National

ਭਾਰਤ ਤੋਂ ਕੋਰੋਨਾ ਵੈਕਸੀਨ ਦੀਆਂ 30 ਲੱਖ ਖੁਰਾਕਾਂ ਖਰੀਦੇਗਾ ਸ੍ਰੀਲੰਕਾ

ਕੋਲੰਬੋ- ਸ੍ਰੀਲੰਕਾ ਅਗਲੇ ਦੋ ਦਿਨਾਂ ਦੇ ਦੌਰਾਨ ਕੰਪਨੀ ਸੀਰਮ ਇੰਸਟੀਟਿਊਟ ਆਫ਼ ਇੰਡੀਆ ਕੋਲੋਂ ਕੋਵਿਸ਼ੀਲਡ ਵੈਕਸੀਨ ਦੀਆਂ ਲਗਭਗ 30 ਲੱਖ ਖੁਰਾਕਾਂ ਖਰੀਦੇਗਾ। ਦੇਸ਼ ਦੇ ਸੀਨੀਅਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ ਦਾ ਸੀਰਮ ਕੋਵਿਸ਼ੀਲਡ ਦੇ ਨਾਂ ’ਤੇ ਉਤਪਾਦਨ ਕਰ ਰਿਹਾ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਾਬਯਾ ਰਾਜਪਕਸ਼ੇ ਦੇ ਸਲਾਹਕਾਰ ਲਲਿਤ ਵੇਰਾਤੁੰਗਾ ਨੇ ਕਿਹਾ ਕਿ ਭਾਰਤ ਵੱਲੋਂ ਮੁਹੱਈਆ ਕਰਵਾਈ ਗਈ ਫਰੀ ਵੈਕਸੀਨ ਵੀਰਵਾਰ ਨੂੰ ਇੱਥੇ ਪਹੁੰਚ ਜਾਵੇਗੀ। ਇਸ ਤੋਂ ਬਾਅਦ ਭਾਰਤ ਕੋਲੋਂ ਹੋਰ ਵੈਕਸੀਨ ਖਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਕੋਵਿਸ਼ੀਲਡ ਵੈਕਸੀਨ ਕੱਲ੍ਹ ਆਉਣ ਵਾਲੀ ਹੈ ਅਤੇ ਇਹ ਖੇਪ ਰਾਸ਼ਟਰਪਤੀ ਰਾਜਪਕਸ਼ੇ ਵੱਲੋਂ ਕੋਲੰਬੋ ਕੌਮਾਂਤਰੀ ਹਵਾਈ ਅੱਡੇ ’ਤੇ ਸਵੀਕਾਰ ਕੀਤੀ ਜਾਵੇਗੀ। ਕੁੱਲ 2 ਲੱਖ 50 ਹਜ਼ਾਰ ਲੋਕਾਂ ਦਾ ਪਹਿਲ ਦੇ ਆਧਾਰ ’ਤੇ ਟੀਕਾਕਰਨ ਹੋਵੇਗਾ। ਇਸ ਵਿੱਚ ਜ਼ਿਆਦਾਤਰ ਫਰੰਟਲਾਈਨ ਹੈਲਥ ਵਰਕਰ, ਸੁਰੱਖਿਆ ਦਸਤਿਆਂ ਦੇ ਜਵਾਨ ਅਤੇ ਪੁਲਿਸ ਕਰਮੀ ਸ਼ਾਮਲ ਹਨ।
ਵੇਰਾਤੁੰਗਾ ਨੇ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀਕੈਂਡ ’ਤੇ ਡਰਾਈ ਰਨ ਦਾ ਆਯੋਜਨ ਹੋਇਆ। ਉਨ੍ਹਾਂ ਕਿਹਾ ਕਿ ਚੀਨ ਤੋਂ ਵੀ 3 ਲੱਖ ਵੈਕਸੀਨ ਮੁਫ਼ਤ ਵਿੱਚ ਮਿਲਣ ਵਾਲੀ ਹੈ ਅਤੇ ਸਰਕਾਰ ਕੋਰੋਨਾ ਦੇ ਟੀਕੇ ਲਈ ਰੂਸ ਨੂੰ ਵੀ ਬੇਨਤੀ ਕਰੇਗੀ। ਸ੍ਰੀਲੰਕਾ ਵਿੱਚ ਹੁਣ ਤੱਕ ਕੋਰੋਨਾ ਦੇ 60 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 288 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਪਿਛਲੇ ਸਾਲ ਮਾਰਚ ਮਹੀਨੇ ਵਿੱਚ ਇੱਥੇ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।
ਦੱਸ ਦੇਈਏ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਦਵਾ ਨਿਰਮਾਤਾਵਾਂ ਵਿੱਚੋਂ ਇੱਕ ਹੈ ਅਤੇ ਕੋਰੋਨਾ ਵੈਕਸੀਨ ਲਈ ਕਈ ਦੇਸ਼ ਉਸ ਨਾਲ ਪਹਿਲਾਂ ਹੀ ਸੰਪਰਕ ਕਰ ਚੁੱਕੇ ਹਨ। ਪਿਛਲੇ ਕੁਝ ਦਿਨਾਂ ਵਿੱਚ ਭਾਰਤ ਨੇ ਭੂਟਾਲ, ਮਾਲਦੀਵ, ਨੇਪਾਲ, ਬੰਗਲਾਦੇਸ਼, ਮਿਆਂਮਾਰ, ਮੌਰੀਸ਼ਸ ਅਤੇ ਸੇਲੇਸ਼ਸ ਨੂੰ ਦਾਨ ਵਜੋਂ ਘਰੇਲੂ ਤੌਰ ’ਤੇ ਕੋਰੋਨਾ ਵਾਇਰਸ ਦੇ ਟੀਕੇ ਦੀਆਂ ਖੇਪਾਂ ਭੇਜੀਆਂ ਹਨ।

Show More

Related Articles

Leave a Reply

Your email address will not be published. Required fields are marked *

Close