Canada

ਹਾਲੇ ਕੰਜ਼ਰਵੇਟਿਵ ਆਗੂ ਵਜੋਂ ਆਪਣਾ ਅਹੁਦਾ ਨਹੀਂ ਛੱਡਣਾ ਚਾਹੁੰਦੇ ਸ਼ੀਅਰ

ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਉਹ ਕੰਜ਼ਰਵੇਟਿਵ ਆਗੂ ਵਜੋਂ ਆਪਣਾ ਅਹੁਦਾ ਨਹੀਂ ਛੱਡਣਗੇ ਤੇ ਸਗੋਂ ਮਜਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਇਹ ਵੀ ਆਖਿਆ ਕਿ ਇਸ ਵੰਡੇ ਹੋਏ ਦੇਸ਼ ਨੂੰ ਇੱਕਜੁੱਟ ਕਰਨ ਲਈ ਵੀ ਉਹ ਮਦਦ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਲਿਬਰਲ ਘੱਟਗਿਣਤੀ ਸਰਕਾਰ ਦੇ ਡਿੱਗਣ ਤੋਂ ਬਾਅਦ ਉਹ ਅਗਲੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਵੀ ਤਿਆਰੀ ਕੱਸਣਗੇ।
ਸ਼ੀਅਰ ਨੇ ਇਨ੍ਹਾਂ ਸਵਾਲਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਕਿ ਉਹ ਅਹੁਦੇ ਤੋਂ ਅਸਤੀਫਾ ਦੇਣਗੇ ਜਾਂ ਨਹੀਂ। ਉਨ੍ਹਾਂ ਆਖਿਆ ਕਿ ਉਹ ਅਜਿਹਾ ਬਿਲਕੁਲ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਸੋਮਵਾਰ ਨੂੰ ਉਨ੍ਹਾਂ ਨੂੰ ਜਿਹੜੇ ਹਲਕਿਆਂ ਤੋਂ ਵੋਟਾਂ ਹਾਸਲ ਹੋਈਆਂ ਹਨ ਉਹ ਉਨ੍ਹਾਂ ਹਲਕਿਆਂ ਉੱਤੇ ਧਿਆਨ ਕੇਂਦਰਿਤ ਕਰਨਗੇ। ਮੰਗਲਵਾਰ ਨੂੰ ਰੇਜਾਈਨਾ ਵਿੱਚ ਸ਼ੀਅਰ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੰਜ਼ਰਵੇਟਿਵ ਲਹਿਰ ਬਹੁਤ ਹੀ ਦਮਦਾਰ ਰਹੀ। ਉਨ੍ਹਾਂ ਆਖਿਆ ਕਿ ਕੰਜ਼ਰਵੇਟਿਵ ਪਾਰਟੀ ਨੂੰ ਕਈ ਥਾਂਵਾਂ ਉੱਤੇ ਵੋਟਾਂ ਤੇ ਸੀਟਾਂ ਦੇ ਮਾਮਲੇ ਵਿੱਚ ਲੀਡ ਮਿਲੀ ਹੈ ਜਦਕਿ ਲਿਬਰਲਾਂ ਦੇ ਸਮਰਥਨ ਨੂੰ ਖੋਰਾ ਲੱਗਿਆ ਹੈ।
ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਕਾਕਸ ਵਿੱਚ ਹੁਣ 22 ਐਮਪੀਜ਼ ਦਾ ਵਾਧਾ ਹੋਇਆ ਹੈ, ਉਨ੍ਹਾਂ ਨੂੰ 121 ਸੀਟਾਂ ਮਿਲੀਆਂ ਹਨ ਤੇ ਉਨ੍ਹਾਂ ਦੀ ਪਾਰਟੀ ਨੂੰ 6.2 ਮਿਲੀਅਨ ਵੋਟਾਂ ਭਾਵ 34.4 ਫੀ ਸਦੀ ਵੋਟਾਂ ਹਾਸਲ ਹੋਈਆਂ ਹਨ। ਦੂਜੇ ਪਾਸੇ ਲਿਬਰਲਾਂ ਨੂੰ 5.9 ਮਿਲੀਅਨ ਵੋਟਾਂ ਪਈਆਂ ਹਨ ਜਿਸ ਤੋਂ ਮਤਲਬ ਹੈ ਕਿ ਉਨ੍ਹਾਂ ਨੂੰ 33.1 ਫੀ ਸਦੀ ਵੋਟਾਂ ਹਾਸਲ ਹੋਈਆਂ ਹਨ। ਉਹ ਘੱਟ ਗਿਣਤੀ ਸਰਕਾਰ ਵਿੱਚ 157 ਸੀਟਾਂ ਨਾਲ ਹੀ ਹਿੱਸਾ ਪਾ ਸਕਣਗੇ। ਲਿਬਰਲ ਕਾਕਸ ਦੇ 27 ਮੈਂਬਰ ਘੱਟ ਗਏ ਹਨ।
ਉਨ੍ਹਾਂ ਅੱਗੇ ਆਖਿਆ ਕਿ ਟਰੂਡੋ ਦੇ ਰਾਜ ਵਿੱਚ ਹੀ ਦੇਸ਼ ਵਿੱਚ ਜਿ਼ਆਦਾ ਵੰਡੀਆਂ ਪੈ ਗਈਆਂ। ਪੱਛਮੀ ਪ੍ਰੋਵਿੰਸਾ ਨੂੰ ਨਾਲ ਜੋੜਨ ਲਈ ਟਰੂਡੋ ਨੂੰ ਆਪਣੀ ਸੋਚ ਬਦਲਣੀ ਹੋਵੇਗੀ ਤੇ ਊਰਜਾ ਸੈਕਟਰ ਨੂੰ ਪੈਰਾਂ ਸਿਰ ਕਰਨਾ ਹੋਵੇਗਾ। ਜਿ਼ਕਰਯੋਗ ਹੈ ਕਿ ਟਰੂਡੋ ਦੀ ਪਾਰਟੀ ਅਲਬਰਟਾ ਵਿੱਚ ਕੋਈ ਸੀਟ ਹਾਸਲ ਨਹੀਂ ਕਰ ਸਕੀ। ਸਾਬਕਾ ਲਿਬਰਲ ਕੈਬਨਿਟ ਮੰਤਰੀ ਰਾਲਫ ਗੁਡੇਲ ਵੀ ਆਪਣੀ ਸਸਕੈਚਵਨ ਵਾਲੀ ਸੀਟ ਬਚਾਅ ਨਹੀਂ ਸਕੇ। ਸ਼ੀਅਰ ਨੇ ਆਖਿਆ ਕਿ ਇਹ ਤਾਂ ਅਜੇ ਪਹਿਲਾ ਕਦਮ ਹੈ ਅਸੀਂ ਹੁਣ ਪੱਕੇ ਪੈਰੀਂ ਅਗਲੀਆਂ ਚੋਣਾਂ ਵੱਲ ਵਧਾਂਗੇ।

Show More

Related Articles

Leave a Reply

Your email address will not be published. Required fields are marked *

Close