Punjab

ਬਾਦਲ ਪਰਿਵਾਰ ਹਾਰੇਗਾ ਪੰਜੇ ਸੀਟਾਂ : ਭਗਵੰਤ ਮਾਨ

ਸ਼ਾਹਕੋਟ, (ਪ੍ਰਿਤਪਾਲ ਸਿੰਘ): ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਸ਼ਾਹਕੋਟ ਵਿਖੇ ‘ਆਪ’ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ ‘ਚ ਕੀਤੇ ਰੋਡ ਸ਼ੋਅ ਦੌਰਾਨ ਵਿਰੋਧੀਆਂ ‘ਤੇ ਤਿੱਖੇ ਹਮਲੇ ਕੀਤੇ। ਇਸ ਦੌਰਾਨ ਮਾਨ ਨੇ ਵੱਡਾ ਦਾਅਵਾ ਕੀਤਾ ਕਿ ਵਿਧਾਨ ਸਭਾ ਦੀਆਂ 5 ਸੀਟਾਂ ਲੜ੍ਹ ਰਿਹਾ ਬਾਦਲ ਪਰਿਵਾਰ, ਪੰਜੇ ਸੀਟਾਂ ਹਾਰੇਗਾ।
ਭਗਵੰਤ ਮਾਨ ਨੇ ਕਿਹਾ ਕਿ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ, ਜਲਾਲਬਾਦ ਤੋਂ ਸੁਖਬੀਰ ਬਾਦਲ, ਅੰਮ੍ਰਿਤਸਰ ਈਸਟ ਤੋਂ ਸੁਖਬੀਰ ਦਾ ਸਾਲਾ ਬਿਕਰਮ ਸਿੰਘ ਮਜੀਠੀਆ, ਮਜੀਠਾ ਤੋਂ ਮਜੀਠੀਏ ਦੀ ਪਤਨੀ ਗਨੀਵ ਕੌਰ ਅਤੇ ਪੱਟੀ ਤੋਂ ਸੁਖਬੀਰ ਦੇ ਜੀਜਾ ਆਦੇਸ਼ਪ੍ਰਤਾਪ ਸਿੰਘ ਕੈਰੋਂ ਚੋਣ ਲੜ੍ਹ ਰਹੇ ਹਨ ਤੇ ਇਨ੍ਹਾਂ ਪੰਜੇਂ ਸੀਟਾਂ ‘ਤੇ ਆਮ ਆਦਮੀ ਪਾਰਟੀ ਜਿੱਤ ਦਰਜ ਕਰੇਗੀ। ਮਾਨ ਨੇ ਕਿਹਾ ਕਿ ਪੰਜਾਬ ਦੀ ਹਵਾ ਹੁਣ ਬਦਲ ਚੁੱਕੀ ਹੈ। ਇਸ ਵਾਰ ਬਾਦਲ ਪਰਿਵਾਰ ਦੀ ਸਿਆਸਤ ਦਾ ਅੰਤ ਹੋਣ ਵਾਲਾ ਹੈ। ਸੱਤਾ ਦੇ ਲਾਲਚ ਕਾਰਨ ਵੱਡੇ ਬਾਦਲ ਸੇਵਾ ਕਰਵਾਉਣ ਦੀ ਉਮਰ ’ਚ ਲੋਕਾਂ ਕੋਲੋਂ ਸੇਵਾ ਕਰਨ ਦਾ ਇਕ ਹੋਰ ਮੌਕਾ ਮੰਗ ਰਹੇ ਹਨ। 94
ਸਾਲ ਦੀ ਉਮਰ ’ਚ ਲੋਕ ਭਗਵਾਨ ਦਾ ਨਾਂ ਲੈਂਦੇ ਹਨ ਪਰ ਸੱਤਾ ਦੇ ਮੋਹ ’ਚ ਪ੍ਰਕਾਸ਼ ਸਿੰਘ ਬਾਦਲ ਬੁਢਾਪੇ ’ਚ ਵੀ ਚੋਣ ਲੜ ਰਹੇ ਹਨ। ਮਾਨ ਨੇ ਬਾਦਲ ਪਰਿਵਾਰ ਤੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਤੇ ਉਨ੍ਹਾਂ ਦੇ ਜੀਵਨ ਦੇ ਨਾਲ ਖਿਲਵਾੜ ਕੀਤਾ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਨੌਜਵਾਨ ਰੋਜ਼ਗਾਰ ਲਈ ਸੜਕਾਂ ‘ਤੇ ਸੰਘਰਸ਼ ਕਰ ਰਹੇ ਹਨ। ਲੱਖਾਂ ਨੌਜਵਾਨਾਂ ਦੀ ਸਰਕਾਰੀ ਨੌਕਰੀ ਪਾਉਣ ਦੀ ਉਮਰ ਖਤਮ ਹੋ ਗਈ ਪਰ ਨਾ ਤਾਂ ਬਾਦਲ, ਭਾਜਪਾ ਤੇ ਨਾ ਹੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਠੋਸ ਕਦਮ ਚੁੱਕੇ।

ਭਗਵੰਤ ਮਾਨ ਨੇ ਕਿਹਾ ਕਿ 20 ਮਿੰਟ ਦੇ ਭਾਸ਼ਣ ਦੌਰਾਨ ਅਮਿਤ ਸ਼ਾਹ, ਪ੍ਰਿਅੰਕਾ ਗਾਂਧੀ, ਸੁਖਬੀਰ ਬਾਦਲ, ਚਰਨਜੀਤ ਚੰਨੀ, ਨਵਜੋਤ ਸਿੱਧੂ ਤੇ ਹੋਰ ਲੀਡਰ 18 ਮਿੰਟ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਹੀ ਕੋਸਦੇ ਰਹਿੰਦੇ ਹਨ ਪਰ ਕੋਈ ਵੀ ਪੰਜਾਬ ਦੀ ਗੱਲ ਨਹੀਂ ਕਰਦਾ। ਮਾਨ ਨੇ ਵਾਅਦਾ ਕੀਤਾ ਕਿ ਉਹ ਪੰਜਾਬ ਦੇ  ਜਵਾਨਾਂ ਦੀਆਂ ਸਮੱਸਿਆਵਾਂ ਦੂਰ ਕਰਨਗੇ। ਬੇਰੁਜ਼ਗਾਰ ਨੌਜਵਾਨਾਂ ਨੂੰ ਚੰਗੀ ਨੌਕਰੀ ਦੇ ਮੌਕੇ ਪ੍ਰਦਾਨ ਕਰਨਗੇ ਤੇ ਖੁਦ ਦਾ ਵਪਾਰ ਕਰਨ ਲਈ ਸਰਕਾਰੀ ਮਦਦ ਦੇਣਗੇ। ਉਨ੍ਹਾਂ ਕਿਹਾ ਕਿ ‘ਆਪ’ ਦਾ ਉਦੇਸ਼ ਬੇਰੁਜ਼ਗਾਰਾਂ ਨੂੰ ਸਿਰਫ ਰੋਜ਼ਗਾਰ ਦੇਣਾ ਹੀ ਨਹੀਂ, ਉਨ੍ਹਾਂ ਨੂੰ ਰੋਜ਼ਗਾਰ ਦੇਣ ਵਾਲਾ ਬਣਾਉਣਾ ਹੈ। ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਰੋਕਿਆ ਜਾਵੇਗਾ ਤੇ ਉਨ੍ਹਾਂ ਨੂੰ ਪੰਜਾਬ ’ਚ ਹੀ ਭਰਪੂਰ ਮੌਕੇ ਤੇ ਸਾਧਨ ਪ੍ਰਦਾਨ ਕੀਤੇ ਜਾਣਗੇ। ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਸਭ ਨੇ ਮਿਲ ਕੇ ਪੰਜਾਬ ਦੀ ਕਿਸਮਤ ਬਦਲਣੀ ਹੈ। ਇਸ ਮੌਕੇ ਥਾਂ-ਥਾਂ ਫੁੱਲ ਬਰਸਾ ਕੇ ਤੇ ਹਾਰ ਪਹਿਨਾ ਕੇ ਲੋਕਾਂ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ। ਇਸ ਮੌਕੇ ‘ਆਪ’ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ, ਬੀਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੀਚੇਵਾਲ, ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਚੱਠਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਰਾਮਪੁਰ, ਕੁਲਦੀਪ ਸਿੰਘ ਦੀਦ, ਜਸਪਾਲ ਸਿੰਘ ਮਿਗਲਾਨੀ, ਰੂਪ ਲਾਲ ਸ਼ਰਮਾ, ਸਵਿੰਦਰ ਸਿੰਘ ਸੋਨੂੰ, ਮਨੋਜ ਅਰੋੜਾ, ਕ੍ਰਿਸ਼ਨ ਬਿੱਟੂ ਸਮੇਤ ਵੱਡੀ ਗਿਣਤੀ ‘ਚ ਸਥਾਨਕ ਆਗੂ ਵੀ ਮੌਜੂਦ ਸਨ।

Show More

Related Articles

Leave a Reply

Your email address will not be published. Required fields are marked *

Close