International

ਬੱਚਿਆਂ ਤੇ ਨਬਾਲਗਾਂ ਨੂੰ ਕੋਵਿਡ ਬੂਸਟਰ ਖੁਰਾਕ ਲਾਉਣ ਬਾਰੇ ਛੇਤੀ ਸਿੱਟੇ ਉਪਰ ਪੁਜਿਆ ਜਾਵੇਗਾ-ਮਾਹਿਰ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਹੁਣ ਜਦ ਕਿ ਅਮਰੀਕਾ ਨੇ ਮੁਕੰਮਲ ਕੋਵਿਡ-19 ਟੀਕਾਕਰਣ ਕਰਵਾ ਚੁੱਕੇ ਸਾਰੇ ਬਾਲਗਾਂ ਨੂੰ ਬੂਸਟਰ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਦਰਮਿਆਨ ਮਾਪਿਆਂ ਵਿਚ ਆਪਣੇ ਛੋਟੇ ਬੱਚਿਆਂ ਜਾਂ ਨਬਾਲਗਾਂ ਨੂੰ ਬੂਸਟਰ ਖੁਰਾਕ ਦੇਣ ਬਾਰੇ ਦੁਚਿੱਤੀ ਪਾਈ ਜਾ ਰਹੀ ਹੈ। ਇਸ ਸਮੇ ਫਾਈਜ਼ਰ ਜਾਂ ਮੋਡਰਨਾ ਕੋਰੋਨਾ ਵੈਕਸੀਨ ਦੀ ਸਾਰੇ ਬਾਲਗਾਂ ਜਿਨਾਂ ਨੇ ਘੱਟੋ ਘੱਟ 6 ਮਹੀਨੇ ਪਹਿਲਾਂ ਕੋਵਿਡ-19 ਦੀਆਂ ਦੋਨੋਂ ਖੁਰਾਕਾਂ ਲਗਵਾ ਲਈਆਂ ਹਨ, ਨੂੰ ਬੂਸਟਰ  ਖੁਰਾਕ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਘੱਟੋ ਘੱਟ 2 ਮਹੀਨੇ ਪਹਿਲਾਂ ਕੋਵਿਡ ਵੈਕਸੀਨ ਦੀ ਇਕ ਖੁਰਾਕ ਲਗਵਾਈ ਹੈ, ਵਾਸਤੇ ਜੌਹਨਸਨ ਐਂਡ ਜੌਹਨਸਨ ਦੀ ਬੂਸਟਰ ਖੁਰਾਕ ਲਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। 6 ਮਹੀਨੇ ਪਹਿਲਾਂ ਮਈ ਵਿਚ ਜਦੋਂ ”ਯੂ ਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ” ਨੇ 12 ਤੋਂ 15 ਸਾਲਾਂ ਦੇ ਨਬਾਲਗਾਂ ਲਈ ਫਾਈਜ਼ਰ ਦੀ ਕੋਵਿਡ ਵੈਕਸੀਨ ਲਾਉਣ ਦੀ ਸਿਫਾਰਿਸ਼ ਕੀਤੀ ਸੀ ਤਾਂ ”ਯੂ ਐਸ ਸੈਂਟਰਜ਼ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ” ਨੇ ਵੀ ਇਸ ਗਰੁੱਪ ਦੇ ਨਬਾਲਗਾਂ ਦੇ ਕੋਵਿਡ ਟੀਕਾਕਰਣ ਦੀ ਸਿਫਾਰਿਸ਼ ਕੀਤੀ ਸੀ ਤੇ ਇਸ ਪਿਛੋਂ ਛੇਤੀ ਨਬਾਲਗਾਂ ਦੇ ਟੀਕਾਕਰਣ ਸ਼ੁਰੂ ਕਰ ਦਿੱਤਾ ਗਿਆ ਸੀ ਪਰੰਤੂ ਬੱਚਿਆਂ ਦੇ ਬੂਸਟਰ ਖੁਰਾਕ ਲਵਾਉਣ ਬਾਰੇ ਮਾਪਿਆਂ ਦੀ ਅਜੇ ਸਪੱਸ਼ਟ ਰਾਏ ਨਹੀਂ ਬਣ ਸਕੀ। ਬਾਲ ਟੀਕਾਕਰਣ ਪ੍ਰੀਖਣ ਦੇ ਇਕ ਸਥਾਨ ‘ਬੱਚਿਆਂ ਦਾ ਟੈਕਸਾਸ ਦਾ ਹਸਪਤਾਲ’ ਵਿਚ ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਵਜੋਂ ਸੇਵਾਵਾਂ ਦੇ ਰਹੇ ਡਾਕਟਰ ਫਲੋਰ ਮੂਨੋਜ਼ ਨੇ ਕਿਹਾ ਹੈ ਕਿ ਅਜੇ ਅਸੀਂ ਨਹੀਂ ਜਾਣਦੇ ਕਿ ਬੱਚਿਆਂ ਨੂੰ ਬੂਸਟਰ ਖੁਰਾਕ ਦੀ ਲੋੜ ਹੈ ਜਾਂ ਨਹੀਂ ਪਰੰਤੂ ਅਸੀਂ ਇਸ ਪ੍ਰਸ਼ਨ ਦਾ ਉਤਰ ਦੇਣ ਲਈ ਸਰਗਰਮੀ ਨਾਲ ਅਧਿਅਨ ਕਰ ਰਹੇ ਹਾਂ। ਉਨ੍ਹਾਂ ਕਿਹਾ ਹੈ ਕਿ ਇਸ ਸਬੰਧੀ ਅਧਿਅਨ ਚੱਲ ਰਿਹਾ ਹੈ ਤੇ ਅੰਕੜੇ ਅਗਲੇ ਸਾਲ ਪ੍ਰਾਪਤ ਹੋ ਜਾਣਗੇ। ”ਨੈਸ਼ਨਲ ਇੰਸਟੀਚਿਊਟਸ ਆਫ ਅਲੈਰਜੀ ਐਂਡ ਇਨਫੈਕਸ਼ੀਅਸ ਡਸੀਜ਼” ਦੇ ਮੁੱਖੀ ਡਾਕਟਰ ਐਨਥਨੀ ਫੌਕੀ ਨੇ ਇਸ ਸਬੰਧੀ ਕਿਹਾ ਹੈ ਕਿ ਵੱਡੀ ਉਮਰ ਦੇ ਲੋਕਾਂ ਦੇ ਮੁਕਾਬਲੇ ਨਬਾਲਗਾਂ ਨੂੰ ਬੂਸਟਰ ਖੁਰਾਕ ਦੀ ਘੱਟ ਲੋੜ ਹੈ ਕਿਉਂਕਿ ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਪ੍ਰਣਾਲੀ ਮਜਬੂਤ ਹੁੰਦੀ ਹੈ। ਫੌਕੀ ਦਾ ਮੰਨਣਾ ਹੈ ਕਿ 18 ਸਾਲ ਜਾਂ ਇਸ ਤੋਂ ਵਧ ਉਮਰ ਦੇ ਲੋਕ ਜਿਨਾਂ ਦੇ ਦੋਨੋਂ ਖੁਰਾਕਾਂ ਲੱਗ  ਚੁੱਕੀਆਂ ਹਨ, ਨੂੰ ਬੂਸਟਰ ਖੁਰਾਕ ਲਵਾ ਲੈਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਕਮਜੋਰ ਹੋਈ ਰੋਗਾਂ ਨਾਲ ਲੜਨ ਦੀ ਪ੍ਰਣਾਲੀ ਨੂੰ ਬਲ ਮਿਲੇਗਾ।

 

 

 

 

Show More

Related Articles

Leave a Reply

Your email address will not be published. Required fields are marked *

Close