Canada

ਕੈਨੇਡਾ ਦੇ 10 ਕਾਲਜ ‘ਐਡਮਿਸ਼ਨ ਘੁਟਾਲੇ’ ਦੀ ਜਾਂਚ ‘ਚ ਫਸੇ, ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਾ

ਮੌਂਟਰੀਅਲ (ਦੇਸ ਪੰਜਾਬ ਟਾਈਮਜ਼)-: ਕੈਨੇਡੀਅਨ ਸੂਬੇ ਕਿਊਬੇਕ ਦੇ 10 ਕਾਲਜਾਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਕਥਿਤ ਤੌਰ ਉੱਤੇ ਕੋਈ ‘ਐਡਮਿਸ਼ਨ ਘੁਟਾਲਾ’ ਕੀਤੇ ਜਾਣ ਦਾ ਸ਼ੱਕ ਹੈ; ਇਸੇ ਲਈ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਗਤੀਵਿਧੀਆਂ ਸਸਪੈਂਡ ਕਰ ਦਿੱਤੀਆਂ ਹਨ। ਇਹ ਠੀਕ ਹੈ ਕਿ ਅਜਿਹੇ ਕਿਸੇ ਸ਼ੱਕੀ ਘੁਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ; ਪਰ ਇਸੇ ਦੌਰਾਨ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਅਕਾਦਮਿਕ ਭਵਿੱਖ ਤੇ ਕਰੀਅਰ ਵੀ ਦਾਅ ’ਤੇ ਲੱਗ ਗਿਆ ਹੈ।

ਇੱਕ ਵਿਦਿਆਰਥੀ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਉਸ ਨੇ ਮੌਂਟਰੀਅਲ, ਕਿਊਬੇਕ ਦੇ ਮੈਟ੍ਰਿਕਸ ਕਾਲਜ ਵਿੱਚ ਮੈਨੇਜਮੈਂਟ ਦੇ ਕੋਰਸ ਵਿੱਚ ਦਾਖ਼ਲਾ ਲਿਆ ਸੀ। ਪਹਿਲਾ ਸਮੈਸਟਰ ਉਸ ਨੇ ਆਨਲਾਈਨ ਮੁਕੰਮਲ ਕੀਤਾ ਸੀ। ਉਹ ਹੁਣ ਦੂਜੇ ਸੀਮੈਸਟਰ ਲਈ ਕੈਨੇਡਾ ਦੀ ਫ਼ਲਾਈਟ ਲੈਣ ਦੀ ਯੋਜਨਾ ਉਲੀਕ ਰਿਹਾ ਸੀ ਪਰ ਇੰਨੇ ਨੂੰ ਸੂਬਾ ਸਰਕਾਰ ਨੇ 10 ਕਾਲਜ ਸਸਪੈਂਡ (ਮੁਲਤਵੀ) ਕਰਨ ਦੇ ਹੁਕਮ ਜਾਰੀ ਕਰ ਦਿੱਤੇ ਤੇ ਉਨ੍ਹਾਂ ਵਿੱਚ ਮੈਟ੍ਰਿਕਸ ਕਾਲਜ ਵੀ ਸ਼ਾਮਲ ਹੈ।

ਹੁਣ ਇਨ੍ਹਾਂ ਕਾਲਜਾਂ ਨੂੰ ‘ਕਿਊਬੇਕ ਦੀ ਅਕਸੈਪਟੈਂਸ ਸਰਟੀਫ਼ਿਕੇਸ਼ਨ’ (QAC) ਦੇਣ ਤੋਂ ਵਰਜ ਦਿੱਤਾ ਗਿਆ ਹੈ। ਹੋਰਨਾਂ ਦੇਸ਼ਾਂ ਦੇ ਵਿਦਿਆਰਥੀਆਂ ਲਈ ਇਹ ਸਟੱਡੀ ਪਰਮਿਟ ਲੈਣਾ ਲਾਜ਼ਮੀ ਹੁੰਦਾ ਹੈ। ਇਨ੍ਹਾਂ 10 ਕਾਲਜਾਂ ਵਿਰੁੱਧ ਬੈਨ ਭਾਵੇਂ ਦਸੰਬਰ 2020 ’ਚ ਲਾਇਆ ਗਿਆ ਸੀ ਤੇ ਬਾਅਦ ਵਿੱਚ ਉਨ੍ਹਾਂ ਨੂੰ ਕੌਮਾਂਤਰੀ ਵਿਦਿਆਰਥੀਆਂ ਦੀ ਪ੍ਰੋਸੈਸਿੰਗ ਸ਼ੁਰੂ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਸੀ ਪਰ ਹਾਲੇ ਤੱਕ ਪੰਜਾਬੀ ਵਿਦਿਆਰਥੀਆਂ ਦੀਆਂ QAC ਅਰਜ਼ੀਆਂ ਮੁਲਤਵੀ ਪਈਆਂ ਹਨ।

ਕੈਨੇਡਾ ਸਰਕਾਰ ਹੁਣ ਵਿਦਿਆਰਥੀਆਂ ਤੋਂ ਕਦੇ ਕੋਈ ਦਸਤਾਵੇਜ਼ ਮੰਗ ਲੈਂਦੀ ਹੈ ਤੇ ਕਦੇ ਕੋਈ। ਉਨ੍ਹਾਂ ਤੋਂ ਫ਼ੰਡਿੰਗ ਦੇ ਸਬੂਤ, ਸਪੌਂਸਰਜ਼, ਭਵਿੱਖ ਦੀਆਂ ਯੋਜਨਾਵਾਂ ਤੇ ਹੋਰ ਪਤਾ ਨਹੀਂ ਕੀ ਕੁਝ ਮੰਗਿਆ ਜਾ ਰਿਹਾ ਹੈ। ਵਿਦਿਆਰਥੀ ਨੇ ਦੱਸਿਆ ਕਿ ਉਹ ਪੂਰੇ ਸਾਲ ਦੀ ਫ਼ੀਸ ਕਾਲਜ ਕੋਲ ਜਮ੍ਹਾ ਕਰਵਾ ਚੁੱਕਾ ਹੈ। ਉਸ ਨੇ ਕਿਹਾ ਕਿ ਹੁਣ ਇਹ ਬੇਯਕੀਨੀ ਜਿਹੀ ਬਣੀ ਹੋਈ ਹੈ ਕਿ ਪਤਾ ਨਹੀਂ ਕਾਲਜ ਉਸ ਦੀ ਫ਼ੀਸ ਵਾਪਸ ਕਰੇਗਾ ਜਾਂ ਨਹੀਂ। ਹੁਣ ਉਹ ਜਿਹੜਾ ਕੋਰਸ ਇਸ ਕਾਲਜ ਤੋਂ ਕਰ ਰਿਹਾ ਸੀ, ਉਹ ਕੋਰਸ ਕਿਸੇ ਹੋਰ ਕਾਲਜ ਵਿੱਚ ਨਹੀਂ ਹੈ।

‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਇੰਝ ਜੇ ਵਿਦਿਆਰਥੀ ਨੂੰ ਉਸ ਦੀ ਫ਼ੀਸ ਵਾਪਸ ਨਹੀਂ ਮਿਲਦੀ, ਤਾਂ ਉਸ ਦਾ 4 ਲੱਖ ਰੁਪਏ ਦਾ ਨੁਕਸਾਨ ਹੋ ਜਾਵੇਗਾ; ਜੋ ਉਸ ਨੇ ਟਿਊਸ਼ਨ ਫ਼ੀਸ ਵਜੋਂ ਜਮ੍ਹਾ ਕਰਵਾਏ ਸਨ। ਇੰਝ ਹੀ ਜਲੰਧਰ ਦੀ ਵਿਦਿਆਰਥਣ ਨੇ ਵੀ ਕਿਊਬੇਕ, ਕੈਨੇਡਾ ਦੇ ਹੀ ਇੱਕ ਕਾਲਜ ਵਿੱਚ ਕੰਪਿਊਟਰ ਸਾਇੰਸ ਕੋਰਸ ਲਈ ਦਾਖ਼ਲਾ ਲਿਆ ਸੀ। ਉਹ 8 ਲੱਖ ਰੁਪਏ ਟਿਊਸ਼ਨ ਫ਼ੀਸ ਕਾਲਜ ਵਿੱਚ ਜਮ੍ਹਾ ਕਰਵਾ ਚੁੱਕੀ ਹੈ। ਹੁਣ ਉਸ ਨੂੰ ਕੈਨੇਡਾ ਜਾਣ ਲਈ ਉੱਥੋਂ ਦੇ ‘ਸਟੱਡੀ ਪਰਮਿਟ’ ਦੀ ਜ਼ਰੂਰਤ ਹੈ।

ਕਿਊਬੇਕ ਦੇ ਬਾਕੀ ਕਾਲਜਾਂ ਵਿੱਚ ਦਾਖ਼ਲਾ ਲੈਣ ਵਾਲੇ ਬਾਕੀ ਦੇ ਪੰਜਾਬੀ ਬੱਚੇ ਆਸਾਨੀ ਨਾਲ ਕੈਨੇਡਾ ਜਾ ਰਹੇ ਹਨ ਤੇ ਉਨ੍ਹਾਂ ਨੂੰ ਪਰਮਿਟ ਮਿਲ ਰਹੇ ਹਨ। ਸਿਰਫ਼ ਇਨ੍ਹਾਂ 10 ਕਾਲਜਾਂ ਉੱਤੇ ਹੀ ਪਹਿਲਾਂ ਪਾਬੰਦੀ ਲਾਈ ਗਈ ਸੀ; ਉਸ ਕਾਰਨ ਉਨ੍ਹਾਂ ਦੀ ਪ੍ਰੋਸੈੱਸਿੰਗ ਰੁਕੀ ਹੋਈ ਹੈ ਪਰ ਇਸ ਕਰਕੇ ਹਜ਼ਾਰਾਂ ਵਿਦਿਆਰਥੀ ਡਾਢੇ ਪ੍ਰੇਸ਼ਾਨ ਹਨ।

ਇੰਝ ਹੀ ਜਲੰਧਰ ਦੇ ਇੱਕ ਹੋਰ ਵਿਦਿਆਰਥੀ ਨੂੰ ਵੀ QAC ਨਹੀਂ ਮਿਲ ਰਿਹਾ। ਹੁਣ ਇਹ ਇਨ੍ਹਾਂ Banned ਕੈਨੇਡੀਅਨ ਕਾਲਜਾਂ ਤੋਂ ਆਪਣੀਆਂ ਫ਼ੀਸਾਂ ਵਾਪਸ ਮੰਗ ਰਹੇ ਹਨ, ਤਾਂ ਜੋ ਉਹ ਕੈਨੇਡਾ ਦੇ ਹੋਰ ਸੂਬਿਆਂ ਦੇ ਕਾਲਜਾਂ ਵਿੱਚ ਦਾਖ਼ਲੇ ਲੈ ਸਕਣ।

ਪੰਜਾਬੀ ਵਿਦਿਆਰਥੀਆਂ ਨੂੰ ਪੜ੍ਹਨ ਹਿਤ ਕੈਨੇਡਾ ਭੇਜਣ ਵਾਲੇ ਕੁਝ ਇਮੀਗ੍ਰੇਸ਼ਨ ਸਲਾਹਕਾਰਾਂ ਨੇ ਦੱਸਿਆ ਕਿ ਉੱਥੋਂ ਦੇ ਕਾਲਜ ਹਫ਼ਤੇ ਵਿੱਚ ਸਿਰਫ਼ ਦੋ-ਤਿੰਨ ਦਿਨ ਹੀ ਕਲਾਸਾਂ ਲਾ ਰਹੇ ਹਨ ਤੇ ਬਾਕੀ ਦੇ ਦਿਨ ਵਿਦਿਆਰਥੀ ਉੱਥੇ ਆਪਣੇ ਕੋਈ ਵੀ ਕੰਮਕਾਜ ਕਰ ਸਕਦੇ ਹਨ। ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਅਜਿਹਾ ਮਾਹੌਲ ਹੈ।

ਦੱਸ ਦੇਈਏ ਕਿ IELTS ਵਿੱਚ 6 ਬੈਂਡ ਲੈਣ ਵਾਲੇ ਵਿਦਿਆਰਥੀ ਕੈਨੇਡਾ ਦੇ ਕਾਲਜਾਂ ਵਿੱਚ ਦਾਖ਼ਲਾ ਲੈ ਸਕਦੇ ਹਨ। ਕੋਵਿਡ-19 ਦੇ ਬਾਵਜੂਦ ਇਸ ਵੇਲੇ ਪੰਜਾਬ ਦੇ 40 ਤੋਂ 50 ਹਜ਼ਾਰ ਵਿਦਿਆਰਥੀ ਕੈਨੇਡੀਅਨ ਵੀਜ਼ੇ ਦੀ ਉਡੀਕ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close