National

ਭਾਰਤੀ ਮੂਲ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਪ੍ਰਧਾਨ ਮੰਤਰੀ : ਜੀਕੇ

ਨਵੀਂ ਦਿੱਲੀ – ਕਾਬੁਲ ਦੇ ਗੁਰਦੁਆਰਾ ਕਰਤਾ ਪਰਵਾਨ ਉਤੇ ‘ਇਸਲਾਮਿਕ ਸਟੇਟ – ਖੁਰਾਸਾਨ ਸੂਬਾ’ (ISKP) ਵੱਲੋਂ ਭਾਜਪਾ ਆਗੂ ਨੁਪੁਰ ਸ਼ਰਮਾ ਦੇ ਵਿਵਾਦਤ ਬਿਆਨ ਕਰਕੇ ਹਮਲਾ ਕਰਨ ਦੇ ਸਾਹਮਣੇ ਆ ਰਹੇ ਦਾਅਵਿਆਂ ਦਾ ਹਵਾਲਾ ਦਿੰਦੇ ਹੋਏ ਸਰਦਾਰ ਮਨਜੀਤ ਸਿੰਘ ਜੀਕੇ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਸਲਾਮਿਕ ਦੇਸ਼ਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਆਪਣੇ ਫੈਸਬੂਕ ‘ਤੇ ਲਾਈਵ ਹੁੰਦੇ ਹੋਏ ਜੀਕੇ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਉਤੇ ਹੋਇਆ ਅਤਵਾਦੀ ਹਮਲਾ ਮੰਦਭਾਗਾ ਹੈ ਤੇ ਇਸ ਦੌਰਾਨ ਜਾਨੀ ਨੁਕਸਾਨ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਸੀਂ ਕਈ ਵਾਰ ਕੇਂਦਰ ਸਰਕਾਰ ਨੂੰ ਲਿਖ ਕੇ ਦਿੱਤਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਫ਼ਸੇ ਹੋਏ 150 ਹਿੰਦੂ ਤੇ ਸਿੱਖਾਂ ਨੂੰ ਵੀਜੇ਼ ਦਿੱਤੇ ਜਾਣ, ਪਰ ਸਰਕਾਰ ਵੱਲੋਂ ਇਸ ਮਾਮਲੇ ‘ਤੇ ਕੀਤੀ ਜਾ ਰਹੀ ਦੇਰੀ ਸਮਝ ਤੋਂ ਬਾਹਰ ਹੈ। ਜੇਕਰ ਭਾਰਤ ਸਰਕਾਰ ਪਹਿਲਾਂ ਤਾਲੀਬਾਨ ਲੜਾਕਿਆਂ ਨਾਲ ਚਲਦੀ ਜੰਗ ਵਿਚਾਲੇ ਹਿੰਦੂ ਤੇ ਸਿੱਖਾਂ ਨੂੰ ਕੱਢ ਕੇ ਲਿਆ ਸਕਦੀ ਹੈ, ਤਾਂ ਹੁਣ ਕੀ ਦਿੱਕਤ ਹੈ ? ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਉਤੇ ਮੋਦੀ ਨੂੰ ਮਿਲੇ ਭਾਰਤੀ ਮੂਲ ਦੇ ਅਫ਼ਗਾਨੀ ਨਾਗਰਿਕਾਂ ਦੀ ਗੱਲ ਕਰਦੇ ਹੋਏ ਜੀਕੇ ਨੇ ਸਵਾਲ ਕੀਤਾ ਕਿ ਇਸ ਵਫਦ ਨੂੰ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਦੇ ਪਹਿਲੂਆਂ ਨੂੰ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ? ਜਿਨ੍ਹਾਂ ਆਗੂਆਂ ਦੀ ਇਹ ਜ਼ਿੰਮੇਵਾਰੀ ਸੀ, ਉਨ੍ਹਾਂ ਆਪਣੀ ਜ਼ਿਮੇਵਾਰੀ ਕਿਉਂ ਨਹੀਂ ਨਿਭਾਈ ?
ਜੀਕੇ ਨੇ ਪੁੱਛਿਆ ਕਿ ਜਦੋਂ ਕੁਝ ਦਿਨ ਪਹਿਲਾਂ ਹੀ ਭਾਰਤ ਦੇ ਭੜਕਾਊ ਤੱਤਾਂ ਦੀ ਟਿਪਣੀਆਂ ਨੂੰ ਲੈਕੇ ‘ਇਸਲਾਮਿਕ ਸਟੇਟ – ਖੁਰਾਸਾਨ ਸੂਬਾ’ ਵੱਲੋਂ ਕਾਬੁਲ ਦੇ ਗੁਰਦੁਆਰਾ ਸਾਹਿਬ ਉਤੇ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਸੀ, ਤਾਂ ਫਿਰ ਤਾਲੀਬਾਨ ਸਰਕਾਰ ਦੀ ਸੁਰੱਖਿਆ ਤੇ ਖੁਫੀਆ ਏਜੰਸੀਆਂ ਕੀ ਕਰ ਰਹੀਆਂ ਸਨ ? ਜੀਕੇ ਨੇ ਪ੍ਰਧਾਨ ਮੰਤਰੀ ਨੂੰ ਭਾਰਤੀ ਮੂਲ ਦੇ ਲੋਕਾਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਰਾਨ ‘ਚ ਬੈਠੇ ਸਿੱਖਾਂ ਨਾਲ ਮੇਰੀ ਗੱਲਬਾਤ ਹੋਈ ਹੈ, ਉਹ ਕਾਬੁਲ ਹਮਲੇ ਤੋਂ ਬਾਅਦ ਉਥੇ ਘਬਰਾਏ ਹੋਏ ਹਨ। ਕਿਉਂਕਿ ਹੁਣ ਭਾਰਤੀ ਮੂਲ ਦੇ ਲੋਕਾਂ ਖਿਲਾਫ ਅਜਿਹੇ ਹਮਲਿਆਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਲਈ ਅਫ਼ਗ਼ਾਨਿਸਤਾਨ ਵਿੱਚ ਫ਼ਸੇ ਹੋਏ ਹਿੰਦੂ ਤੇ ਸਿੱਖਾਂ ਨੂੰ ਸੁਰਖਿਅਤ ਭਾਰਤ ਲਿਆਉਣ ਲਈ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਲੋੜ ਹੈ, ਨਹੀਂ ਤਾਂ ਇੱਕ ਵਾਰ ਮੁੜ ਤੋਂ ਇਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਲਈ ਸਾਨੂੰ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਲਈ ਮਜਬੂਰ ਹੋਣਾ ਪਵੇਗਾ।
Show More

Related Articles

Leave a Reply

Your email address will not be published. Required fields are marked *

Close