Punjab

ਪੰਜਾਬ ‘ਚ ਮੁੜ ਖਾਲਿਸਤਾਨੀ ਲਹਿਰ ? ਖ਼ੁਫੀਆ ਰਿਪੋਰਟ ਨੇ ਉਡਾਈ ਭਾਰਤ ਸਰਕਾਰ ਦੀ ਨੀਂਦ

ਚੰਡੀਗੜ੍ਹ: ਪੰਜਾਬ ਦੇ ਹਾਲਾਤ ਨੂੰ ਲੈ ਕੇ ਮੁੜ ਦਿੱਲੀ ਤੱਕ ਤਾਰਾਂ ਖੜਕੀਆਂ ਹਨ। ਖ਼ੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਮੁੜ ਖਾਲਿਸਤਾਨੀ ਗਰਗਰਮ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਮਦਦ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਵੱਲੋਂ ਕੀਤੀ ਜਾ ਰਹੀ ਹੈ। ਇਸ ਵਾਰ ਆਈਐਸਆਈ ਵਿਦੇਸ਼ਾਂ ਵਿੱਚ ਬੈਠੇ ਗਰਮ ਖਿਆਲੀਆਂ ਦਾ ਸਹਾਰਾ ਲੈ ਕੇ ਪੰਜਾਬ ਵਿੱਚ ਖਾਲਿਸਤਾਨੀ ਲਹਿਰ ਨੂੰ ਮੁੜ ਸਰਗਰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਭਾਰਤੀ ਖ਼ੁਫੀਆ ਏਜੰਸੀਆਂ ਨੇ ਇਹ ਦਾਅਵੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ ਵਿੱਚ ਕੀਤੇ ਹਨ। ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਵਿੱਚ ਖਾਲਿਸਤਾਨੀ ਲਹਿਰ ਨੂੰ ਸੁਰਜੀਤ ਕਰਨ ਲਈ ਪਾਕਿਸਤਾਨ ਦੀ ਏਜੰਸੀ ਆਈਐਸਆਈ ‘ਬੇਹੱਦ ਖ਼ੁਫੀਆ ਯੋਜਨਾ’ ਉੱਤੇ ਕੰਮ ਕਰ ਰਿਹਾ ਹੈ। ਇਸ ਯੋਜਨਾ ਦਾ ਨਾਂ ‘ਪ੍ਰਾਜੈਕਟ ਹਾਰਵੈਸਟਿੰਗ ਕੈਨੇਡਾ’ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨੀ ਲਹਿਰ ਦੀ ਸੁਰਜੀਤੀ ਦੀ ਜ਼ਿੰਮੇਵਾਰੀ ਕੈਨੇਡਾ ਵਿੱਚ ਰਹਿ ਰਹੇ ਖ਼ਾਲਿਸਤਾਨੀਆਂ ਨੂੰ ਸੌਂਪੀ ਗਈ ਹੈ। ਯੋਜਨਾ ਮੁਤਾਬਕ ਕੁਝ ਖ਼ਾਸ ਖਾਲਿਸਤਾਨੀਆਂ ਨੂੰ ਭਾਰਤ ’ਚ ਕਈ ਸੇਵਾਮੁਕਤ ਪੁਲਿਸ ਤੇ ਫ਼ੌਜੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਗਿਆ ਹੈ।ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲਾ ਇਸ ਰਿਪੋਰਟ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਿਹਾ ਹੈ। ਪਾਕਿ ਖ਼ੁਫੀਆ ਏਜੰਸੀ ਆਈਐਸਆਈ ਵੱਲੋਂ ਕਿੰਨੇ ਗਰਮ ਖਿਆਲੀਆਂ ਨਾਲ ਸੰਪਰਕ ਕੀਤਾ ਗਿਆ ਹੈ, ਇਸ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਲੋਕੇਸ਼ਨ ਤੇ ਨੈੱਟਵਰਕ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ। ਇੱਕ ਪਹਿਲਾਂ ਸੌਂਪੀ ਗਈ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਆਈਐਸਆਈ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੀ ਵੀ ਮਦਦ ਲੈ ਰਹੀ ਹੈ ਤੇ ਸਿੱਖ ਨੌਜਵਾਨਾਂ ਨੂੰ ਭਾਰਤ ਖ਼ਿਲਾਫ਼ ਭੜਕਾ ਰਹੀ ਹੈ।
ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਿਉਂ ਦੋ ਹੈਂਡ ਗ੍ਰਨੇਡ ਫੜੇ ਜਾਣ ਦੇ ਮਾਮਲੇ ਨੂੰ ਵੀ ਇਸੇ ਯੋਜਨਾ ਦੇ ਹਿੱਸੇ ਵਜੋਂ ਵੇਖਿਆ ਜਾ ਰਿਹਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਤੋਂ ਨਾ ਸਿਰਫ਼ ਨਸ਼ੀਲੇ ਪਦਾਰਥ ਸਗੋਂ ਹਥਿਆਰ ਵੀ ਭੇਜੇ ਜਾ ਰਹੇ ਹਨ। ਬੀਤੇ ਦਿਨ ਪੁਲਿਸ ਨੇ ਕੁੱਕੜਾਂਵਾਲਾ ਵਿੱਚ ਲਾਏ ਨਾਕੇ ਮੌਕੇ ਦੋ ਨੌਜਵਾਨਾਂ ਨੂੰ ਰੋਕਿਆ ਸੀ, ਜੋ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਏ ਸਨ। ਭੱਜਣ ਵੇਲੇ ਉਨ੍ਹਾਂ ਦਾ ਬੈਗ ਹੇਠਾਂ ਡਿੱਗ ਪਿਆ ਸੀ, ਜਿਸ ਵਿੱਚੋਂ ਪੁਲੀਸ ਨੂੰ ਦੋ ਹੈਂਡ ਗ੍ਰਨੇਡ ਮਿਲੇ ਹਨ। ਇਸ ਤੋਂ ਇਲਾਵਾ ਮੋਬਾਈਲ ਵੀ ਮਿਲਿਆ ਹੈ।

Show More

Related Articles

Leave a Reply

Your email address will not be published. Required fields are marked *

Close