Canada

ਕੈਨੇਡਾ ਹਥਿਆਰਬੰਦ ਸੈਨਾਵਾਂ ਵਿੱਚ ਦੁਰਾਚਾਰ ਸਬੰਧੀ ਮਿਲ ਰਹੀਆਂ ਸਿ਼ਕਾਇਤਾਂ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ : ਹਰਜੀਤ ਸੱਜਣ

ਐਡਮਿੰਟਨ (ਦੇਸ ਪੰਜਾਬ ਟਾਈਮਜ਼)-  ਰੱਖਿਆ ਮੰਤਰੀ ਹਰਜੀਤ ਸੱਜਣ ਦਾ ਕਹਿਣਾ ਹੈ ਕਿ ਕੈਨੇਡਾ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਦੁਰਾਚਾਰ ਸਬੰਧੀ ਮਿਲ ਰਹੀਆਂ ਸਿ਼ਕਾਇਤਾਂ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਅਜਿਹਾ ਕਰਨ ਪਿੱਛੇ ਭਾਵੇਂ ਕੋਈ ਵੀ ਜਿ਼ੰਮੇਵਾਰ ਕਿਉਂ ਨਾ ਹੋਵੇ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇੱਕ ਇੰਟਰਵਿਊ ਵਿੱਚ ਸੱਜਣ ਨੇ ਆਖਿਆ ਕਿ ਸੈਨਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਉੱਤੇ ਪ੍ਰਤੀਕਿਰਿਆ ਦੇਣ ਦੀ ਥਾਂ ਇਨ੍ਹਾਂ ਨੂੰ ਰੋਕਣਾ ਹੋਵੇਗਾ। ਇੱਥੇ ਉਹ ਸੈਨਾਂ ਦੇ ਦੋ ਆਲ੍ਹਾ ਅਧਿਕਾਰੀਆਂ ਉੱਤੇ ਲਾਏ ਗਏ ਦੁਰਾਚਾਰ ਦੇ ਸੰਗੀਨ ਇਲਜ਼ਾਮਾਂ ਦੇ ਸਬੰਧ ਵਿੱਚ ਗੱਲ ਕਰ ਰਹੇ ਸਨ।ਬੁੱਧਵਾਰ ਨੂੰ ਸੱਜਣ ਨੇ ਐਲਾਨ ਕੀਤਾ ਸੀ ਕਿ ਐਡਮਿਰਲ ਆਰਟ ਮੈਕਡੌਨਲਡ ਵੱਲੋਂ ਕੈਨੇਡਾ ਦੇ ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ਤੋਂ ਆਪਣੀ ਮਰਜ਼ੀ ਨਾਲ ਪਾਸੇ ਹਟਿਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਐਡਮਿਰਲ ਮੈਕਡੌਨਲਡ ਖਿਲਾਫ ਦੁਰਾਚਾਰ ਦੇ ਲਾਏ ਗਏ ਦੋਸ਼ਾਂ ਦੇ ਸਬੰਧ ਵਿੱਚ ਜਾਂਚ ਜਾਰੀ ਹੈ ਤੇ ਇਹ ਜਾਂਚ ਮਿਲਟਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਤੋਂ ਇਲਾਵਾ ਮੈਕਡੌਨਲਡ ਤੋਂ ਪਹਿਲਾਂ ਚੀਫ ਆਫ ਡਿਫੈਂਸ ਸਟਾਫ ਰਹਿ ਚੁੱਕੇ ਜੌਨਾਥਨ ਵੈਂਸ ਦੇ ਖਿਲਾਫ ਵੀ ਵੱਖਰੇ ਤੌਰ ਉੱਤੇ ਜਾਂਚ ਚੱਲ ਰਹੀ ਹੈ। ਜਿ਼ਕਰਯੋਗ ਹੈ ਕਿ ਅਜੇ ਛੇ ਹਫਤੇ ਪਹਿਲਾਂ ਹੀ ਮੈਕਡੌਨਲਡ ਨੇ ਵਾਂਸ ਦੀ ਥਾਂ ਇਹ ਅਹੁਦਾ ਸਾਂਭਿਆ ਸੀ।ਵਾਂਸ ਦੀ ਰਿਟਾਇਰਮੈਂਟ ਤੋਂ ਬਾਅਦ ਮਿਲਟਰੀ ਪੁਲਿਸ ਨੇ ਉਨ੍ਹਾਂ ਖਿਲਾਫ ਕਥਿਤ ਤੌਰ ਉੱਤੇ ਅਹੁਦੇ ਉੱਤੇ ਰਹਿੰਦਿਆਂ ਅਢੁਕਵੇਂ ਵਿਵਹਾਰ ਦੇ ਸਬੰਧ ਵਿੱਚ ਜਾਂਚ ਸ਼ੁਰੂ ਕੀਤੀ ਸੀ।
ਇੰਟਰਵਿਊ ਵਿੱਚ ਸੱਜਣ ਨੇ ਆਖਿਆ ਕਿ ਅਹਿਮ ਗੱਲ ਇਹ ਹੈ ਕਿ ਜਦੋਂ ਤੁਹਾਨੂੰ ਅਜਿਹੀ ਕਿਸੇ ਤਰ੍ਹਾਂ ਦੀ ਸਿ਼ਕਾਇਤ ਮਿਲਦੀ ਹੈ ਤਾਂ ਤੁਸੀਂ ਉਸ ਸਬੰਧ ਵਿੱਚ ਕਾਰਵਾਈ ਕਰਦੇ ਹੋਂ ਜਾਂ ਨਹੀਂ? ਉਨ੍ਹਾਂ ਆਖਿਆ ਕਿ ਬਿਲਕੁਲ, ਜੇ ਕੋਈ ਅਜਿਹੀ ਸਿ਼ਕਾਇਤ ਮਿਲਦੀ ਹੈ ਤਾਂ ਫਿਰ ਅਸੀਂ ਕਿਸੇ ਦੇ ਰੈਂਕ, ਕਿਸੇ ਦੇ ਅਹੁਦੇ ਦੀ ਪਰਵਾਹ ਨਹੀਂ ਕਰਦੇ ਸਗੋਂ ਉਸ ਸਬੰਧ ਵਿੱਚ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਤੇ ਅਸੀਂ ਸੱਭ ਕੁੱਝ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।

Show More

Related Articles

Leave a Reply

Your email address will not be published. Required fields are marked *

Close