International

ਅੰਮ੍ਰਿਤਸਰ ਤੋਂ ਵੈਨਕੂਵਰ ਦਾ ਹਵਾਈ ਸਫਰ ਹੋਇਆ ਸੁਖਾਲਾ: ਸਿੰਗਾਪੁਰ ਏਅਰ – ਸਕੂਟ ’ਤੇ ਜਾਉ : ਗੁਮਟਾਲਾ

ਨਿਊਯਾਰਕ/ਟੋਰਾਟੋ,  (ਰਾਜ ਗੋਗਨਾ)—ਮੰਨੀ ਜਾਣ ਵਾਲੀ ਹਵਾਈ ਕੰਪਨੀ ਸਿੰਗਾਪੁਰ ਏਅਰਲਾਈਨ ਨੇ ਆਪਣੀ ਭਾਈਵਾਲ ਘੱਟ ਕਿਰਾਏ ਵਾਲੀ ਏਅਰਲਾਈਨ ਫਲਾਈ ਸਕੂਟ ਨਾਲ ਮਿਲ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਿੰਗਾਪੁਰ ਰਾਹੀਂ ਲੱਖਾਂ ਪੰਜਾਬੀਆਂ ਦੀ ਕਰਮ ਭੂਮੀ ਯਾਨੀ ਦੂਜਾ ਪੰਜਾਬ, ਕੈਨੇਡਾ ਦੇ ਸ਼ਹਿਰ ਵੈਨਕੂਵਰ ਵਾਲੇ ਹਵਾਈ ਅੱਡੇ ਨਾਲ ਜੋੜ ਦਿੱਤਾ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਜਾਂ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਅਜੇ ਭਾਂਵੇ ਪੂਰੀ ਨਹੀਂ ਹੋਈ ਪਰ ਵੈਨਕੂਵਰ ਜਾਣ ਵਾਲੇ ਪੰਜਾਬੀਆਂ ਨੂੰ ਦਿੱਲੀ ਦੀ ਖੱਜਲ-ਖੁਅਰੀ ਤੋਂ ਬੱਚ ਕੇ ਹਵਾਈ ਸਫਰ ਸੁਖਾਲਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਜਰੂਰ ਬੂਰ ਪੈ ਰਿਹਾ ਹੈ।
> ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਭਿਆਨ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਆਸਟ੍ਰੇਲੀਆ ਅਤੇ ਅੰਮ੍ਰਿਤਸਰ ਵਿਚਾਲੇ ਸਿੰਗਾਪੁਰ ਰਾਹੀਂ ਹਵਾਈ ਸੰਪਰਕ ਮੁੜ ਜੁੜਨ ਤੋਂ ਬਾਦ ਸਿੰਗਾਪੁਰ ਏਅਰਲਾਈਨ ਤੇ ਇਸ ਦੀ ਭਾਈਵਾਲ ਸਕੂਟ ਹੁਣ ਅੰਮ੍ਰਿਤਸਰ ਨੂੰ ਕੈਨੇਡਾ ਦੇ ਵੈਨਕੂਵਰ ਦੇ ਨਾਲ-ਨਾਲ ਅਮਰੀਕਾ ਦੇ ਸਾਨਫਰਾਂਸਿਸਕੋ, ਸਿਆਟਲ ਅਤੇ ਲਾਸ ਏਂਜਲਸ ਦੇ ਹਵਾਈ ਅੱਡਿਆ ਨਾਲ ਵੀ ਜੋੜਦੀ ਹੈ। ਇਸ ਨਾਲ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲਿਆ ਹੈ।
> ਉਨ੍ਹਾਂ ਅੱਗੇ ਦੱਸਿਆ ਕਿ ਸਿੰਗਾਪੁਰ ਏਅਰਲਾਈਨ ਨੇ ਸਾਲ 2004 ਤੋਂ 2009 ਤੱਕ ਅੰਮ੍ਰਿਤਸਰੋਂ ਉਡਾਣਾਂ ਚਲਾਈਆਂ ਸਨ, ਜਿਨ੍ਹਾਂ ਵਿੱਚੋ ਵੈਨਕੂਵਰ ਅਤੇ ਲਾਸ ਏਂਜਲਸ ਵਾਲੀਆਂ ਉਡਾਣਾਂ ਪੰਜਾਬੀਆਂ ਵਿੱਚ ਬਹੁਤ ਹੀ ਮਕਬੂਲ ਸਨ। ਫਿਰ 2009 ਵਿੱਚ ਦੁਨੀਆ ਭਰ ਵਿੱਚ ਆਈ ਵਪਾਰਕ ਮੰਦੀ ਕਾਰਨ ਸਿੰਗਾਪੁਰ ਏਅਰ ਨੇ ਵੈਨਕੂਵਰ ਅਤੇ ਅੰਮ੍ਰਿਤਸਰ, ਦੋਵਾਂ ਰੂਟਾਂ ਤੇ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ। ਹੁਣ ਸਿੰਗਾਪੁਰ ਏਅਰਲਾਈਨ ਵੱਲੋਂ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਨਾਲ, ਅੰਮ੍ਰਿਤਸਰ ਇੱਕ ਵਾਰ ਫਿਰ ਸਿੰਗਾਪੁਰ ਰਾਹੀਂ ਇਨ੍ਹਾਂ ਮੰਜ਼ਿਲਾਂ ਨਾਲ ਸਿੱਧਾ ਜੁੜ ਗਿਆ ਹੈ।
> ਇਸੇ ਸੰਬੰਧ ਵਿੱਚ ਫਲਾਈ ਅੰਮ੍ਰਿਤਸਰ ਮੁਹਿੰਮ ਦੀ ਟੀਮ ਨੇ ਹਾਲ ਹੀ ਵਿੱਚ ਸਕੂਟ ਏਅਰਲਾਈਨ ਦੇ ਅਧਿਕਾਰੀਆਂ ਨਾਲ ਇੱਕ ਖ਼ਾਸ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਹਫ਼ਤੇ ਵਿੱਚ ਉਡਾਣਾਂ ਦੀ ਗਿਣਤੀ 5 ਤੋਂ ਵਧਾ ਕੇ 10 ਕਰਨ ਦੀ ਬੇਨਤੀ ਕੀਤੀ। ਇਸ ਮੀਟਿੰਗ ਵਿੱਚ ਕੈਨੇਡਾ ਤੋਂ ਕਨਵੀਨਰ ਉੱਤਰੀ ਅਮਰੀਕਾ ਅਨੰਤਦੀਪ ਸਿੰਘ ਢਿੱਲੋਂ ਅਤੇ ਮੁੱਖ ਬੁਲਾਰੇ ਮੋਹਿਤ ਧੰਜੂ, ਅੰਮ੍ਰਿਤਸਰ ਤੋਂ ਭਾਰਤੀ ਇਕਾਈ ਦੇ ਕਨਵੀਨਰ ਇੰਡੀਆ ਯੋਗੇਸ਼ ਕਾਮਰਾ ਅਤੇ ਮੈਂਬਰ ਰਵਰੀਤ ਸਿੰਘ ਸਮੇਤ ਅਮਰੀਕਾ ਤੋਂ ਸਮੀਪ ਸਿੰਘ ਗੁਮਟਾਲਾ ਨੇ ਅੰਮ੍ਰਿਤਸਰ ਤੋਂ ਸਕੂਟ ਦੀਆਂ ਉਡਾਣਾਂ ਮੁੜ ਸ਼ੁਰੂ ਕੀਤੇ ਜਾਣ ਅਤੇ ਹੋਰਨਾਂ ਮੁਲਕਾਂ ਲਈ ਉਡਾਣਾਂ ਦੇ ਵਿਸਥਾਰ ਲਈ ਸਕੂਟ ਦਾ ਧੰਨਵਾਦ ਕੀਤਾ। ਗੁਮਟਾਲਾ ਵੱਲੋਂ ਵਿਸ਼ਵ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਬਾਰੇ ਵਿਸਤ੍ਰਿਤ ਅੰਕੜੇ ਅਤੇ ਹੋਰਨਾਂ ਮੁਲਕਾਂ ਦੇ ਹਵਾਈ ਅੱਡਿਆਂ ਲਈ ਸੰਭਾਵੀ ਕਾਰੋਬਾਰੀ ਮੌਕਿਆਂ ਬਾਰੇ ਵੀ ਏਅਰਲਾਈਨ ਅਧਿਕਾਰੀਆਂ ਨਾਲ ਸਾਂਝ ਪਾਈ ਗਈ।
> ਉਡਾਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਸਕੂਟ ਦੀ ਉਡਾਣ ਸ਼ਾਮ 7:40 ‘ਤੇ ਰਵਾਨਾ ਹੁੰਦੀ ਹੈ ਅਤੇ ਸਥਾਨਕ ਸਮੇਂ ਅਨੁਸਾਰ ਸਵੇਰੇ 4:05 ਵਜੇ ਸਿੰਗਾਪੁਰ ਪਹੁੰਚਦੀ ਹੈ। ਲਗਭਗ 2 ਘੰਟੇ 55 ਮਿੰਟ ਦੀ ਛੋਟੀ ਮਿਆਦ ਦੇ ਨਾਲ, ਯਾਤਰੀ ਸਵੇਰੇ 7:00 ਵਜੇ ਰਵਾਨਾ ਹੋਣ ਵਾਲੀ ਸਿੰਗਾਪੁਰ ਏਅਰਲਾਈਨ ਦੀ ਉਡਾਣ ਨਾਲ ਜੁੜਦੇ ਹਨ ਅਤੇ ਅਗਲੀ ਸਵੇਰੇ 6:45 ਵਜੇ ਵੈਨਕੂਵਰ ਪਹੁੰਚਦੇ ਹਨ। ਇਸ ਨਾਲ ਉਹਨਾਂ ਦੀ ਯਾਤਰਾ ਦੀ ਮਿਆਦ ਸਿਰਫ 23 ਘੰਟੇ 35 ਮਿੰਟ ਹੈ ਅਤੇ ਉਹਨਾਂ ਨੂੰ ਦਿੱਲੀ ਜਾਣ ਦੀ ਖੱਜਲ ਖ਼ੁਆਰੀ ਨਹੀਂ ਝੱਲਣੀ ਪੈਂਦੀ।
> ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਕੂਟ ਅਤੇ ਸਿੰਗਾਪੁਰ ਏਅਰ ਵੈਨਕੂਵਰ, ਅਮਰੀਕਾ ਅਤੇ ਆਸਟ੍ਰੇਲੀਆ ਤੋਂ ਵਾਪਸ ਅੰਮ੍ਰਿਤਸਰ ਲਈ ਸਿੰਗਾਪੁਰ ਵਿੱਚ ਲੰਬਾ ਸਮਾਂ ਇੰਤਜ਼ਾਰ ਕਰਨ ਦੇ ਸਮੇਂ ਨੂੰ ਘੱਟ ਕਰੇ। ਜਿਵੇਂ ਕਿ ਇਸ ਸਮੇਂ ਵੈਨਕੂਵਰ ਤੋਂ ਅੰਮ੍ਰਿਤਸਰ ਜਾਣ ਲਈ ਯਾਤਰੀਆਂ ਨੂੰ ਸਿੰਗਾਪੁਰ ਵਿੱਚ ਲਗਭਗ 20 ਘੰਟੇ ਦੇ ਲੰਬੇ ਸਮੇਂ ਲਈ ਰੁਕਣਾ ਪੈਂਦਾ ਹੈ।
> ਗੁਮਟਾਲਾ ਨੇ ਦੱਸਿਆ ਕਿ ਸਾਨੂੰ ਆਸਟ੍ਰੇਲੀਆ ਤੋਂ ਵੀ ਪੰਜਾਬੀ ਇਹ ਬੇਨਤੀ ਕਰ ਰਹੇ ਹਨ ਕਿ ਅੰਮ੍ਰਿਤਸਰ ਤੋਂ ਜਦੋ ਵੀ ਇਨ੍ਹਾਂ ਮੁਲਕਾਂ ਨੂੰ ਆਈਦਾ ਹੈ ਤਾਂ ਸਿੰਗਾਪੁਰ ਵਿਖੇ ਸਿਰਫ 2 ਤੋਂ 4 ਘੰਟੇ ਹੀ ਰੁੱਕਣਾ ਪੈਂਦਾ ਹੈ, ਪਰ ਆਸਟ੍ਰੇਲੀਆ ਤੋਂ ਵਾਪਸੀ ਵੇਲੇ 8 ਤੋਂ 12 ਘੰਟੇ ਰਾਹ ਵਿਚ ਰੁਕਣਾ ਪੈਂਦਾ ਹੈ। ਉਹ ਹਵਾਈ ਸਫ਼ਰ ਲਈ ਅੰਮ੍ਰਿਤਸਰ ਜਾਣ ਨੂੰ ਤਰਜੀਹ ਦਿੰਦੇ ਹਨ ਪਰ ਇਸ ਨਾਲ ਉਹਨਾਂ ਦਾ ਸਫਰ ਬਹੁਤ ਲੰਮਾ ਹੋ ਜਾਂਦਾ ਹੈ। ਸਾਨੂੰ ਉਮੀਦ ਹੈ ਕਿ ਏਅਰਲਾਈਨ ਉੱਤਰੀ ਅਮਰੀਕਾ, ਖਾਸ ਤੌਰ ‘ਤੇ ਵੈਨਕੂਵਰ ਤੋਂ ਪੰਜਾਬ ਜਾਣ ਵਾਲੇ ਸਫ਼ਰ ‘ਤੇ ਸੁਵਿਧਾਜਨਕ ਸੰਪਰਕ ਦੇਵੇਗੀ ਜਿਸ ਲਈ ਉਹ ਉਡਾਣਾਂ ਦੇ ਸਮੇਂ ਵਿੱਚ ਬਰਲਾਵ ਕਰੇਗੀ।

Show More

Related Articles

Leave a Reply

Your email address will not be published. Required fields are marked *

Close