National

ਕਸ਼ਮੀਰ ਦਾ ਦੌਰਾ ਕਰੇਗੀ ਯੂ.ਐਨ. ਦੀ 28 ਮੈਂਬਰੀ ਟੀਮ

ਕਸ਼ਮੀਰ ਵਿਚੋਂ ਧਾਰਾ 370 ਹਟਣ ਤੋਂ ਬਾਅਦ ਕੌਮਾਂਤਰੀ ਪੱਧਰ ‘ਤੇ ਇਸ ਦੀ ਗ਼ਲਤ ਤਸਵੀਰ ਪੇਸ਼ ਕਰਨ ਵਿਚ ਜੁਟੇ ਪਾਕਿਸਤਾਨ ਦੀ ਰਣਨੀਤੀ ਨੂੰ ਖੁੰਡਾ ਕਰਨ ਲਈ ਭਾਰਤ ਨੇ ਇਕ ਅਹਿਮ ਫ਼ੈਸਲਾ ਲਿਆ ਹੈ। ਭਾਰਤ ਦੌਰੇ ‘ਤੇ ਆਏ ਯੂਰਪੀ ਸੰਘ (ਈਯੂ) ਦੇ 28 ਸੰਸਦ ਮੈਂਬਰਾਂ ਨੂੰ ਸਰਕਾਰ ਨੇ ਕਸ਼ਮੀਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਟੀਮ ਮੰਗਲਵਾਰ ਨੂੰ ਕਸ਼ਮੀਰ ਜਾਵੇਗੀ ਤੇ ਉੱਥੋਂ ਦੇ ਹਾਲਾਤ ਦਾ ਸਿੱਧੇ ਤੌਰ ‘ਤੇ ਜਾਇਜ਼ਾ ਲਵੇਗੀ। ਇਨ੍ਹਾਂ ਸੰਸਦ ਮੈਂਬਰਾਂ ਦੀ ਟੀਮ ਦੀ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਨਾਲ ਵੱਖਰੀ-ਵੱਖਰੀ ਮੀਟਿੰਗ ਹੋਈ। ਪ੍ਰਧਾਨ ਮੰਤਰੀ ਨੇ ਈਯੂ ਸੰਸਦ ਮੈਂਬਰਾਂ ਨੂੰ ਵਿਸਥਾਰ ‘ਚ ਦੱਸਿਆ ਕਿ ਭਾਰਤ ਨੇ ਧਾਰਾ 370 ਹਟਾਉਣ ਦਾ ਫ਼ੈਸਲਾ ਕਿਹੜੇ ਹਾਲਾਤ ਵਿਚ ਲਿਆ ਤੇ ਕਿਸ ਤਰ੍ਹਾਂ ਸਰਹੱਦ ਪਾਰੋਂ ਸੰਚਾਲਿਤ ਅੱਤਵਾਦ ਨਾਲ ਨਿਪਟਣ ਲਈ ਇਹ ਜ਼ਰੂਰੀ ਹੋ ਗਿਆ ਸੀ। ਯੂਰਪੀ ਸੰਘ ਦੇ ਸੰਸਦ ਮੈਂਬਰਾਂ ਵਿਚ ਛੇ ਪੋਲੈਂਡ, ਛੇ ਫਰਾਂਸ, ਪੰਜ ਬਰਤਾਨੀਆ, ਚਾਰ ਇਟਲੀ, ਦੋ ਜਰਮਨੀ ਤੇ ਇਕ-ਇਕ ਚੈੱਕ ਗਣਰਾਜ, ਬੈਲਜੀਅਮ, ਸਪੇਨ ਤੇ ਸਲੋਵਾਕ ਦੇ ਹਨ। ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਭਾਰਤ ਕਿਸੇ ਵਿਦੇਸ਼ੀ ਟੀਮ ਨੂੰ ਕਸ਼ਮੀਰ ਜਾਣ ਦੀ ਇਜਾਜ਼ਤ ਦੇ ਰਿਹਾ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਈਯੂ ਸੰਸਦ ਮੈਂਬਰਾਂ ਦਾ ਅਧਿਕਾਰਤ ਵਫ਼ਦ ਨਹੀਂ ਬਲਕਿ ਇਹ ਐੱਮਪੀ ਨਿੱਜੀ ਤੌਰ ‘ਤੇ ਕਸ਼ਮੀਰ ਯਾਤਰਾ ‘ਤੇ ਜਾਣਗੇ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਈਯੂ ਨਾਲ ਭਾਰਤ ਦੇ ਕਾਫ਼ੀ ਕਰੀਬੀ ਰਿਸ਼ਤੇ ਹਨ ਤੇ ਆਉਣ ਵਾਲੇ ਦਿਨਾਂ ਵਿਚ ਹਰ ਪੱਧਰ ‘ਤੇ ਇਹ ਰਿਸ਼ਤੇ ਹੋਰ ਗੂੜ੍ਹੇ ਹੋਣ ਵਾਲੇ ਹਨ।

Show More

Related Articles

Leave a Reply

Your email address will not be published. Required fields are marked *

Close