Canada

ਈ-ਦੀਵਾਨ ਸੋਸਾਇਟੀ ਕੈਲਗਰੀ ਵਲੋਂ ਤੀਜੇ ਘੱਲੂਘਾਰੇ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ

ਕੈਲਗਰੀ (ਦੇਸ ਪੰਜਾਬ ਟਾਈਮਜ਼)-: ਪਿਛਲੇ ਇੱਕ ਸਾਲ ਤੋਂ ਹੋਂਦ ਵਿੱਚ ਆਈ, ਈ-ਦੀਵਾਨ ਸੋਸਾਇਟੀ ਕੈਲਗਰੀ (ਕੈਨੇਡਾ) ਵਲੋਂ, ਆਪਣੇ ਸਮਾਗਮ ਦੌਰਾਨ, 5 ਅਤੇ 6 ਜੂਨ ਨੂੰ, ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ, ਸਹਿਜ ਪਾਠ ਦੇ ਭੋਗ ਦੇ ਨਾਲ- ਦੋ ਰੋਜ਼ਾ ਔਨਲਾਈਨ ਇੰਟਰਨੈਸ਼ਨਲ ਕਵੀ ਦਰਬਾਰ ਵੀ ਕਰਵਾਏ ਗਏ- ਜਿਸ ਵਿੱਚ ਦੇਸ਼ ਵਿਦੇਸ਼ ਦੇ ਮਹਾਨ ਪੰਥਕ ਕਵੀਆਂ ਨੇ ਭਾਗ ਲਿਆ।
ਕਰੋਨਾ ਕਾਲ ਦੌਰਾਨ, ਪਿਛਲੇ ਇੱਕ ਸਾਲ ਤੋਂ ਕੈਲਗਰੀ ਅਤੇ ਟੋਰੰਟੋ ਦੇ ਕੁਝ ਧਾਰਮਿਕ ਪਰਿਵਾਰਾਂ ਨੇ ਰਲ਼ ਕੇ, ਈ-ਦੀਵਾਨ ਸੋਸਾਇਟੀ ਬਣਾ ਕੇ, ਸਰਬੱਤ ਦੇ ਭਲੇ ਲਈ, ਜ਼ੂਮ ਰਾਹੀਂ ਸੁਖਮਨੀ ਸਾਹਿਬ ਦੇ ਪਾਠ, ਸੰਗਤੀ ਰੂਪ ਵਿੱਚ ਕਰਨੇ ਸ਼ੁਰੂ ਕੀਤੇ- ਜਿਸ ਵਿੱਚ ਅੰਤ ਤੇ ਇੱਕ ਅਸ਼ਟਪਦੀ ਦੇ ਕੁੱਝ ਬੰਦਾਂ ਦੀ ਵਿਆਖਿਆ ਵੀ ਕੀਤੀ ਜਾਂਦੀ ਹੈ। ਹਰ ਵੀਕ ਐਂਡ ਤੇ, ਵਿਦਵਾਨਾਂ ਵਲੋਂ ਕਿਸੇ ਧਾਰਮਿਕ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਜਾਂਦੇ ਹਨ- ਜਿਸ ਤੋਂ ਪਹਿਲਾਂ ਤੇ ਬਾਅਦ ਵਿੱਚ, ਸੰਗਤ ਵਿਚੋਂ ਹੀ ਬੱਚੇ ਕੀਰਤਨ ਦੀ ਹਾਜ਼ਰੀ ਲਗਵਾਉਂਦੇ ਹਨ। ਇਸ ਵਿੱਚ ਇੰਡੀਆ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ, 30 ਕੁ ਪਰਿਵਾਰ ਜੁੜ ਚੁੱਕੇ ਹਨ। ਮਾਹਿਰਾਂ ਦੇ ਵਿਚਾਰਾਂ ਤੋਂ ਬਾਅਦ, ਸੰਗਤ ਦੇ ਕੁਮੈਂਟਸ ਜਾਂ ਪ੍ਰਸ਼ਨ ਹੁੰਦੇ ਹਨ- ਅਤੇ ਫਿਰ ਇਹ ਵਿਚਾਰ ‘ਸੰਗਤੀ ਵਿਚਾਰ’ ਯੂਟਿਊਬ ਚੈਨਲ ਤੇ ਪਾ ਦਿੱਤੇ ਜਾਂਦੇ ਹਨ।
ਇਸ ਸੋਸਾਇਟੀ ਵਲੋਂ ਜਿੱਥੇ ਪਿਛਲੇ ਮਹੀਨੇ, ਨੌਵੇਂ ਪਾਤਸ਼ਾਹ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ ਕਰਾਇਆ ਗਿਆ- ਉੱਥੇ ਇਸ ਮਹੀਨੇ ਜੂਨ ਚੁਰਾਸੀ ਦੇ ਖੂਨੀ ਸਾਕੇ ਨੂੰ ਯਾਦ ਕਰਦਿਆਂ, ਦੋ ਰੋਜ਼ਾ ਕਵੀ ਦਰਬਾਰ ਕਰਵਾ ਕੇ, ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਵਿੱਚ ਪਹਿਲੇ ਦਿਨ ਵੱਖ ਵੱਖ ਮੁਲਕਾਂ ਤੋਂ ਆਏ 6 ਕਵੀਆਂ ਨੇ ਭਾਗ ਲਿਆ। ਇਹ ਸਮਾਗਮ- ਪ੍ਰੋ. ਮਨਿੰਦਰ ਸਿੰਘ, ਇੰਦਰਜੀਤ ਸਿੰਘ ਵਾਧਵਾ, ਡਾ ਸੁਰਜੀਤ ਸਿੰਘ ਭੱਟੀ, ਡਾ. ਕਾਬਲ ਸਿੰਘ, ਡਾ. ਬਲਦੇਵ ਸਿੰਘ ਅਤੇ ਪਰਮਜੀਤ ਸਿੰਘ ਐਡਵੋਕੇਟ ਦੀ ਸਰਪ੍ਰਸਤੀ ਹੇਠ, ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ- ਜਿਸ ਵਿੱਚ ਮੰਚ ਸੰਚਾਲਨ ਦੀ ਸੇਵਾ ਦੋਵੇਂ ਦਿਨ- ਡਾ. ਬਲਰਾਜ ਸਿੰਘ, ਗੁਰਦੀਸ਼ ਕੌਰ ਅਤੇ ਜਗਬੀਰ ਸਿੰਘ ਨੇ ਰਲ਼ ਕੇ ਨਿਭਾਈ।
ਸਮਾਗਮ ਦੇ ਸ਼ੁਰੂ ਵਿੱਚ, ਜਗਬੀਰ ਸਿੰਘ ਜੀ ਨੇ ਮੰਚ ਸੰਚਾਲਨ ਕਰਦਿਆਂ, ਸੰਗਤ ਤੇ ਕਵੀਆਂ ਨੂੰ ‘ਜੀ ਆਇਆਂ’ ਕਿਹਾ। ਗੁਰਦੀਸ਼ ਕੌਰ ਨੇ ਇੰਡੀਆ ਅਤੇ ਯੂ. ਐਸ. ਏ. ਤੋਂ ਆਏ ਕਵੀਆਂ ਦੀ ਜਾਣ ਪਛਾਣ ਕਰਾਈ। ਉਪਰੰਤ ਬ੍ਰਿਜਮਿੰਦਰ ਕੌਰ (ਜੈਪੁਰ), ਇੰਜ. ਕਰਮਜੀਤ ਸਿੰਘ ਨੂਰ (ਜਲੰਧਰ), ਸਰਬਜੀਤ ਕੌਰ ਸਰਬ (ਉਤਰਾ ਖੰਡ), ਐਡਵੋਕੇਟ ਸ਼ੁਕਰਗੁਜ਼ਾਰ ਸਿੰਘ (ਜੰਡਿਆਲਾ ਗੁਰੂ), ਡਾ. ਹਰੀ ਸਿੰਘ ਜਾਚਕ (ਲੁਧਿਆਣਾ) ਅਤੇ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ (ਯੂ.ਐਸ.ਏ.) ਨੇ- ਆਪਣੀਆਂ ਭਾਵਪੁਰਤ ਰਚਨਾਵਾਂ, ਬੁਲੰਦ ਆਵਾਜ਼ ਵਿੱਚ ਸੁਣਾ ਕੇ- ਸਭ ਨੂੰ ਭਾਵੁਕ ਕਰ ਦਿੱਤਾ। ਅੰਤ ਤੇ ਹੋਸਟ ਗੁਰਦੀਸ਼ ਕੌਰ ਨੇ ਚੁਰਾਸੀ ਦੇ ‘ਗੁੰਮਨਾਮ ਸ਼ਹੀਦਾਂ ਦੇ ਬੱਚਿਆਂ ਦੀ ਸੰਭਾਲ’ ਤੇ ਲਿਖਿਆ ਆਪਣਾ ਗੀਤ ਸੁਣਾ ਕੇ- ਸਭ ਦਾ ਧੰਨਵਾਦ ਕੀਤਾ। ਜੈਕਾਰਿਆਂ ਦੀ ਗੂੰਜ ਨਾਲ ਕਵੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
6 ਜੂਨ ਦੇ ਸਮਾਗਮ ਵਿੱਚ, ਸਭ ਤੋਂ ਪਹਿਲਾਂ ਸੰਗਤ ਵਲੋਂ, ਸੰਗਤੀ ਰੂਪ ਵਿੱਚ ਕੀਤੇ ਸਹਿਜ ਪਾਠ ਦੇ ਭੋਗ ਪਾਏ ਗਏ- ਜਿਸ ਵਿੱਚ ਬੱਚਿਆਂ ਵਲੋਂ ਨੌਵੇਂ ਪਾਤਸ਼ਾਹ ਦੇ ਸਲੋਕਾਂ ਦਾ ਗਾਇਨ ਕੀਤਾ ਗਿਆ। ਇਸ ਦਿਨ ਕਵੀ ਦਰਬਾਰ ਦੇ ਦੂਜੇ ਭਾਗ ਦੀ ਆਰੰਭਤਾ- ਪ੍ਰੋਫੈਸਰ ਡਾ. ਸੁਰਜੀਤ ਸਿੰਘ ਭੱਟੀ ਜੀ ਨੇ, ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ, ਆਪਣੀ ਇੱਕ ਰਚਨਾ ਰਾਹੀਂ ਅਕੀਦਾ ਭੇਟ ਕਰਕੇ ਕੀਤੀ। ਉਪਰੰਤ- ਗੁਰਵਿੰਦਰ ਸਿੰਘ ਸ਼ੇਰਗਿੱਲ (ਲੁਧਿਆਣਾ), ਚਾਹਕਪ੍ਰੀਤ ਕੌਰ (ਜੈਪੁਰ), ਸੁਜਾਨ ਸਿੰਘ ਸੁਜਾਨ (ਟੋਰੰਟੋ), ਅਤੇ ਕੈਲਗਰੀ ਦੇ ਸ਼ਾਇਰ- ਗੁਰਚਰਨ ਸਿੰਘ ਹੇਹਰ, ਸਰੂਪ ਸਿੰਘ ਮੰਡੇਰ, ਜਸਵੀਰ ਕੌਰ ਗਿੱਲ, ਜਸਵੀਰ ਸਿੰਘ ਸਹੋਤਾ ਤੋਂ ਇਲਾਵਾ- ਡਾ. ਬਲਦੇਵ ਸਿੰਘ (ਐਡਮੰਟਨ) ਨੇ ਵੀ, ਪਾਕਿਸਤਾਨੀ ਸ਼ਾਇਰ ਅਫਜ਼ਲ ਅਹਿਸਾਨ ਰੰਧਾਵਾ ਦੀ, ਇਸ ਦਰਦਨਾਕ ਮੰਜ਼ਰ ਤੇ ਲਿਖੀ ਰਚਨਾ, ਸੰਗਤ ਨਾਲ ਸਾਂਝੀ ਕਰਕੇ, ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਢਾਈ ਘੰਟੇ ਚੱਲੇ ਇਸ ਸਮਾਗਮ ਦੀ ਸਮਾਪਤੀ, ਅਨੰਦ ਸਾਹਿਬ ਪੜ੍ਹ ਕੇ ਅਰਦਾਸ ਨਾਲ ਕੀਤੀ ਗਈ। ਇਸ ਸਮਾਗਮ ਵਿੱਚ- ਕੈਲਗਰੀ ਤੋਂ ਇਲਾਵਾ, ਐਡਮੰਟਨ, ਟੋਰੰਟੋ, ਸਰੀ, ਵੈਨਕੂਵਰ ਤੇ ਇੰਡੀਆ ਤੋਂ ਭਰਵੀਂ ਗਿਣਤੀ ਵਿੱਚ ਸੰਗਤ ਨੇ ਔਨਲਾਈਨ ਹਾਜ਼ਰੀ ਭਰ ਕੇ, ਸਮਾਗਮ ਦੀ ਸ਼ੋਭਾ ਵਧਾਈ। ਸੋ ਇਸ ਤਰ੍ਹਾਂ ਇਹ ਵਿਸ਼ੇਸ਼ ਸਮਾਗਮ ਸਰੋਤਿਆਂ ਦੇ ਮਨਾਂ ਤੇ ਅਮਿੱਟ ਛਾਪ ਛੱਡਦੇ ਹੋਏ ਸਮਾਪਤ ਹੋਏ। ਵਧੇਰੇ ਜਾਣਕਾਰੀ ਲਈ- ਡਾ. ਬਲਰਾਜ ਸਿੰਘ 403 978 2419, ਜਗਬੀਰ ਸਿੰਘ 587 718 8100 ਜਾਂ ਗੁਰਦੀਸ਼ ਕੌਰ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ (ਕੈਨੇਡਾ)
ਸੰਪਰਕ: 403 404 1450

Show More

Related Articles

Leave a Reply

Your email address will not be published. Required fields are marked *

Close