International

ਵਾਤਾਵਰਣ ਨੂੰ ਬਚਾਉਣ ਲਈ ਵਿਗਿਆਨੀਆਂ ਨੇ ਖੋਲ੍ਹਿਆ ਮੋਰਚਾ

ਪੌਣ-ਪਾਣੀ ਤਬਦੀਲੀ ਦੇ ਘਾਤਕ ਮਾੜੇ ਨਤੀਜਿਆਂ ਤੋਂ ਦੁਨੀਆ ਨੂੰ ਬਚਾਉਣ ਲਈ ਹੁਣ ਵਿਗਿਆਨੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। 20 ਦੇਸ਼ਾਂ ਦੇ ਤਿੰਨ ਸੌ ਤੋਂ ਵੱਧ ਵਿਗਿਆਨ ਜਗਤ ਦੀਆਂ ਹਸਤੀਆਂ ਨੇ ਇਸ ਨੂੰ ਲੈ ਕੇ ਇਕ ਸਾਂਝਾ ਮਨੋਰਥ ਪੱਤਰ ਸਮੂਹਿਕ ਸਿਵਲ ਨਾਫੁਰਮਾਨੀ ਅੰਦੋਲਨ ਚਲਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੌਣ ਪਾਣੀ ਤਬਦੀਲੀ ਦੀ ਵਧਦੀ ਸਮੱਸਿਆ ਨਾਲ ਨਜਿੱਠਣ ਲਈ ਜੇਕਰ ਸਮਾਂ ਰਹਿੰਦੇ ਕਾਰਗਰ ਕਦਮ ਨਹੀਂ ਚੁੱਕੇ ਗਏ ਤਾਂ ਇਸ ਨਾਲ ਸਾਡੀ ਧਰਤੀ ਤਬਾਹ ਹੋ ਸਕਦੀ ਹੈ ਤੇ ਲੋਕਾਂ ਨੂੰ ਨਾ ਸਹਿਣਯੋਗ ਦੁੱਖ ਝੱਲਣੇ ਪੈਣਗੇ। ਇਨ੍ਹਾਂ ਵਿਗਿਆਨੀਆਂ ਨੇ ਪੌਣ ਪਾਣੀ ਤਬਦੀਲੀ ਨਾਲ ਨਜਿੱਠਣ ਲਈ ਤਤਕਾਲ ਕਾਰਵਾਈ ਦੀ ਮੰਗ ਕਰਨ ਵਾਲੀ ਸੰਸਥਾ ਐਕਸਟਿੰਕਸ਼ਨ ਰਿਬੇਲੀਅਨ ਦੇ ਬੈਨਰ ਹੇਠ ਜਾਰੀ ਸ਼ਾਂਤਮਈ ਪ੍ਰਦਰਸ਼ਨਾਂ ਦੀ ਹਮਾਇਤ ਕੀਤੀ ਹੈ।

ਪੌਣ ਪਾਣੀ ਤਬਦੀਲੀ ਖ਼ਿਲਾਫ਼ ਜੰਗ ਲਈ ਜਾਰੀ ਮਨੋਰਥ ਪੱਤਰ ‘ਤੇ ਦਸਤਖ਼ਤ ਕਰਨ ਵਾਲਿਆਂ ‘ਚ ਪ੍ਰਸਿੱਧ ਮੌਸਮ ਵਿਗਿਆਨੀ, ਭੌਤਿਕ ਮਾਹਿਰ, ਜੀਵ ਵਿਗਿਆਨੀ, ਇੰਜੀਨੀਅਰ ਤੇ ਰਸਾਇਣ ਸ਼ਾਸਤਰੀ ਸ਼ਾਮਲ ਹਨ। ਉਨ੍ਹਾਂ ਨੇ ਇਹ ਕਦਮ ਪੌਣ ਪਾਣੀ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ‘ਚ ਸਰਕਾਰਾਂ ਦੀ ਸੁਸਤੀ ਨੂੰ ਵੇਖਦਿਆਂ ਚੁੱਕਿਆ ਹੈ। ਮਾਨਵਤਾ ਲਈ ਆਤਮਘਾਤੀ ਬਣਦੀ ਜਾ ਰਹੀ ਇਸ ਭਿਆਨਕ ਸਮੱਸਿਆ ‘ਤੇ ਸਰਕਾਰਾਂ ਦੀ ਉਦਾਸੀਨਤਾ ਖ਼ਿਲਾਫ਼ ਇਨ੍ਹਾਂ ਵਿਗਿਆਨੀਆਂ ਨੇ ਸ਼ਨਿਚਰਵਾਰ ਨੂੰ ਆਪਣੇ ਗੁੱਸੇ ਦਾ ਜਨਤਕ ਤੌਰ ‘ਤੇ ਇਜ਼ਹਾਰ ਕੀਤਾ। ਮਨੋਰਥ ਪੱਤਰ ‘ਤੇ ਦਸਤਖ਼ਤ ਕਰਨ ਵਾਲੇ ਤਕਰੀਬਨ 20 ਵਿਗਿਆਨੀ ਸਫੈਦ ਕੋਟ ਪਹਿਨ ਕੇ ਲੰਡਨ ਸਥਿਤ ਸਾਇੰਸ ਮਿਊਜ਼ੀਅਮ ਦੇ ਬਾਹਰ ਇਕੱਠੇ ਹੋਏ। ਉੱਥੇ ਵਿਗਿਆਨੀਆਂ ਦੀ ਤਰਜਮਾਨ ਤੇ ਮੌਲੀਕਿਊਲਰ ਬਾਇਓਲਾਜੀ ਦੀ ਮਾਹਿਰ ਐਮਿਲੀ ਗ੍ਰਾਸਮੈਨ ਨੇ ਮਨੋਰਥ ਪੱਤਰ ਨੂੰ ਜਨਤਕ ਤੌਰ ‘ਤੇ ਜਾਰੀ ਕੀਤਾ। ਬਕੌਲ ਐਮਿਲੀ, ‘ਪੌਣ ਪਾਣੀ ਤਬਦੀਲੀ ਰੋਕਣ ਦੀ ਦਿਸ਼ਾ ‘ਚ ਸਰਕਾਰਾਂ ਦੀ ਸੁਸਤੀ ਖ਼ਿਲਾਫ਼ ਜਾਰੀ ਸ਼ਾਂਤਮਈ ਪ੍ਰਦਰਸ਼ਨ ਨਿਆਂ ਉਚਿਤ ਹਨ। ਸਰਕਾਰੀ ਨਿਕੰਮੇਪਨ ਖ਼ਿਲਾਫ਼ ਹੁਣ ਸਿੱਧੀ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ, ਚਾਹੇ ਇਸ ਕਾਰਨ ਕਾਨੂੰਨ ਦੀ ਉਲੰਘਣਾ ਹੀ ਕਿਉਂ ਨਾ ਹੋ ਜਾਵੇ।’ ਉਨ੍ਹਾਂ ਦਾ ਕਹਿਣਾ ਸੀ, ‘ਪੌਣ ਪਾਣੀ ਤਬਦੀਲੀ ਦੀ ਸਮੱਸਿਆ ਨੂੰ ਲੈ ਕੇ ਦੁਨੀਆ ਭਰ ‘ਚ ਸਰਕਾਰਾਂ ਖ਼ਿਲਾਫ਼ ਜਾਰੀ ਸ਼ਾਂਤਮਈ ਪ੍ਰਦਰਸ਼ਨਾਂ ਦੀ ਅਸੀਂ ਹਮਾਇਤ ਕਰਦੇ ਹਾਂ। ਸਮੱਸਿਆ ਇਸ ਹੱਦ ਤਕ ਗੰਭੀਰ ਰੂਪ ਧਾਰ ਚੁੱਕੀ ਹੈ ਕਿ ਅਸੀਂ ਸਖ਼ਤ ਕਦਮ ਚੁੱਕਣ ਲਈ ਮਜਬੂਰ ਹਾਂ।’

Show More

Related Articles

Leave a Reply

Your email address will not be published. Required fields are marked *

Close