CanadaInternational

ਟਰੰਪ ਨੂੰ ਕਸ਼ਮੀਰ ਮਾਮਲੇ ‘ਚ ਕਰਨੀ ਚਾਹੀਦੀ ਹੈ ਵਿਚੋਲਗੀ : ਇਮਰਾਨ ਖਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਨਾਲ ਅਚਾਨਕ ਵਧਦੇ ਤਣਾਅ ਦੇ ਮੱਦੇਨਜ਼ਰ ਐਤਾਵਰ ਨੂੰ ਦੇਸ਼ ਦੇ ਉੱਚ ਨੌਕਰਸ਼ਾਹਾਂ ਅਤੇ ਫੌਜੀ ਅਧਿਕਾਰੀਆਂ ਦੇ ਨਾਲ ਰਾਸ਼ਟਰੀ ਸੁਰੱਖਿਆ ‘ਤੇ ਚਰਚਾ ਲਈ ਐੱਨ. ਐੱਸ. ਸੀ. ਦੀ ਬੈਠਕ ਦੀ ਅਗਵਾਈ ਕੀਤੀ। ਇਮਰਾਨ ਖਾਨ ਰਾਸ਼ਟਰੀ ਸੁਰੱਖਿਆ ਕਮੇਟੀ (ਐੱਨ. ਐੱਸ. ਸੀ.) ਦੀ ਇਹ ਬੈਠਕ ਫੌਜ ਦੇ ਉਨ੍ਹਾਂ ਦੋਸ਼ਾਂ ਤੋਂ ਬਾਅਦ ਬੁਲਾਈ ਕਿ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ‘ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਲਸਟਰ ਬੰਬਾਂ ਦਾ ਇਸਤੇਮਾਲ ਕੀਤਾ।

ਹਾਲਾਂਕਿ ਭਾਰਤੀ ਫੌਜ ਨੇ ਸ਼ਨੀਵਾਰ ਨੂੰ ਇਨਾਂ ਦੋਸ਼ਾਂ ਨੂੰ ਝੂਠਾ ਅਤੇ ਮਨਘੜਤ ਦੱਸਦੇ ਹੋਏ ਖਾਰਿਜ਼ ਕਰ ਦਿੱਤਾ ਸੀ। ਐੱਨ. ਐੱਸ. ਸੀ. ਦੀ ਬੈਠਕ ‘ਚ ਰੱਖਿਆ ਮੰਤਰੀ ਪਰਵੇਜ਼ ਖੱਤਾਕ, ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਫੌਜ ਪ੍ਰਮੁੱਖ ਜਨਰਲ ਕਮਰ ਬਾਜਵਾ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਰਹੇ। ਇਮਰਾਨ ਨੇ ਸਿਲਸਿਲੇਵਾਰ ਟਵੀਟ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ ਮਾਮਲੇ ‘ਚ ਵਿਚੋਲਗੀ ਕਰਨ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਲਿੱਖਿਆ ਕਿ ਰਾਸ਼ਟਰਪਤੀ ਟਰੰਪ ਨੇ ਕਸ਼ਮੀਰ ਮਾਮਲੇ ‘ਚ ਵਿਚੋਲਗੀ ਦੀ ਪੇਸ਼ਕਸ਼ ਕੀਤੀ। ਹੁਣ ਅਜਿਹਾ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਉਥੇ ਹਾਲਾਤ ਖਰਾਬ ਹੋ ਰਹੇ ਹਨ ਅਤੇ ਕੰਟਰੋਲ ਰੇਖਾ ‘ਤੇ ਭਾਰਤੀ ਫੌਜ ਨਵੇਂ ਹਮਲਾਵਰ ਕਦਮ ਚੁੱਕ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਖੇਤਰੀ ਸੰਕਟ ਨੂੰ ਹਵਾ ਦੇਣ ਵਾਲੇ ਕਦਮ ਹਨ। ਖਾਨ ਨੇ ਇਕ ਹੋਰ ਟਵੀਟ ‘ਚ ਕਿਹਾ ਕਿ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੇ ਪ੍ਰਸਤਾਵਾਂ ਮੁਤਾਬਕ ਕਸ਼ਮੀਰ ਦੇ ਲੋਕਾਂ ਨੂੰ ਖੁਦ ਫੈਸਲੇ ਲੈਣ ਦੇ ਉਨ੍ਹਾਂ ਦੇ ਅਧਿਕਾਰ ਦਾ ਇਸਤੇਮਾਲ ਕਰਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ‘ਚ ਸ਼ਾਂਤੀ ਅਤੇ ਸੁਰੱਖਿਆ ਦਾ ਇਕੱਲਾ ਰਸਤਾ ਕਸ਼ਮੀਰ ਸਮੱਸਿਆ ਦੇ ਸ਼ਾਂਤੀਪੂਰਣ ਅਤੇ ਨਿਆਂ ਪੂਰਣ ਹੱਲ ਤੋਂ ਹੋ ਕੇ ਲੰਘਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਰਤ ਨੇ ਕਲਸਟਰ ਬੰਬਾਂ ਦਾ ਇਸਤੇਮਾਲ ਕੀਤਾ। ਇਮਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੋਂ ਇਸ ‘ਤੇ ਧਿਆਨ ਦੇਣ ਲਈ ਆਖਿਆ।

Show More

Related Articles

Leave a Reply

Your email address will not be published. Required fields are marked *

Close