰ ਇਕ ਸੁਰਖਿਅਤ ਤੇ ਭਰੋਸੇਮੰਦ ਜਨਤਿਕ ਆਵਾਜਾਈ ਪ੍ਰਣਾਲੀ ਦੀ ਲੋੜ ਹੈ। ਐਮ ਬੀ ਟੀ ਏ ਨੂੰ ਸੁਰਖਿਆ ਮੁੱਦਿਆਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਇਸ ਨੂੰ ਟਾਲਿਆ ਨਹੀਂ ਜਾ ਸਕਦਾ। ਜਨਰਲ ਮੈਨੇਜਰ ਪੋਫਟਕ ਨੇ ਗੱਡੀ ਵਿਚਲੇ ਯਾਤਰੀਆਂ ਤੇ ਉਸ ਹਰ ਵਿਅਕਤੀ ਤੋਂ ਇਹ ਘਟਨਾ ਲਈ ਮੁਆਫੀ ਮੰਗੀ ਹੈ ਜੋ ਘਟਨਾ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ।

Show More

Related Articles

Leave a Reply

Your email address will not be published. Required fields are marked *

Close