Canada

ਗਰਭਪਾਤ ਵਿਰੋਧੀ ਬਿੱਲ ਉੱਤੇ ਐਲੇਨ ਰੇਅਜ਼ ਤੇ ਸ਼ੀਅਰ ਦੇ ਵਿਚਾਰ ਵੱਖੋ ਵੱਖ

ਓਟਵਾ : ਗਰਭਪਾਤ ਸਬੰਧੀ ਅਧਿਕਾਰਾਂ ਦੇ ਮਾਮਲੇ ਵਿੱਚ ਕੰਜ਼ਰਵੇਟਿਵਾਂ ਦੇ ਕਿਊਬਿਕ ਲੈਫਟੀਨੈਂਟ ਵੱਲੋਂ ਭਾਵੇਂ ਆਪਣੇ ਆਗੂ ਤੋਂ ਉਲਟ ਵਿਚਾਰ ਪ੍ਰਗਟਾਏ ਗਏ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪ ਤੇ ਉਨ੍ਹਾਂ ਦੇ ਪਾਰਟੀ ਆਗੂ ਇਸ ਮਾਮਲੇ ਵਿੱਚ ਆਪਣੀ ਰਾਇ ਨੂੰ ਲੈ ਕੇ ਸਪਸ਼ਟ ਰਹੇ ਹਨ।
ਪਿਛਲੇ ਵੀਕੈਂਡ ਜਰਨਲ ਡੀ ਮਾਂਟਰੀਅਲ ਨੂੰ ਦਿੱਤੀ ਇੰਟਰਵਿਊ ਵਿੱਚ ਐਲੇਨ ਰੇਅਜ਼ ਨੇ ਆਖਿਆ ਕਿ ਐਂਡਰਿਊ ਸ਼ੀਅਰ ਇਸ ਦੀ ਪੁਸ਼ਟੀ ਕਰ ਚੁੱਕੇ ਹਨ ਕਿ ਉਹ ਆਪਣੇ ਐਮਪੀਜ਼ ਵਿੱਚੋਂ ਕਿਸੇ ਇੱਕ ਨੂੰ ਵੀ ਗਰਭਪਾਤ ਵਿਰੋਧੀ ਬਿੱਲ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਕੰਜ਼ਰਵੇਟਿਵਾਂ ਵੱਲੋਂ ਪਿੱਛੇ ਜਿਹੇ ਰਕਰੂਟ ਕੀਤੀ ਗਈ ਨਵੀਂ ਉਮੀਦਵਾਰ ਸਿਲਵੀ ਫਰੈਚੈੱਟ ਨੇ ਵੀ ਸੋਮਵਾਰ ਨੂੰ ਰੇਡੀਓ-ਕੈਨੇਡਾ ਨੂੰ ਦਿੱਤੀ ਇੰਟਰਵਿਊ ਵਿੱਚ ਆਪਣੀ ਪੁਜ਼ੀਸ਼ਨ ਨੂੰ ਦੁਹਰਾਇਆ।
ਹੋਸਟ ਪੈਟ੍ਰਿਕ ਮੈਸਬੁਰੀਅਨ ਨੇ ਫਰੈਚੈੱਟ ਨੂੰ ਦੱਸਿਆ ਕਿ ਕੰਜ਼ਰਵੇਟਿਵ ਮੈਂਬਰਜ਼ ਵਿੱਚੋਂ ਕੋਈ ਹਾਊਸ ਆਫ ਕਾਮਨਜ਼ ਵਿੱਚ ਐਂਟੀ ਅਬਾਰਸ਼ਨ ਬਿੱਲ ਜਾਂ ਮਤਾ ਪੇਸ਼ ਕਰ ਸਕਦਾ ਹੈ। ਇਸ ਉੱਤੇ ਫਰੈਚੈੱਟ ਨੇ ਆਖਿਆ ਕਿ ਇਹ ਝੂਠ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ੀਅਰ ਵਾਰੀ ਵਾਰੀ ਇਹ ਆਖ ਚੁੱਕੇ ਹਨ ਕਿ ਕੰਜ਼ਰਵੇਟਿਵ ਸਰਕਾਰ ਇਸ ਮਸਲੇ ਨੂੰ ਦੁਬਾਰਾ ਨਹੀਂ ਉਠਾਵੇਗੀ। ਪਰ ਉਨ੍ਹਾਂ ਇਹ ਵੀ ਆਖਿਆ ਹੈ ਕਿ ਕੰਜ਼ਰਵੇਟਿਵ ਐਮਪੀਜ਼ ਨੂੰ ਉਹ ਬਿੱਲ ਪੇਸ਼ ਕਰਨ ਦੀ ਇਜਾਜ਼ਤ ਹੋਵੇਗੀ ਜੋ ਉਹ ਪੇਸ਼ ਕਰਨਾ ਚਾਹੁਣਗੇ। ਫਿਰ ਭਾਵੇਂ ਉਹ ਬਿੱਲ ਗਰਭਪਾਤ ਸਬੰਧੀ ਅਧਿਕਾਰਾਂ ਨੂੰ ਸੀਮਤ ਕਰ ਸਕਦਾ ਹੋਵੇ। ਅਜਿਹਾ ਬਿੱਲ ਫਰੀ ਵੋਟ ਲਈ ਸਬਮਿਟ ਕਰਵਾਇਆ ਜਾ ਸਕੇਗਾ। ਮੰਗਲਵਾਰ ਨੂੰ ਰੇਅਜ਼ ਨੇ ਟਵਿੱਟਰ ਉੱਤੇ ਲਿਖਿਆ ਕਿ ਐਂਡਰਿਊ ਸ਼ੀਅਰ ਹਮੇਸ਼ਾਂ ਇਸ ਮਾਮਲੇ ਵਿੱਚ ਸਪਸ਼ਟ ਰਹੇ ਹਨ ਕਿ ਕੰਜ਼ਰਵੇਟਿਵ ਸਰਕਾਰ ਇਸ ਬਹਿਸ ਨੂੰ ਮੁੜ ਸ਼ੁਰੂ ਨਹੀਂ ਕਰੇਗੀ ਤੇ ਇਸ ਸਬੰਧੀ ਬਿੱਲ ਨੂੰ ਵੀ ਮੁੜ ਪੇਸ਼ ਨਹੀਂ ਕੀਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close