International

ਦੱਖਣ ਏਸ਼ਿਆਈ ਮੁਲਕ ਅਮਰੀਕਾ ਨਾਲ ਮਿਲਕੇ ਕਰਨਗੇ ਜੰਗੀ ਜਲ ਸੈਨਾ ਅਭਿਆਸ

ਬੈਂਕਾਕ : ਅਮਰੀਕਾ ਤੇ 10 ਦੱਖਣ-ਪੂਰਬੀ ਏਸ਼ਿਆਈ ਮੁਲਕ ਸਤੰਬਰ ਵਿਚ ਆਪਣਾ ਪਹਿਲਾ ਸਾਂਝਾ ਜਲ ਸੈਨਾ ਜੰਗੀ ਅਭਿਆਸ ਕਰਨਗੇ। ਇਸ ਅਭਿਆਸ ਦਾ ਮਕਸਦ ‘ਕਿਸੇ ਮੁਲਕ ਨੂੰ ਗਲਤ ਕਦਮ ਚੁੱਕਣ ਤੋਂ ਵਰਜਣਾ ਹੈ’। ਦੱਸਣਯੋਗ ਹੈ ਕਿ ਵਾਸ਼ਿੰਗਟਨ ਤੇ ਪੇਈਚਿੰਗ ਖਿੱਤੇ ਵਿਚ ਆਪਣਾ ਰਸੂਖ਼ ਕਾਇਮ ਕਰਨ ਲਈ ਜੂਝ ਰਹੇ ਹਨ। ਰਵਾਇਤੀ ਤੌਰ ‘ਤੇ ਵਾਸ਼ਿੰਗਟਨ ਦਾ ਹੀ ਦੱਖਣ-ਪੂਰਬੀ ਖਿੱਤੇ ਵਿਚ ਦਬਦਬਾ ਰਿਹਾ ਹੈ ਤੇ ਹੁਣ ਮੁੜ ਇਸ ਵੱਲੋਂ ਗਤੀਵਿਧੀਆਂ ਵਧਾਉਣੀਆਂ ਚੀਨ ਨਾਲ ਵਧੀ ਵਪਾਰਕ ਜੰਗ ਦਾ ਸਿੱਟਾ ਮੰਨਿਆ ਜਾ ਰਿਹਾ ਹੈ ਕਿਉਂਕਿ ਦੋਵੇਂ ਮੁਲਕ ਆਲਮੀ ਆਰਥਿਕਤਾ ‘ਤੇ ਸ਼ਿਕੰਜਾ ਕੱਸਣ ਲਈ ਕਮਰਕੱਸੇ ਕਰ ਰਹੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇਸੇ ਮਹੀਨੇ ਦੇ ਸ਼ੁਰੂ ਵਿਚ ਹੀ 10 ਮੁਲਕਾਂ ਦੇ ਸੰਗਠਨ ‘ਆਸੀਆਨ’ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਸੀ। ਟਰੰਪ ਪ੍ਰਸ਼ਾਸਨ ਨੇ ਇਸ ਨੂੰ ‘ਹਿੰਦ-ਪ੍ਰਸ਼ਾਂਤ’ ਰਣਨੀਤੀ ਦਾ ਨਾਂ ਦਿੱਤਾ ਹੈ। ਚੀਨ ਵੱਲੋਂ ਦੱਖਣੀ ਚੀਨੀ ਸਮੁੰਦਰੀ ਖਿੱਤੇ ‘ਤੇ ਜਤਾਇਆ ਜਾ ਰਿਹਾ ਹੱਕ ਵੀ ਇਸ ਟਕਰਾਅ ਨੂੰ ਸ਼ਹਿ ਦੇ ਰਿਹਾ ਹੈ। ਦੱਖਣੀ ਚੀਨੀ ਸਮੁੰਦਰੀ ਖਿੱਤੇ ‘ਚ ਖਣਿਜ ਪਦਾਰਥਾਂ ਦੀ ਭਰਮਾਰ ਹੈ ਤੇ ਇਹ ਦੁਨੀਆ ਦੇ ਕੁਝ ਇਕ ਸਭ ਤੋਂ ਅਹਿਮ ਸਮੁੰਦਰੀ ਲਾਂਘਿਆਂ ਵਿਚੋਂ ਇਕ ਹੈ। ਚੀਨ ਦੇ ਇਸ ਮੁੱਦੇ ‘ਤੇ ਚਾਰ ਆਸੀਆਨ ਮੁਲਕਾਂ ਨਾਲ ਵਖ਼ਰੇਵੇਂ ਹਨ ਪਰ ਇਸ ਦੇ ਬਾਵਜੂਦ ਉਸ ਨੇ ਲੰਘੇ ਵਰ੍ਹੇ ਇਸ ਖੇਤਰੀ ਬਲਾਕ ਨਾਲ ਸਾਂਝਾ ਜਲ ਸੈਨਾ ਜੰਗੀ ਅਭਿਆਸ ਕੀਤਾ ਹੈ। ਇਸ ਤਰ੍ਹਾਂ ਦਾ ਜੰਗੀ ਅਭਿਆਸ ਹੁਣ ਅਮਰੀਕਾ ਤੇ ਆਸੀਆਨ ਮੁਲਕਾਂ ਦੀ ਜਲ ਸੈਨਾ ਦੋ ਸਤੰਬਰ ਨੂੰ ਕਰੇਗੀ।

Show More

Related Articles

Leave a Reply

Your email address will not be published. Required fields are marked *

Close