Canada

ਬਾਇਡਨ ਨੇ ਕੀਅਸਟੋਨ ਐਕਸਐਲ ਦੇ ਪਰਮਿਟ ਨੂੰ ਕੀਤਾ ਰੱਦ ਕੈਨੇਡਾ ਦੇ ਤੇਲ ਸੈਕਟਰ ਨੂੰ ਲੱਗਿਆ ਵੱਡਾ ਝਟਕਾ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਰਸਮੀ ਤੌਰ ਉੱਤੇ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਨਿਰਮਾਣ ਲਈ ਲੋੜੀਂਦੇ ਪਰਮਿਟ ਨੂੰ ਰੱਦ ਕਰ ਦਿੱਤਾ।ਇਸ ਨਾਲ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੇ ਕੈਨੇਡਾ ਦੇ ਕੱਚੇ ਤੇਲ ਦੇ ਸੈਕਟਰ ਨੂੰ ਵੱਡੀ ਢਾਹ ਲੱਗੀ ਹੈ। ਕੈਨੇਡਾ ਇਸ 8 ਬਿਲੀਅਨ ਡਾਲਰ ਦੇ ਪ੍ਰੋਜੈਕਟ ਉੱਤੇ ਕਾਫੀ ਸਮੇਂ ਤੋਂ ਟੇਕ ਲਾਈ ਬੈਠਾ ਹੈ।
ਇਸ ਫੈਸਲੇ ਨਾਲ ਕੈਨੇਡਾ ਦੀ ਐਨਰਜੀ ਇੰਡਸਟਰੀ ਨੂੰ ਵੱਡਾ ਝਟਕਾ ਲੱਗੇਗਾ, ਕਈ ਹਜ਼ਾਰ ਨੌਕਰੀਆਂ ਖ਼ਤਮ ਹੋ ਜਾਣਗੀਆਂ ਤੇ ਸੱਭ ਤੋਂ ਵੱਡੀ ਗੱਲ ਇਹ ਫੈਸਲਾ ਬਾਇਡਨ ਦੇ ਕੈਨੇਡਾ ਨਾਲ ਸਬੰਧਾਂ ਵਿੱਚ ਪਹਿਲੀ ਦਰਾਰ ਹੋਵੇਗਾ। ਕੈਨੇਡਾ, ਅਮਰੀਕਾ ਦਾ ਸੱਭ ਤੋਂ ਅਹਿਮ ਟਰੇਡਿੰਗ ਭਾਈਵਾਲ ਹੈ। ਬਾਇਡਨ ਵੱਲੋਂ ਲੰਮਾਂ ਸਮਾਂ ਪਹਿਲਾਂ ਇਸ ਪਰਮਿਟ ਨੂੰ ਖਤਮ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਸੀ।
ਵਾਸਿ਼ੰਗਟਨ ਵਿੱਚ ਕੈਨੇਡਾ ਦੇ ਅੰਬੈਸਡਰ ਕਰਸਟਿਨ ਹਿੱਲਮੈਨ ਨੇ ਆਖਿਆ ਕਿ ਇਸ ਫੈਸਲੇ ਨਾਲ ਓਟਵਾ ਕਾਫੀ ਨਿਰਾਸ਼ ਹੈ। ਵਿਦੇਸ਼ ਮੰਤਰੀ ਮਾਰਕ ਗਾਰਨਿਊ ਨੇ ਦਬੀ ਜ਼ੁਬਾਨ ਵਿੱਚ ਆਖਿਆ ਕਿ ਕੈਨੇਡਾ ਵੱਲੋਂ ਇਸ ਫੈਸਲੇ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਅਸੀਂ ਸਮਝ ਸਕਦੇ ਹਾਂ ਕਿ ਇਹ ਫੈਸਲਾ ਕਿਉਂ ਲਿਆ ਗਿਆ।
ਜਿ਼ਕਰਯੋਗ ਹੈ ਕਿ ਕੀਅਸਟੋਨ ਐਕਸਐਲ ਕੰਪਨੀ, ਟੀਸੀ ਐਨਰਜੀ ਕੌਰਪ ਦੀ ਮਲਕੀਅਤ ਹੈ ਤੇ ਕੈਨੇਡਾ ਵਿੱਚ ਇਸ ਪ੍ਰੋਜੈਕਟ ਉੱਤੇ ਪਹਿਲਾਂ ਹੀ ਕੰਮ ਚੱਲ ਰਿਹਾ ਹੈ। ਇਸ ਪਾਈਪਲਾਈਨ ਦੇ ਪੂਰਾ ਹੋਣ ਤੋਂ ਬਾਅਦ ਅਲਬਰਟਾ ਦੇ ਆਇਲਸੈਂਡਸ ਤੋਂ ਰੋਜ਼ਾਨਾ 830,000 ਬੈਰਲ ਕੱਚਾ ਤੇਲ ਨੇਬਰਾਸਕਾ ਤੱਕ ਲਿਜਾਇਆ ਜਾਣਾ ਸੀ। ਅਮਰੀਕਾ ਦੇ ਲੈਂਡਓਨਰਜ਼, ਨੇਟਿਵ ਅਮੈਰੀਕਨ ਟਰਾਈਬਜ਼ ਤੇ ਵਾਤਾਵਰਣ ਪ੍ਰੇਮੀ ਵੱਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਇਸ ਪ੍ਰੋਜੈਕਟ ਵਿੱਚ ਪਹਿਲਾਂ ਹੀ 12 ਸਾਲ ਤੋਂ ਦੇਰ ਹੁੰਦੀ ਆਈ ਹੈ।
ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਸ ਪ੍ਰੋਜੈਕਟ ਉੱਤੇ ਮੋਹਰ ਲਾਈ ਗਈ ਸੀ ਪਰ ਇਸ ਨੂੰ ਅਜੇ ਵੀ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਸੀ ਐਨਰਜੀ ਵੱਲੋਂ ਵੀ ਇੱਕ ਬਿਆਨ ਜਾਰੀ ਕਰਕੇ ਇਸ ਫੈਸਲੇ ਉੱਤੇ ਨਿਰਾਸ਼ਾ ਪ੍ਰਗਟਾਈ ਗਈ ਹੈ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਬਾਇਡਨ ਪ੍ਰਸ਼ਾਸਨ ਨੂੰ ਇਸ ਪ੍ਰੋਜੈਕਟ ਉੱਤੇ ਮੁੜ ਵਿਚਾਰ ਕਰਨ ਲਈ ਆਖਣਗੇ।
ਕੈਨੇਡਾ ਦੇ ਐਨਵਾਇਰਮੈਂਟ ਮੰਤਰੀ ਜੌਨਾਥਨ ਵਿਲਕਿੰਸਨ ਨੇ ਆਖਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਦੋਵੇਂ ਦੇਸ਼ ਸਵੱਛ ਇਲੈਕਟ੍ਰਿਸਿਟੀ, ਇੰਡਸਟਰੀ ਦੀ ਡੀਕਾਰਬੋਨਾਈਜ਼ੇਸ਼ਨ, ਟਰਾਂਸਪੋਰਟੇਸ਼ਨ ਤੇ ਮਿਥੇਨ ਦੇ ਰਿਸਾਅ ਦੇ ਸਬੰਧ ਵਿੱਚ ਰਲ ਕੇ ਕੰਮ ਕਰਨਗੇ।ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਸੋਮਵਾਰ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਜੇ ਕੀਅਸਟੋਨ ਐਕਸਐਲ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।

Show More

Related Articles

Leave a Reply

Your email address will not be published. Required fields are marked *

Close