Punjab

ਮਾਮਲਾ: ਰੇਤ ਮਾਫ਼ੀਆ ਨਾਲ ਰੱਲਕੇ ਨਜਾਇਜ਼ ਮਾਇਨਿੰਗ ਕਰਵਾਉਣ ਅਤੇ ਵਿਰੋਧ ਕਰਨ ਵਾਲੇ ਲੋਕਾਂ ਉੱਪਰ ਹਮਲਾ ਕਰਵਾਉਣ ਦਾ

ਜਲੰਧਰ (ਦਲਜੀਤ ਕੌਰ ਭਵਾਨੀਗੜ੍ਹ)- ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਝੰਡੀ ਪੀਰ ਕਡਿਆਣਾ ਤੇ ਸੇਲਕੀਆਣਾ ਫਿਲੌਰ ਵਿਖੇ ਇੱਕ ਰੇਤ ਮਾਫੀਆ ਨੂੰ ਰੇਤਾਂ ਦੀ ਨਜਾਇਜ਼ ਖੁਦਾਈ ਕਰਨ ਦਾ ਵਿਰੋਧ ਕਰਨ ਵਾਲੇ ਲੋਕਾਂ ਉੱਪਰ ਨਹਿਰੀ ਵਿਭਾਗ ਦੇ ਅਧਿਕਾਰੀ ਦੀ ਹਾਜ਼ਰੀ ਵਿੱਚ ਹਮਲਾ ਕਰਵਾਉਣ ਵਾਲੇ ਕਾਰਜਕਾਰੀ ਇੰਜੀਨੀਅਰ ਨਹਿਰੀ ਵਿਭਾਗ ਫਗਵਾੜਾ ਮੰਡਲ ਜਲੰਧਰ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ 24 ਜਨਵਰੀ ਨੂੰ ਨਹਿਰੀ ਵਿਭਾਗ ਦੇ ਕਪੂਰਥਲਾ ਚੌਂਕ ਨਜ਼ਦੀਕ ਸਥਿਤ ਜਲੰਧਰ ਦਫ਼ਤਰ ਅੱਗੇ ਧਰਨਾ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਕਿਹਾ ਕਿ ਰੇਤ ਮਾਫੀਆ ਨੂੰ ਖ਼ਤਮ ਕਰਨ ਦੇ ਮੌਕੇ ਦੀ ਹਕੂਮਤ ਦੇ ਐਲਾਨ ਤੇ ਦਾਅਵੇ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਸਰਕਾਰੀ ਸਰਪ੍ਰਸਤੀ ਹੇਠ ਕਾਰਜਕਾਰੀ ਇੰਜੀਨੀਅਰ ਨਹਿਰੀ ਵਿਭਾਗ ਫਗਵਾੜਾ ਮੰਡਲ ਜਲੰਧਰ ਝੰਡੀ ਪੀਰ ਕਡਿਆਣਾ ਤੇ ਸੇਲਕੀਆਣਾ ਵਿਖੇ ਸਤਲੁੱਜ ਦਰਿਆ ਵਿੱਚੋਂ ਪਾਣੀ ਦੇ ਸਿੱਧੇ ਚੱਲ ਰਹੇ ਵਹਾਅ ਨੂੰ ਬੰਨ੍ਹ ਮਾਰ ਕੇ ਹਾਈਕੋਰਟ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਕੇ ਜੇਸੀਪੀ ਮਸ਼ੀਨਾਂ ਤੇ ਟਿੱਪਰ ਲਗਾ ਕੇ ਕਰਵਾਈ ਜਾ ਰਹੀ ਨਜਾਇਜ਼ ਖੁਦਾਈ ਅਤੇ ਝੰਡੀਪੀਰ ਕਡਿਆਣਾ ਵਿਖੇ ਪੰਚਾਇਤੀ ਜ਼ਮੀਨ ਚੋਂ ਕਰਵਾਈ ਜਾ ਰਹੀ ਨਜਾਇਜ਼ ਖੁਦਾਈ ਦਾ ਕਿਸਾਨਾਂ ਮਜ਼ਦੂਰਾਂ ਵਲੋਂ ਡੱਟ ਕੇ ਕਈ ਵਿਰੋਧ ਕਰਨ ਉਪਰੰਤ ਐੱਸਡੀਐੱਮ ਅਤੇ ਡੀਐੱਸਪੀ ਫਿਲੌਰ ਨੇ ਉੱਚ ਅਧਿਕਾਰੀਆਂ ਦੇ ਦਖ਼ਲ ਉਪਰੰਤ ਨਜਾਇਜ਼ ਰੇਤ ਮਾਈਨਿੰਗ ਨੂੰ ਬੰਦ ਕਰਵਾ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਅਤੇ ਹਜ਼ਾਰਾਂ ਏਕੜ ਉਪਜਾਊ ਜ਼ਮੀਨਾਂ ਜਿੱਥੇ ਬੰਜ਼ਰ ਬਣਨ ਅਤੇ ਪਿੰਡਾਂ ਦੇ ਪਿੰਡ ਉਜੜਨ ਦਾ ਖਦਸ਼ਾ ਬਣਿਆ ਹੋਇਆ ਸੀ।ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਨਹਿਰੀ ਵਿਭਾਗ ਵਿੱਚ ਬੈਠੀ ਕਾਲੀ ਭੇਡ ਕਾਰਜ਼ਕਾਰੀ ਇੰਜੀਨੀਅਰ ਫਗਵਾੜਾ ਮੰਡਲ ਜਲੰਧਰ ਰੇਤ ਮਾਫੀਆ ਨਾਲ ਮਿਲੀਭੁਗਤ ਕਰਕੇ ਨਜਾਇਜ਼ ਖੁਦਾਈ ਤੋਂ ਬਾਜ਼ ਨਹੀਂ ਆ ਰਿਹਾ।

ਉਨ੍ਹਾਂ ਅੱਗੇ ਦੱਸਿਆ ਕਿ ਮੁੜ ਖ਼ੁਦਾਈ ਕਰਵਾਉਣ ਲਈ ਵਧੀਕ ਇੰਜੀਨੀਅਰ ਦੇ ਹੁਕਮਾਂ ਉੱਤੇ ਐੱਸਡੀਉ ਫਗਵਾੜਾ ਵਲੋਂ ਮਿਤੀ 18 ਜਨਵਰੀ ਨੂੰ ਰੇਤ ਮਾਫੀਆ ਦੇ ਲੋਕਾਂ ਅਤੇ ਖ਼ੁਦਾਈ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਝੰਡੀ ਪੀਰ ਕਡਿਆਣਾ ਦੀ ਪੰਚਾਇਤੀ ਜ਼ਮੀਨ ਵਿੱਚ ਸਾਜ਼ਿਸ਼ ਤਹਿਤ ਇੱਕ ਜਗ੍ਹਾ ਇਕੱਠੇ ਕਰਕੇ ਧੱਕੇ ਨਾਲ ਖ਼ੁਦਾਈ ਦਾ ਵਿਰੋਧ ਕਰਨ ਵਾਲੇ ਲੋਕਾਂ ਉੱਪਰ ਸਮਾਜ ਵਿਰੋਧੀ ਅਨਸਰਾਂ ਤੋਂ ਹਮਲੇ ਕਰਵਾ ਦਿੱਤਾ।

ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਔਰਤ ਪੰਚ ਜਸਪ੍ਰੀਤ ਕੌਰ ਤੇ ਉਸਦਾ ਪਤੀ ਮੇਹਰ ਚੰਦ ਜ਼ਖਮੀ ਹੋਏ। ਸਿਆਸੀ ਦਬਾਅ ਹੇਠ ਹੋਣ ਕਾਰਨ ਪਹਿਲਾਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਦਾ ਇਲਾਜ਼ ਅਤੇ ਮੈਡੀਕਲ ਮੁਲਾਹਜਾ ਕਰਨ ਤੋਂ ਆਨਾਕਾਨੀ ਕੀਤੀ ਉਪਰੰਤ ਫਿਲੌਰ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰਨ ਉਪਰੰਤ ਅੱਜ ਤੱਕ ਢੁੱਕਵੀਂ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ ਰੇਤ ਮਾਫੀਆ ਨਾਲ ਮਿਲੀਭੁਗਤ ਕਰਨ ਵਾਲੇ ਕਾਰਜ਼ਕਾਰੀ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਵਾਸਤੇ ਮਜ਼ਬੂਰ ਹੋਣਾ ਪੈ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close