Canada

ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ 23 ਜੁਲਾਈ ਨੂੰ ਹੋਣ ਵਾਲੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ

ਜਸਬੀਰ ਕਲਸੀ ਧਰਮਕੋਟ ਦੀਆਂ ਚਾਰ ਕਿਤਾਬਾਂ ਬਾਰੇ ਗੱਲਬਾਤ ਹੋਈ।

ਕੈਲਗਰੀ (Reymi Sekhhon)ਜ਼ੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਸ਼ਨੀਵਾਰ ਇੱਕੀ ਮਈ ਨੂੰ ਕੋਸੋ ਦੇ ਹਾਲ ਵਿੱਚ ਹੋਈ।ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਪ੍ਰਧਾਨ ਦਵਿੰਦਰ ਮਲਹਾਂਸ ਤੇ ਜਮਹੂਰੀਅਤ ਹੱਕਾਂ ਦੀ ਆਵਾਜ਼ ਜਗਦੀਸ਼ ਚੋਹਕਾ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸੱਦਾ ਦਿੱਤਾ।ਸਾਹਿਰ ਲੁਧਿਆਣਵੀ ਦੀ ਗ਼ਜ਼ਲ ‘ਖ਼ੂਨ ਅਪਨਾ ਹੋ ਜਾਂ ਪਰਾਇਆ ਹੋ,ਨਸਲ-ਏ-ਆਦਮ ਖ਼ੂਨ ਹੈ ਆਖ਼ਿਰ’ ਪੜ ਕੇ ਰੂਸ ਯੂਕਰੇਨ ਦੀ ਜੰਗ ਦੇ ਘਾਤਕ ਸਿੱਟਿਆਂ ਦਾ ਜ਼ਿਕਰ ਕਰਦਿਆਂ ਅਲ-ਜਜ਼ੀਰਾ ਦੀ ਇੱਕ ਪ੍ਰਮੁੱਖ ਮਹਿਲਾ ਪੱਤਰਕਾਰ ਸ਼ਰੀਨ ਅਬੂ ਅਖਲੇਹ ਨੂੰ ਇਸਰਾਇਲੀ ਕਾਬਜ਼ ਫ਼ੌਜਾਂ ਵੱਲੋਂ ਮਾਰੀ ਗਈ ਗੋਲੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਕੁਰਬਾਨੀ ਨੂੰ ਸਿਜਦਾ ਕੀਤਾ।ਪਰਮਜੀਤ ਕੌਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੂਰੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਦਾ ਵੇਰਵਾ ਦੇ ਕੇ ਜ਼ਿਕਰ ਕੀਤਾ ਕਿ ਉਨ੍ਹਾਂ ਜਿਹੀ ਲਾਸਾਨੀ ਕੁਰਬਾਨੀ ਦੀ ਮਿਸਾਲ ਕੋਈ ਦੂਸਰੀ ਨਹੀਂ ਮਿਲਦੀ।ਡਾ. ਹਰਭਜਨ ਢਿੱਲੋਂ ਜੋ ‘ਸ਼ਬਦ ਸਾਂਝ’ ਸੰਸਥਾ ਦੇ ਸੰਚਾਲਕ ਹਨ।ਇਕਬਾਲ ਰਾਮੂਵਾਲੀਆ ਜੀ ਦੇ ਜੀਵਨ ਉੱਤੇ ਆਧਾਰਤ ਸੰਪਾਦਿਤ ਸਿਮਰਤੀ ਗ੍ਰੰਥ ਬਾਰੇ ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਤੇ ਇਹ ਸਿਮਰਤੀ ਗ੍ਰੰਥ ਸਭਾ ਨੂੰ ਭੇਟ ਕੀਤਾ ਤੇ ਆਲੋਚਕਾਂ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ।ਪ੍ਰਧਾਨ ਦਵਿੰਦਰ ਮਲਹਾਂਸ ਨੇ ਤੇਈ ਜੁਲਾਈ ਨੂੰ ਹੋਣ ਵਾਲੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਦੇ ਪਿਛੋਕੜ ਤੇ ਆਉਣ ਸਮਾਗਮ ਦੀ ਜਾਣਕਾਰੀ ਸਾਂਝੀ ਕੀਤੀ,ਜੋ ਬੱਚਿਆ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਦਾ ਖਾਸ ਉਪਰਾਲਾ ਹੈ।ਇਸ ਬਾਰੇ ਹੋਰ ਵੇਰਵਾ ਆਉਣ ਵਾਲੇ ਦਿਨਾਂ ਵਿਚ ਸਾਂਝਾ ਕੀਤਾ ਜਾਏਗਾ।ਸਭਾ ਦੀ ਪੂਰੀ ਕਾਰਜਕਾਰੀ ਕਮੇਟੀ ਅਤੇ ਆਏ ਹੋਏ ਖਾਸ ਮਹਿਮਾਨਾਂ ਵੱਲੋਂ ਇਹ ਪੋਸਟਰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ।ਇਸ ਤੋਂ ਇਲਾਵਾ ਜਸਬੀਰ ਕਲਸੀ ਧਰਮਕੋਟ ਵਲੋਂ ਲਿਖੀਆਂ ਚਾਰ ਪੁਸਤਕਾਂ ਦੀ ਜਾਣਕਾਰੀ ਸੰਖੇਪ ਪਰ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਸਾਂਝੀ ਕੀਤੀ ਤੇ ਕਿਹਾ ਕਿ ਜਸਬੀਰ ਕਲਸੀ ਆਪਣੀਆਂ ਲਿਖਤਾਂ ਪਰਪੱਕਤਾ ਨਾਲ ਲਿਖਦੇ ਹਨ।ਉਨ੍ਹਾਂ ਵੱਲੋਂ ਇਹ ਕਿਤਾਬਾਂ ਸਭਾ ਲਈ ਵਿਸ਼ੇਸ਼ ਤੌਰ ਤੇ ਭੇਜੀਆਂ ਗਈਆਂ ਸਨ।ਨਵ ਡਾਲਵੀ ਨੇ ਵੀ ਉਨ੍ਹਾਂ ਨਾਲ ਬਿਤਾਏ ਹੋਏ ਪਲਾਂ ਦਾ ਜ਼ਿਕਰ ਕੀਤਾ ਅਤੇ ਆਪਣੇ ਸਵਰਗਵਾਸੀ ਪਿਤਾ ਬਹਾਦਰ ਡਾਲਵੀ ਜੀ ਦਾ ਖ਼ੂਬਸੂਰਤ ਗੀਤ ‘ਦੁਨੀਆਂ ਮਤਲਬ ਦੀ,ਮਤਲਬ ਦੀ ਮੇਰੇ ਯਾਰ’ ਸੁਣਾ ਕੇ ਆਪਣੇ ਪਿਤਾ ਜੀ ਦੀ ਯਾਦ ਨੂੰ ਤਾਜ਼ਾ ਕੀਤਾ।ਬਲਵੀਰ ਗੋਰਾ ਨੇ ‘ਸੱਜਣ ਬੜੇ ਸਿਆਣੇ ਨੇ’ ਖ਼ੂਬਸੂਰਤ ਗੀਤ ਨਾਲ ਹਾਜ਼ਰੀ ਲਵਾਈ।ਮਜ਼ਦੂਰ ਦਿਵਸ (ਲੇਬਰ ਡੇਅ) ਦੇ ਸੰਬੰਧ ਵਿਚ ਬਲਜਿੰਦਰ ਸੰਘਾ ਨੇ ਆਪਣੀ ਪ੍ਰਭਾਵਸ਼ਾਲੀ ਕਵਿਤਾ ‘ਸਨਬਾਥ’ ਸਾਂਝੀ ਕੀਤੀ।ਜਿਸ ਵਿੱਚ ਮਜ਼ਦੂਰ ਦੀ ਜ਼ਿੰਦਗੀ ਦੀਆਂ ਤਲਖ਼ੀਆਂ ਦਾ ਜ਼ਿਕਰ ਸੀ ਇਸ ਤੋਂ ਇਲਾਵਾ ਉਹਨਾਂ ਸਾਹਿਤਕ ਅਤੇ ਸਮਾਜ ਸੁਧਾਰਕ ਇਕੱਠਾਂ ਵਿਚ ਲੋਕਾਂ ਦੀ ਘੱਟ ਗਿਣਤੀ ਅਤੇ ਲੱਚਰ ਗਾਇਕੀ ਆਦਿ ਪ੍ਰੋਗਰਾਮਾਂ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਲੈ ਕੇ ਭਾਈਚਾਰੇ ਦੀ ਮਾਨਸਿਕਤਾ ਦੀ ਤ੍ਰਾਸਦੀ ਦੀ ਗੱਲ ਕੀਤੀ ਤੇ ਸਮਾਜ ਦੇ ਨਿਘਾਰ ਬਾਰੇ ਚਿੰਤਾ ਵਿਅਕਤ ਕੀਤੀ।ਮੰਗਲ ਚੱਠਾ ਨੇ ਲੋਕਾਂ ਦੀ ਦੋਹਰੀ ਤੇ ਮੌਕੇ ਮੁਤਾਬਿਕ ਬਦਲਣ ਵਾਲੀ ਵਿਚਾਰਧਾਰਾ ਉੱਤੇ ਕਟਾਕਸ਼ ਕੀਤਾ।ਨਸ਼ਿਆਂ ਦੇ ਖ਼ਿਲਾਫ਼ ਲਿਖੇ ਹੋਏ ਆਪਣੇ ਕੁਝ ਸ਼ੇਅਰ ਵੀ ਸਾਂਝੇ ਕੀਤੇ।ਜਗਜੀਤ ਸਿੰਘ ਰੈਹਸੀ ਨੇ ਮਾਂ ਦਿਵਸ ਦੇ ਸਬੰਧ ਵਿੱਚ ਅਤੇ ਜ਼ਿੰਦਗੀ ਨਾਲ ਸਬੰਧਤ ਬਹੁਤ ਹੀ ਵੱਡਮੁੱਲੇ ਅਨਮੋਲ ਵਿਚਾਰ ਪੇਸ਼ ਕੀਤੇ।ਮਨਮੋਹਨ ਸਿੰਘ ਬਾਠ ਨੇ ‘ਯਾਰੜਿਆ!ਰੱਬ ਕਰਕੇ ਮੈਨੂੰ’ ਬਿਰਹੋਂ ਦਾ ਗੀਤ ਤਰੰਨਮ ਵਿਚ ਸੁਣਾਇਆ।ਸਭਾ ਦੀ ਮੀਟਿੰਗ ਵਿੱਚ ਪਹਿਲੀ ਵਾਰੀ ਹਾਜ਼ਰ ਹੋਏ ਤਲਵਿੰਦਰ ਸਿੰਘ ਟੋਨੀ ਨੇ ਮਨੁੱਖੀ ਜੀਵਨ ਵਿੱਚ ਕਿਤਾਬਾਂ ਦੇ ਪ੍ਰਭਾਵ ਦੀ ਗੱਲ ਕੀਤੀ।ਕੈਨੇਡਾ ਵਿੱਚ ਸਟੂਡੈਂਟ ਆ ਕੇ ਬਹੁਤ ਸੁਚੱਜੇ ਢੰਗ ਨਾਲ ਜ਼ਿੰਦਗੀ ਬਤੀਤ ਕਰਨ ਵਾਲੇ ਇਸ ਨੌਜਵਾਨ ਦੀ ਵਿਚਾਰਧਾਰਾ ਨੇ ਸਭ ਨੂੰ ਬਹੁਤ ਬਾਗੋ-ਬਾਗ ਕਰ ਦਿੱਤਾ।ਅਜਿਹੇ ਨੌਜਵਾਨਾਂ ਦੀ ਸਮਾਜ ਨੂੰ ਬਹੁਤ ਲੋੜ ਹੈ।ਤਲਵਿੰਦਰ ਟੋਨੀ ਨੇ ਆਪਣੀ ਲਿਖੀ ਖ਼ੂਬਸੂਰਤ ਨਜ਼ਮ ‘ਕਦੇ-ਕਦੇ ਦਿਲ ਕਰਦਾ’ ਸੁਣਾ ਕੇ ਵਾਹ-ਵਾਹ ਖੱਟੀ। ਜਗਦੀਸ਼ ਚੌਂਹਕਾ ਨੇ ਪੰਜਾਬੀ ਲਿਖਾਰੀ ਸਭਾ ਵਿੱਚ ਵਿਚਾਰੇ ਜਾਂਦੇ ਪ੍ਰਭਾਵਸ਼ਾਲੀ ਵਿਸ਼ਿਆ ਅਤੇ ਚਰਚਾ ‘ਤੇ ਖ਼ੁਸ਼ੀ ਜ਼ਾਹਿਰ ਕੀਤੀ।ਉਨ੍ਹਾਂ ਚੀਨ ਦੇ ਸੁਹਿਰਦ ਸਾਹਿਤ ਦਾ ਵੇਰਵਾ ਦਿੰਦਿਆਂ ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਕਿਹਾ ਕਿ ਕਈ ਲੇਖਕ ਭੂਤ ਦੀ ਵਿਰਾਸਤ ਦਾ ਬੋਝ ਚੁੱਕੀ ਫਿਰਦੇ ਹਨ ਤੇ ਬਹੁਤ ਜ਼ਿਆਦਾ ਲਿਖਣ ਤੇ ਘੱਟ ਪੜਨ ਵਿੱਚ ਵਿਸ਼ਵਾਸ ਰੱਖਦੇ ਹਨ ਪਰ ਚੰਗਾ ਤੇ ਪ੍ਰਭਾਵਸ਼ਾਲੀ ਸਾਹਿਤ ਲਿਖਣ ਦੀ ਲੋੜ ਉੱਤੇ ਜ਼ੋਰ ਦਿੱਤਾ।ਇਸੇ ਸੰਦਰਭ ਵਿੱਚ ਰਾਜਿੰਦਰ ਕੌਰ ਚੋਹਕਾ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। 2008 ਵਿਚ ਕੇਂਦਰੀ ਲਿਖਾਰੀ ਸਭਾ ਦੇ ਨੁਮਾਇੰਦੇ ਰਹਿੰਦਿਆਂ ਸਰਕਾਰ ਵੱਲੋਂ ਪੰਜਾਬੀ ਸਾਹਿਤ ਪ੍ਰਤੀ ਗ਼ੈਰ ਜ਼ਿੰਮੇਵਾਰ ਰਵੱਈਏ ਦੀ ਨਿਖੇਧੀ ਕੀਤੀ।ਰਣਜੀਤ ਸਿੰਘ ਨੇ ਤਸਵੀਰਾਂ ਖਿੱਚਣ ਤੋਂ ਲੈ ਕੇ ਪੂਰੀ ਮੀਟਿੰਗ ਦੀ ਹਰ ਪੱਖੋਂ ਦੇਖ-ਰੇਖ ਦੀ ਜ਼ਿੰਮੇਵਾਰੀ ਨਿਭਾਈ।ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਤੇ ਜ਼ੋਰਾਵਰ ਬਾਂਸਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਹਰ ਮਹੀਨੇ ਦੇ ਤੀਸਰੇ ਸ਼ਨੀਵਾਰ ਹੋਣ ਵਾਲੀ ਮਹੀਨਾਵਾਰ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਸਭ ਨੂੰ ਅਪੀਲ ਕੀਤੀ।ਅਗਲੀ ਮੀਟਿੰਗ ਅਠਾਰਾਂ ਜੂਨ ਨੂੰ ਕੋਸੋ ਹਾਲ ਵਿੱਚ ਹੀ ਹੋਵੇਗੀ।ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ 403 993 2201ਅਤੇ 587 437 7805 ‘ਤੇ ਸਪੰਰਕ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close