Canada

ਐਨ. ਡੀ. ਪੀ. ਦੀ ਸਰਕਾਰ ਬਣਾਉਣ ਬਾਰੇ ਵੋਟਰਾਂ ‘ਚ ਜਗਮੀਤ ਸਿੰਘ ਦੀ ਲੋਕ-ਪ੍ਰਿਆ ਵਧੀ

ਵੈਨਕੂਵਰ : ਅਕਤੂਬਰ ਮਹੀਨੇ ‘ਚ ਕੈਨੇਡਾ ਦੇ ਲੋਕ ਸਭਾ ਹਾਊਸ ਦੀ 338 ਮੈਂਬਰਾਂ ਵਾਲੀ ਫ਼ੈਡਰਲ ਚੋਣ ਦਾ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਹੈ, ਤਿਵੇਂ ਤਿਵੇਂ ਅਗਾਂਹਵਧੂ ਸੋਚ ਦੇ ਵੋਟਰਾਂ ਲਈ ਇੰਨ੍ਹਾਂ ਚੋਣਾਂ ਵਿੱਚ ਮੌਜੂਦਾ ਸਰਕਾਰ ਦੇ ਮੁੜ ਸੱਤਾ ‘ਚ ਆ ਜਾਣ ਦਾ ਅਤੇ ਚੋਣਾਂ ਦੌਰਾਨ ਕੈਨੇਡਾ ਵਿੱਚ ਵੀ ਪੰਜਾਬ ਦੀਆਂ ਚੋਣਾਂ ਦੇ ਹਾਲਾਤਾਂ ਵਰਗੇ ਹਾਲਾਤ ਬਣ ਜਾਣ ਦੇ ਡਰ ਦਾ ਭੂਤ ਸਿਰ ਚੜ੍ਹ ਕੇ ਕੂਕਣ ਲੱਗ ਪਿਆ ਹੈ।
ਕੈਨੇਡਾ ਦੇ ਪੱਕੇ ਬਾਸ਼ਿੰਦਿਆਂ ਨਾਲ ਗੱਲਬਾਤ ਕਰਨ ਉਪਰੰਤ ਪਹਿਲਾਂ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਵੇਂ ਟਰੂਡੋ ਸਰਕਾਰ ਨੇ ਵਿਦੇਸ਼ੀ ਲੋਕਾਂ ਨੂੰ 10-10 ਸਾਲ ਦੇ ਯਾਤਰੀ ਵੀਜ਼ੇ ਦੇ ਕੇ ਕੈਨੇਡਾ ‘ਚ ਰਹਿ ਰਹੇ ਪੱਕੇ ਬਾਸ਼ਿੰਦਿਆਂ ਨੂੰ ਇੱਕ ਵਾਰ ਤਾਂ ਖੁਸ਼ ਕਰ ਦਿੱਤਾ ਕਿ ਉਨ੍ਹਾਂ ਦੇ ਸਾਕ ਸੰਬੰਧੀਆਂ ਨੂੰ ਕੈਨੇਡਾ ਆਉਣ ਦੀ ਖੁੱਲ੍ਹੀ ਆਗਿਆ ਮਿਲ ਤਾਂ ਗਈ ਹੈ ਪਰ ਜਦੋਂ ਯਾਤਰੀ ਵੀਜ਼ੇ ‘ਤੇ ਆਉਣ ਵਾਲੇ ਲੋਕ ਬੈਰੀ ਦੇ ਸੀਜਨ ‘ਚ ਮੁੜ ਮੁੜ ਆ ਕੇ ਚੋਰੀ ਕੰਮ ਕਰਕੇ ਉਨ੍ਹਾਂ ਲੋਕਾਂ ਦੀਆਂ ਜੜ੍ਹਾਂ ਕੁਤਰਨ ਲੱਗ ਪਏ ਹਨ ਜਿੰਨ੍ਹਾਂ ਨੇ ਉਨ੍ਹਾਂ ਨੂੰ ਬੁਲਾਇਆ ਹੈ ਤਾਂ ਹੁਣ ਉਹ ਪੱਕੇ ਬਾਸ਼ਿੰਦੇ ਹੀ ਇਸ ਕਰਕੇ ਸਰਕਾਰ ਪ੍ਰਤੀ ਨਫ਼ਰਤੀ ਨਜ਼ਰ ਨਾਲ ਵੇਖਣ ਲੱਗ ਪਏ ਹਨ ਕਿ ਉਨ੍ਹਾਂ ਨੂੰ ਇਸ ਕਰਕੇ ਕੰਮ ਘੱਟ ਮਿਲਣ ਲੱਗ ਪਿਆ ਹੈ ਕਿ ਉਨ੍ਹਾਂ ਦੀ ਜਗ੍ਹਾ ਯਾਤਰੀ ਵੀਜ਼ੇ ‘ਤੇ ਆਉਣ ਵਾਲੇ ਲੋਕ ਘੱਟ ਤਨਖ਼ਾਹ ‘ਤੇ ਕੰਮ ਕਰਕੇ ਕਮਾਈ ਕਰਨ ‘ਚ ਪੱਕੇ ਬਾਸ਼ਿੰਦਿਆਂ ਨੂੰ ਖੋਰਾ ਲਾ ਰਹੇ ਹਨ ਜਿਸ ਪ੍ਰਤੀ ਪੱਕੇ ਆਮ ਲੋਕ ਮੌਜੂਦਾ ਟਰੂਡੋ ਸਰਕਾਰ ਤੋਂ ਔਖੇ ਹਨ ਅਤੇ ਉਹ ਚਾਹੁੰਦੇ ਹਨ ਕਿ ਅੱਜ ਸਰਕਾਰ ‘ਚ ਬਦਲਾਅ ਦੀ ਮੁੱਖ ਲੋੜ ਹੈ।
ਕੁਝ ਲੋਕਾਂ ਨੇ ਸਰਕਾਰ ਪ੍ਰਤੀ ਇਹ ਰੋਸ ਵੀ ਜ਼ਾਹਿਰ ਕੀਤਾ ਹੈ ਕਿ ਨਾਜਾਇਜ਼ ਕਾਮਿਆਂ ਪ੍ਰਤੀ ਵਾਰ ਵਾਰ ਸ਼ਿਕਾਇਤ ਕਰਨ ਉਪਰੰਤ ਵੀ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਲੋਕ ਟਰੂਡੋ ਸਰਕਾਰ ਤੋਂ ਖੁਸ਼ ਦਿਖਾਈ ਨਹੀਂ ਦੇ ਰਹੇ। ਜੇ ਕਰ ਲੋਕਾਂ ਦੀ ਦੂਜੀ ਸੋਚ ਬਾਰੇ ਗੱਲ ਕਰੀਏ ਤਾਂ ਉਹ ਇਹ ਹੈ ਕਿ ਜਿਵੇਂ ਪਿਛਲੀਆਂ ਚੋਣਾਂ ਦੌਰਾਨ ਵੋਟਾਂ ਦੇ ਨੇੜੇ ਆ ਕੇ ਬੀ ਸੀ ‘ਚ ਸ਼ਰਾਬ ਤੋਂ ਇਲਾਵਾ ਪੋਸਤ ਅਤੇ ਡੋਡਿਆਂ ਦਾ ਬੋਲਬਾਲਾ ਵੀ ਵੇਖਿਆ ਗਿਆ ਸੀ ਤਾਂ ਲੋਕ ਸੋਚ ਰਹੇ ਹਨ ਕਿ ਇਸ ਵਾਰ ਵੀ ਕਿਤੇ ਅਜਿਹਾ ਕੰਮ ਨਾ ਸ਼ੁਰੂ ਹੋ ਜਾਵੇ ਜਿਸ ਕਰਕੇ ਅਗਾਂਹ ਲਈ ਪੰਜਾਬ ਦੀਆਂ ਚੋਣਾਂ ਵਾਂਗ ਇਹ ਪਿਰਤ ਹੀ ਨਾ ਪੈ ਜਾਵੇ। ਲੋਕਾਂ ਦੇ ਮਨ ‘ਚ ਇਹ ਡਰ ਪੈਦਾ ਹੋ ਗਿਆ ਹੈ ਅਤੇ ਉਹ ਸੋਚ ਰਹੇ ਹਨ ਕਿ ਕੈਨੇਡਾ ਦੇ ਪੰਜਾਬੀ ਸਿਆਸਤਦਾਨਾਂ ਤੋਂ ਪੰਜਾਬ ਤਾਂ ਕੈਨੇਡਾ ਨਹੀਂ ਬਣ ਸਕਿਆ, ਪਰ ਕਿਤੇ ਕੈਨੇਡਾ ਨੂੰ ਪੰਜਾਬ ਨਾ ਬਣਾ ਦੇਣ ਕਿਉਂਕਿ ਹੁਣ ਕੈਨੇਡਾ ਵਿੱਚ ਵੀ ਕੈਨੇਡਾ ਦੇ ਪੰਜਾਬੀ ਸਿਆਸਤਦਾਨ ਪੰਜਾਬ ਦੇ ਨੇਤਾਵਾਂ ਵਾਂਗ ਚੋਣਾਂ ਜਿੱਤਣ ਲਈ ਹਰ ਹੱਥਕੰਡੇ ਵਰਤਣ ਲੱਗ ਪਏ ਹਨ।
ਆਮ ਲੋਕਾਂ ਤੋਂ ਨੇੜਤਾ ਨਾਲ ਪੁੱਛੇ ਜਾਣ ‘ਤੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਉਹ ਕਿਸੇ ਤੀਜੀ ਨਵੀਂ ਪਾਰਟੀ ਦੀ ਸਰਕਾਰ ਤੋਂ ਉਮੀਦ ਚਾਹੁੰਦੇ ਹਨ। ਲੋਕਾਂ ਦੀ ਆਵਾਜ਼ ਹੈ ਕਿ ਕੰਸਰਵੇਟਿਵ ਪਾਰਟੀ ਦੇ ਰਾਜ ਦਾ ਵੀ ਉਨ੍ਹਾਂ ਨੇ ਸਵਾਦ ਚੱਖਿਆ ਹੈ ਅਤੇ ਟਰੂਡੋ ਵਾਲੀ ਮੌਜੂਦਾ ਲਿਬਰਲ ਸਰਕਾਰ ਦੇ ਵੀ ਹੱਥ ਵੇਖ ਚੁੱਕੇ ਹਨ ਜਿਸ ਕਰਕੇ ਉਹ ਐਨ ਡੀ ਪੀ ਵਾਸਤੇ ਸੋਚ ਰਹੇ ਹਨ ਕਿਉਂਕਿ ਉਹ ਕੈਨੇਡਾ ‘ਚ ਇੱਕ ਸਿੱਖ ਪ੍ਰਧਾਨ ਮੰਤਰੀ ਵੇਖਣ ਲਈ ਸੋਚ ਰਹੇ ਹਨ ਤਾਂ ਕਿ ਉਨ੍ਹਾਂ ਦਾ ਭਵਿੱਖ ਉੱਜਲਾ ਬਣ ਸਕੇ ਅਤੇ ਲੋਕਾਂ ‘ਚ ਜਗਮੀਤ ਸਿੰਘ ਦੀ ਲੋਕ ਪ੍ਰਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਲੋਕਾਂ ਦੀ ਸੋਚ ਨੇਤਾਵਾਂ ਦੇ ਕੰਮਾਂ, ਵਾਅਦਿਆਂ, ਮਿਲਵਰਤਣ ਅਤੇ ਲਾਰਿਆਂ ਕਾਰਨ ਅਕਸਰ ਹੀ ਬਦਲ ਜਾਂਦੀ ਹੈ ਜਿਸ ਤੋਂ ਲੀਡਰ ਸਬਕ ਨਹੀਂ ਸਿੱਖਦੇ, ਸਗੋਂ ਚੋਣਾਂ ਜਿੱਤਣ ਲਈ ਵੋਟਰਾਂ ਨੂੰ ਨਵੇਂ ਸਬਜਬਾਗ ਵਿਖਾ ਕੇ ਨਵਾਂ ਰਾਹ ਅਖਤਿਆਰ ਕਰ ਲੈਂਦੇ ਹਨ।

Show More

Related Articles

Leave a Reply

Your email address will not be published. Required fields are marked *

Close