Punjab

~ਮਾਮਲਾ: ਕਾਂਸਟੇਬਲ ਭਰਤੀ ਪ੍ਰਕਿਰਿਆ ‘ਚ ਧੱਕੇਸ਼ਾਹੀ ਦਾ~

ਚੰਨੀ ਦੀ ਬੇਰੁਖੀ ਖਿਲਾਫ਼ ਮੋਰਿੰਡੇ ਧਰਨਾ ਦੂਜੇ ਦਿਨ ਵੀ ਜਾਰੀ

ਦਲਜੀਤ ਕੌਰ ਭਵਾਨੀਗੜ੍ਹ

ਐੱਸ.ਏ.ਐੱਸ. ਨਗਰ/ਮੁਹਾਲੀ,- ਅੱਜ ਸੰਯੁਕਤ ਪੀ ਪੀ ਬੇਰੁਜ਼ਗਾਰ ਸੰਘਰਸ਼ ਮੋਰਚੇ ਵੱਲੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੁਰਿੰਡਾ ਦਾਣਾ ਮੰਡੀ ਵਿੱਚ ਪੰਜਾਬ ਪੁਲਿਸ ਭਰਤੀ ਘਪਲੇ ਖਿਲਾਫ ਅਤੇ ਬੰਦ ਪਈਆਂ ਭਰਤੀਆਂ ਖਲਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਦੂਸਰੇ ਦਿਨ ਵੀ ਜਾਰੀ ਹੈ। ਅੱਜ ਦਿੱਲੀ ਬਾਰਡਰਾਂ ਤੋਂ ਚੱਲੇ ਪੰਜਾਬ ਫਤਹਿ ਮਾਰਚ ਦੇ ਸਵਾਗਤ ਵਿੱਚ ਨੌਜਵਾਨਾਂ ਨੇ ਭੰਗੜੇ ਪਾ ਕੇ ਦਿੱਲੀ ਅੰਦੋਲਨ ਦੀ ਜਿੱਤ ਦੀ ਖੁਸ਼ੀ ਵੀ ਮਨਾਈ।

ਇਸ ਮੌਕੇ ਸੰਯੁਕਤ ਪੀਪੀ ਬੇਰੁਜਗਾਰ ਸੰਘਰਸ਼ ਮੋਰਚਾ ਦੇ ਕਨਵੀਨਰ ਕਰਪਾਲ ਸਿੰਘ, ਕੋ-ਕਨਵੀਨਰ ਗੁਰਸੇਵਕ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ ਨੇ ਚੰਨੀ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਸਾਰੀ ਰਾਤ ਨੌਜਵਾਨ ਲੜਕੇ, ਲੜਕੀਆਂ ਅਨਾਜ ਮੰਡੀ ਵਿੱਚ ਖੁੱਲੇ ਆਸਮਾਨ ਹੇਠ ਠੰਢ ਵਿੱਚ ਠਰਦੇ ਰਹੇ। ਪ੍ਰਸਾਸ਼ਨ ਨੇ ਕੋਈ ਪਾਣੀ, ਬਾਥਰੂਮ ਦਾ ਪ੍ਰੰਬਧ ਨਹੀਂ ਕੀਤਾ। ਰਾਤ ਸਮਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ।

ਸੰਯੁਕਤ ਪੀਪੀ ਬੇਰੁਜਗਾਰ ਸੰਘਰਸ਼ ਮੋਰਚਾ ਦੇ ਆਗੂ ਕੁਲਵਿੰਦਰ ਸਿੰਘ, ਅਮਨ ਕੌਰ, ਬਲਜਿੰਦਰ ਸਿੰਘ, ਪ੍ਰਭ ਸਿੰਘ ਨੇ ਕਿਹਾ ਕਿ ਚੰਨੀ ਸਰਕਾਰ ਆਪਣੇ ਚੋਣ ਪ੍ਰਚਾਰ ਵਿੱਚ ਥਾਂ-ਥਾਂ ਜਾ ਕੇ ਵਾਅਦੇ ਕਰਦੀ ਹੈ ਪਰ ਬਹੁਤ ਸਾਰੇ ਲੋਕ ਆਪਣੀਆ ਮੰਗਾਂ ਨੂੰ ਲੈਕੇ ਚੰਨੀ ਦੇ ਸ਼ਹਿਰ ਉਸਦੇ ਦਰ ਤੇ ਆਵਦੀ ਫਰਿਆਦ ਲੈਕੇ ਬੈਠੇ ਸਨ, ਪਰ ਕੈਪਟਨ ਵਾਂਗ ਚੰਨੀ ਦੇ ਸਿਰ ਕੋਈ ਜੂੰ ਨਹੀਂ ਸਰਕ ਰਹੀ।

ਉਹਨਾਂ ਕਿਹਾ ਕਾਂਗਰਸ ਸਰਕਾਰ ਨੇ ਜਿਵੇ ਪਹਿਲਾਂ ਲੋਕਾਂ ਨੂੰ ਲਾਰੇ ਲਾਕੇ ਧਾਰਮਿਕ ਭਾਵਨਾਵਾਂ ਨਾਲ ਬੇਵਕੂਫ ਬਣਾਇਆ ਸੀ ਹੁਣ ਵੀ ਉਸੇ ਤਰਾਂ ਬੇਅਦਬੀ ਦੇ ਨਾਮ ‘ਤੇ ਫ਼ਿਰਕਾਪਰਸਤੀ ਰਾਹੀਂ ਘੱਟ ਗਿਣਤੀਆਂ ਨੂੰ ਗੁਮਰਾਹ ਤੇ ਬੇਵਕੂਫ ਬਣਾਉਣ ਵਿੱਚ ਲੱਗੀ ਹੋਈ ਹੈ। ਉਹਨਾ ਕਿਹਾ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਸਨ ਹੋਰ ਬੇਵਕੂਫ ਨਹੀਂ ਬਣਨਗੇ ਦਿੱਲੀ ਦੇ ਸੰਘਰਸ਼ ਤੋ ਪੰਜਾਬ ਦੀ ਜਵਾਨੀ ਲੜਨਾ ਸਿੱਖ ਚੁੱਕੀ ਹੈ ਇਸ ਲਈ ਹੁਣ ਹਾਕਮ ਨੌਜਵਾਨਾਂ ਦਾ ਸਹਾਮਣਾ ਕਰਨ ਲਈ ਤਿਆਰ ਰਹਿਣ।

ਨੌਜਵਾਨ ਭਾਰਤ ਸਭਾ ਦੇ ਇਲਾਕਾ ਪ੍ਰਧਾਨ ਰਜਿੰਦਰ ਸਿੰਘ ਰਾਜੇਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੁਜਗਾਰ ਪੰਜਾਬ ਦਾ ਬੇਹੱਦ ਗੰਭੀਰ ਮਸਲਾ ਹੈ। ਜਿਸ ਦੇ ਕਰਕੇ ਵਿਦੇਸ਼ਾਂ ਨੂੰ ਪ੍ਰਵਾਸ, ਨਸ਼ਾ, ਗੈਂਗਵਾਰ ਵਧ ਰਿਹਾ ਹੈ। ਚੰਨੀ ਕੋਈ ਆਮ ਨਹੀਂ ਬੇਹੱਦ ਖਾਸ ਹੈ, ਜਿਸ ਨੂੰ ਕੱਲ ਰਾਤ ਦੇ ਚੰਨੀ ਦੇ ਦਰ ‘ਤੇ ਬੈਠੇ ਨੌਜਵਾਨ ਲੜਕੇ, ਲੜਕੀਆਂ ਨਹੀਂ ਦਿਖ ਰਹੇ।

ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਬ-ਇੰਸਪੈਕਟਰ ਦਾ ਪੇਪਰ ਦੁਬਾਰਾ ਲਿਆ ਜਾਵੇ, ਹੈੱਡ ਕਾਂਸਟੇਬਲ, ਇੰਟੈਲੀਜੈਂਸ ਅਤੇ ਪਟਵਾਰੀ ਦੀ ਭਰਤੀ ਦਾ ਰਿਜਲਟ ਜਲਦ ਤੋ ਜਲਦ ਕੱਢਿਆ ਜਾਵੇ, ਪੰਜਾਬ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਵਿੱਚ 10,000 ਤੱਕ ਵਾਧਾ ਕੀਤਾ ਜਾਵੇ, ਇਹਨਾ 10,000 ਕਾਂਸਟੇਬਲ ਦੀਆਂ ਭਰਤੀਆਂ ਲਈ 10 ਗੁਣਾ ਕੈਡੀਡੇਟ ਫਿਜ਼ੀਕਲ ਟਰਾਇਲ ਲਈ ਬਲਾਏ ਜਾਣ, ਚੌਣ ਜਾਬਤਾ ਲੱਗਣ ਦੌਰਾਨ ਇਹਨਾਂ ਭਰਤੀਆਂ ਨੂੰ ਰੋਕਿਆ ਨਾ ਜਾਵੇ ਹਰ ਹਾਲਤ ਸਿਰੇ ਚੜਾਇਆ ਜਾਵੇ।

Show More

Related Articles

Leave a Reply

Your email address will not be published. Required fields are marked *

Close