Punjab

ਸਿੰਘੂ ਕਤਲ ਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਸ਼ੁਰੂ

ਤਰਨ ਤਾਰਨ-ਪੰਜਾਬ ਸਰਕਾਰ ਵੱਲੋਂ ਗਠਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਨੇ ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਨੇੜੇ ਨਿਹੰਗ ਸਿੰਘਾਂ ਵੱਲੋਂ ਲਖਬੀਰ ਸਿੰਘ (40) ਨਾਂ ਦੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਹੋਇਆ ਨੌਜਵਾਨ ਸਰਹੱਦੀ ਜ਼ਿਲ੍ਹੇ ਤਰਨ ਤਰਾਨ ਦੇ ਪਿੰਡ ਚੀਮਾ ਕਲਾਂ ਰਹਿੰਦਾ ਸੀ ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ। ਘਟਨਾ ਦੀ ਜਾਂਚ-ਪੜਤਾਲ ਕਰਨ ਤੇ ਪਿੰਡ ਸਮੇਤ ਇਲਾਕੇ ’ਚੋਂ ਹੋਰ ਤੱਥ ਇਕੱਤਰ ਕਰਨ ਲਈ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ ਗਠਿਤ ਪੰਜ-ਮੈਂਬਰੀ ਟੀਮ ਦੇ ਦੋ ਮੈਂਬਰਾਂ ਨੇ ਵੀ ਪਿੰਡ ਵਿੱਚ ਡੇਰਾ ਲਾਇਆ ਹੋਇਆ ਹੈ। ਇਸ ਦੌਰਾਨ ਹਰਿਆਣਾ ਪੁਲੀਸ ਦੀ ਟੀਮ ਵੀ ਜਾਂਚ ਲਈ ਤਰਨ ਤਾਰਨ ਪਹੁੰਚ ਗਈ ਹੈ। ਟੀਮ ਵਲੋਂ ਪਿੰਡ ਹਵੇਲੀਆਂ ਦਾ ਵੀ ਦੌਰਾ ਕੀਤਾ ਗਿਆ ਤੇ ਪਰਗਟ ਸਿੰਘ ਦੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ। ਸਿੰਘੂ ਕਤਲਕਾਂਡ ਦੀ ਜਾਂਚ ਕਰਨ ਵਾਲੀਆਂ ਧਿਰਾਂ ਦਾ ਸਾਰਾ ਧਿਆਨ ਇਸ ਵੇਲੇ ਇਸ ਗੱਲ ’ਤੇ ਹੈ ਕਿ ਲਖਬੀਰ ਸਿੰਘ ਆਪਣੇ ਪਿੰਡ ਤੋਂ ਦਿੱਲੀ ਦੇ ਸਿੰਘੂ ਬਾਰਡਰ ਤੱਕ ਕਿੰਨ੍ਹਾਂ ਹਾਲਾਤ ਵਿੱਚ ਪੁੱਜਾ। ਲਖਬੀਰ ਸਿੰਘ ਵਲੋਂ ਵਰਤੇ ਜਾਂਦੇ ਮੋਬਾਈਲ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਲਖਬੀਰ ਸਿੰਘ ਦੀ ਮਾਲੀ ਹਾਲਤ ਮੋਬਾਈਲ ਖਰੀਦਣ ਦੀ ਨਹੀਂ ਸੀ, ਜਿਸ ਕਰਕੇ ਉਸ ਕੋਲ ਆਪਣਾ ਮੋਬਾਈਲ ਫੋਨ ਤੱਕ ਨਹੀਂ ਸੀ| ਇਕ ਜਾਣਕਾਰੀ ਅਨੁਸਾਰ ਲਖਬੀਰ ਸਿੰਘ ਕਿਸੇ ਬਾਹਰਲੇ ਵਿਅਕਤੀ ਨਾਲ ਗੱਲਬਾਤ ਕਰਨ ਲਈ ਆਪਣੀ ਭੈਣ ਰਾਜ ਕੌਰ ਦੇ ਮੋਬਾਈਲ ਦੀ ਹੀ ਵਰਤੋਂ ਕਰਦਾ ਹੁੰਦਾ ਸੀ। ਹਾਲਾਂਕਿ ਰਾਜ ਕੌਰ ਨੇ ਕਿਹਾ ਕਿ ਲਖਬੀਰ ਜ਼ਿਆਦਾ ਕਰਕੇ ਬਾਹਰੋਂ ਕਿਸੇ ਦਾ ਮੋਬਾਈਲ ਲੈ ਕੇ ਆਉਂਦਾ ਸੀ। ਪੰਜਾਬ ਸਰਕਾਰ ਦੀ ਤਿੰਨ-ਮੈਂਬਰੀ ਟੀਮ (ਸਿੱਟ) ਦੇ ਮੈਂਬਰ ਤੇ ਇਥੋਂ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਟੀਮ ਨੇ ਜਾਂਚ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ| ਉਨ੍ਹਾਂ ਦੱਸਿਆ ਕਿ ਟੀਮ ਲਖਬੀਰ ਸਿੰਘ ਦੇ ਦਿੱਲੀ ਦੇ ਸਿੰਘੂ ਬਾਰਡਰ ਤੱਕ ਪਹੁੰਚਣ ਦੀ ਜਾਣਕਾਰੀ ਇਕੱਤਰ ਕਰ ਰਹੀ ਹੈ ਕਿ ਉਹ ਕਿਸ ਸਾਧਨ ਤੇ ਅਤੇ ਕਿਸ ਦੇ ਨਾਲ ਦਿੱਲੀ ਦੇ ਬਾਰਡਰ ਤੱਕ ਪਹੁੰਚਿਆ।

Show More

Related Articles

Leave a Reply

Your email address will not be published. Required fields are marked *

Close