InternationalPunjab

ਪੰਜਾਬ ‘ਚ ਪਾਸਪੋਰਟ ਬਣਾਉਣ ਲਈ ਰੋਜ਼ਾਨਾ ਔਸਤਨ 56 ਲੱਖ ਰੁਪਏ ਖਰਚ ਰਹੇ ਹਨ ਪੰਜਾਬੀ

ਚੰਡੀਗੜ੍ਹ: ਪਾਸਪੋਰਟ ਬਣਾਉਣ ‘ਚ ਪੰਜਾਬੀ ਹੁਣ ਦੇਸ਼ ਵਿਚੋਂ ਪੰਜਵੇਂ ਨੰਬਰ ਉਤੇ ਹਨ। ਉੱਤਰੀ ਭਾਰਤ ਵਿਚੋਂ ਪੰਜਾਬ ਦਾ ਨੰਬਰ ਪਹਿਲਾ ਹੈ। ਪੰਜਾਬ ਜਨਵਰੀ 2017 ਤੋਂ ਪਾਸਪੋਰਟਾਂ ਦੀਆਂ ਪੰਡਾਂ ਬੰਨ੍ਹਣ ਲੱਗਾ ਹੈ। ਨਾਲੋਂ ਨਾਲ ਕਿਸਾਨੀ ਕਰਜ਼ੇ ਦੀ ਪੰਡ ਵੀ ਬੋਝਲ ਹੋਣ ਲੱਗੀ ਹੈ। ਸਟੱਡੀ ਵੀਜ਼ੇ ਦੇ ਜਦੋਂ ਤੋਂ ਬੰਨ੍ਹ ਖੁੱਲ੍ਹੇ ਹਨ, ਉਦੋਂ ਤੋਂ ਪੰਜਾਬ ਦੇ ਪਿੰਡਾਂ ਦੇ ਮੁੰਡੇ ਵਿਦੇਸ਼ ਦੇ ਸੁਪਨੇ ਵੇਖਣ ਲੱਗੇ ਹਨ। ਇਕੱਲੇ ਪਾਸਪੋਰਟਾਂ ਦੇ ਖਰਚ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ ਪਹਿਲੀ ਜਨਵਰੀ 2014 ਤੋਂ ਅਗਸਤ 2019 ਤੱਕ (ਪੌਣੇ ਛੇ ਵਰ੍ਹਿਆਂ) ਤੱਕ ਕਰੀਬ 914.45 ਕਰੋੜ ਰੁਪਏ ਖਰਚੇ ਹਨ।
ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਦੇਸ਼ ਭਰ ‘ਚ ਪਹਿਲੀ ਜਨਵਰੀ 2014 ਤੋਂ ਅਗਸਤ 2019 ਤੱਕ 5.81 ਕਰੋੜ ਪਾਸਪੋਰਟ ਜਾਰੀ ਕੀਤੇ ਗਏ ਹਨ। ਪੰਜਾਬ ਵਿਚ ਇਸੇ ਸਮੇਂ ਦੌਰਾਨ (ਪੌਣੇ ਛੇ ਵਰ੍ਹਿਆਂ) 45 . 72 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਲੰਘੇ ਢਾਈ ਸਾਲਾਂ (1 ਜਨਵਰੀ 2017 ਤੋਂ ਅਗਸਤ 2019 ਤੱਕ) ਪੰਜਾਬ ਵਿਚ 26.99 ਲੱਖ ਪਾਸਪੋਰਟ ਬਣੇ ਹਨ। ਵੱਡੀ ਗਿਣਤੀ ਸਟੱਡੀ ਵੀਜ਼ੇ ਵਾਲੇ ਵਿਦਿਆਰਥੀਆਂ ਦੀ ਹੈ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੈ। ਢਾਈ ਵਰ੍ਹਿਆਂ ਦੀ ਔਸਤਨ ਦੇਖੀਏ ਤਾਂ ਪੰਜਾਬ ਵਿਚ ਰੋਜ਼ਾਨਾ ਕਰੀਬ 2800 ਪਾਸਪੋਰਟ ਬਣ ਰਹੇ ਹਨ। ਹਰ ਵਰ੍ਹੇ ਪਾਸਪੋਰਟਾਂ ਦਾ ਰਿਕਾਰਡ ਟੁੱਟ ਰਿਹਾ ਹੈ। ਕਿੰਨੇ ਪਾਸਪੋਰਟਾਂ ‘ਤੇ ਵੀਜ਼ੇ ਦਾ ਠੱਪਾ ਲੱਗਦਾ ਹੈ, ਇਹ ਵੱਖਰੀ ਗੱਲ ਹੈ।
ਤੱਥਾਂ ਅਨੁਸਾਰ ਪੰਜਾਬ ‘ਚ ਸਾਲ 2017 ਵਿਚ 9.73 ਲੱਖ ਪਾਸਪੋਰਟ ਜਾਰੀ ਹੋਏ ਜਦੋਂ ਕਿ ਸਾਲ 2018 ਵਿਚ ਇਹ ਗਿਣਤੀ ਵਧ ਕੇ 10.69 ਲੱਖ ਹੋ ਗਈ। ਚਾਲੂ ਸਾਲ ਦੇ ਅੱਠ ਮਹੀਨਿਆਂ ਵਿਚ 6.55 ਲੱਖ ਪਾਸਪੋਰਟ ਬਣੇ ਹਨ। ਪਿਛਾਂਹ ਨਜ਼ਰ ਮਾਰੀਏ ਤਾਂ ਸਾਲ 2014 ਵਿਚ 5.48 ਲੱਖ, ਸਾਲ 2015 ਵਿਚ 6.65 ਲੱਖ ਅਤੇ ਸਾਲ 2016 ਵਿਚ 6.59 ਲੱਖ ਪਾਸਪੋਰਟ ਬਣੇ ਹਨ। ਪਾਸਪੋਰਟਾਂ ਦਾ ਇਹ ਰੁਝਾਨ ਪੰਜਾਬ ਦੇ ਭਵਿੱਖ ਨੂੰ ਤਸਦੀਕ ਕਰਦਾ ਹੈ ਅਤੇ ਪਰਵਾਸ ਦੇ ਨਾਗ ਵਲ ਨੂੰ ਵੀ। ਲੰਘੇ ਢਾਈ ਸਾਲਾਂ ‘ਚ ਦੇਸ਼ ਭਰ ਵਿਚ ਤਿੰਨ ਕਰੋੜ ਪਾਸਪੋਰਟ ਬਣੇ ਹਨ ਜਿਸ ਦਾ ਕਰੀਬ 9 ਫੀਸਦੀ ਇਕੱਲੇ ਪੰਜਾਬ ‘ਚ ਬਣੇ ਪਾਸਪੋਰਟਾਂ ਦਾ ਹੈ। ਬਾਕੀ ਸੂਬਿਆਂ ਦਾ ਰੁਝਾਨ ਦੇਖੀਏ ਤਾਂ ਦੇਸ਼ ‘ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਹੈ, ਜਿਥੇ ਪੌਣੇ ਛੇ ਸਾਲਾਂ ਵਿਚ 68.38 ਲੱਖ ਪਾਸਪੋਰਟ ਬਣੇ ਹਨ ਅਤੇ ਕੇਰਲ 64.52 ਲੱਖ ਪਾਸਪੋਰਟਾਂ ਨਾਲ ਦੂਜੇ ਨੰਬਰ ਉਤੇ ਹੈ। ਤੀਜੇ ਨੰਬਰ ਵਾਲੇ ਤਾਮਿਲਨਾਡੂ ਵਿਚ 57.70 ਲੱਖ ਤੇ ਚੌਥੇ ਨੰਬਰ ‘ਤੇ ਉੱਤਰ ਪ੍ਰਦੇਸ਼ ਹੈ, ਜਿਥੇ 56.69 ਲੱਖ ਪਾਸਪੋਰਟ ਬਣੇ ਹਨ।
ਉੱਤਰੀ ਭਾਰਤ ‘ਚੋਂ ਪੰਜਾਬ ਨੇ ਇਸ ਫਰੰਟ ਉਤੇ ਬੱਲੇ ਬੱਲੇ ਕਰਾਈ ਹੈ। ਹਰਿਆਣਾ ਵਿਚ ਪੌਣੇ ਛੇ ਸਾਲਾਂ ‘ਚ 17.86 ਲੱਖ ਅਤੇ ਰਾਜਸਥਾਨ ਵਿਚ 18.42 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ 2.79 ਲੱਖ ਪਾਸਪੋਰਟ ਜਾਰੀ ਹੋਏ ਹਨ। ਦਿੱਲੀ ਵਿਚ 24.46 ਲੱਖ ਅਤੇ ਚੰਡੀਗੜ੍ਹ ਵਿਚ 1.74 ਲੱਖ ਪਾਸਪੋਰਟ ਬਣੇ ਹਨ। ਪੰਜਾਬ ਦਾ ਪੰਜਵਾਂ ਨੰਬਰ ਹੈ ਅਤੇ ਯੂਪੀ ਨਾਲ ਪੰਜਾਬ ਟੱਕਰ ਲੈਣ ਲੱਗਾ ਹੈ। ਹਵਾ ਇਹੋ ਰਹੀ ਤਾਂ ਪੰਜਾਬ ਲਈ ਦਿੱਲੀ ਦੂਰ ਨਹੀਂ। ਇਸ ਤੋਂ ਬਿਨਾਂ ਪੰਜਾਬ ਦਾ ਸਰਮਾਇਆ ਵੀ ਉਡਾਣ ਭਰ ਰਿਹਾ ਹੈ। ਗੱਲ ਕਰੀਏ ਤਾਂ ਇਕੱਲੇ ਪਾਸਪੋਰਟ ਬਣਾਉਣ ‘ਤੇ 914 ਕਰੋੜ ਪੌਣੇ ਛੇ ਵਰ੍ਹਿਆਂ ਵਿਚ ਪੰਜਾਬੀਆਂ ਨੇ ਖਰਚ ਕੀਤੇ ਹਨ।
ਪਾਸਪੋਰਟ ਬਣਾਉਣ ਦੀ 1500 ਰੁਪਏ ਸਰਕਾਰੀ ਫੀਸ ਹੈ ਅਤੇ ਬਾਕੀ ਖਰਚਿਆਂ ਸਮੇਤ ਪਾਸਪੋਰਟ ਉਤੇ ਔਸਤਨ ਦੋ ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਪੰਜਾਬੀ ਰੋਜ਼ਾਨਾ ਔਸਤਨ 56 ਲੱਖ ਰੁਪਏ ਪਾਸਪੋਰਟ ਬਣਾਉਣ ‘ਤੇ ਖਰਚਦੇ ਹਨ। ਪੰਜਾਬ ਪੁਲਿਸ ਨੂੰ ਪਾਸਪੋਰਟਾਂ ਦੀ ਵੈਰੀਫਿਕੇਸ਼ਨ ਤੋਂ ਪੌਣੇ ਛੇ ਵਰ੍ਹਿਆਂ ‘ਚ 91.44 ਕਰੋੜ ਦੀ ਕਮਾਈ ਹੋਈ ਹੈ। ਪੁਲਿਸ ਦੇ ਜੋ ਆਪਣੇ ਸਾਂਝ ਕੇਂਦਰ ਹਨ, ਉਨ੍ਹਾਂ ਦੀ ਫੀਸ 100 ਰੁਪਏ ਪ੍ਰਤੀ ਪਾਸਪੋਰਟ ਵੱਖਰੀ ਹੁੰਦੀ ਹੈ। ਪੰਜਾਬ ਵਿਚ ਇਸ ਵੇਲੇ 14 ਪਾਸਪੋਰਟ ਸੇਵਾ ਕੇਂਦਰ ਕੰਮ ਕਰ ਰਹੇ ਹਨ। ਮਾਲਵੇ ਦੇ ਸ਼ਹਿਰਾਂ ਵਿਚ ਵੀ ਰੁਝਾਨ ਨੂੰ ਦੇਖਦੇ ਹੋਏ ਇਹ ਸੇਵਾ ਕੇਂਦਰ ਖੋਲ ਦਿੱਤੇ ਗਏ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਜਾਰੀ ਕਰਨ ਲਈ 7 ਤੋਂ 11 ਦਿਨ ਦਾ ਸਮਾਂ ਲਿਆ ਜਾ ਰਿਹਾ ਹੈ। ਸਾਲ 2015 ਵਿਚ ਪਾਸਪੋਰਟ ਲਈ 21 ਦਿਨ ਲੱਗ ਜਾਂਦੇ ਸਨ। ਹੁਣ ਧੜਾਧੜ ਪਾਸਪੋਰਟ ਜਾਰੀ ਹੋ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close