Canada

ਡੌਨਲਡ ਟਰੰਪ ਵੱਲੋਂ ਨਾਫਟਾ ਡੀਲ ਦੇ ਨਵੇਂ ਰੂਪ ਨੂੰ ਪ੍ਰਵਾਨਗੀ ਦਿੱਤੇ ਜਾਣ ਵਿੱਚ ਜਾਣਬੁੱਝ ਕੇ ਸਮਾਂ ਗੰਵਾਇਆ ਜਾ ਰਿਹਾ : ਹੇਅਮਨ

ਓਟਵਾ, ਕੈਨੇਡਾ ਵਿੱਚ ਅਮਰੀਕਾ ਦੇ ਸਾਬਕਾ ਸਫੀਰ ਰਹੇ ਬਰੂਸ ਹੇਅਮਨ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਨਾਫਟਾ ਡੀਲ ਦੇ ਨਵੇਂ ਰੂਪ ਨੂੰ ਪ੍ਰਵਾਨਗੀ ਦਿੱਤੇ ਜਾਣ ਵਿੱਚ ਜਾਣਬੁੱਝ ਕੇ ਸਮਾਂ ਗੰਵਾਇਆ ਜਾ ਰਿਹਾ ਹੈ। ਉਹ ਨਹੀਂ ਚਾਹੁੰਦੇ ਕਿ ਇਹ ਡੀਲ ਅਮਲ ਵਿੱਚ ਲਿਆਂਦੀ ਜਾ ਸਕੇ।
ਇੱਕ ਇੰਟਰਵਿਊ ਵਿੱਚ ਹੇਅਮਨ ਨੇ ਆਖਿਆ ਕਿ ਇਹ ਡੀਲ ਆਪਣੇ ਮੌਜੂਦਾ ਰੂਪ ਵਿੱਚ ਖ਼ਤਮ ਹੋ ਚੁੱਕੀ ਹੈ। 14 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇਸ ਤਿਪੱਖੀ ਟਰੇਡ ਡੀਲ ਬਾਰੇ ਗੱਲਬਾਤ ਸਿਰੇ ਚੜ੍ਹੀ ਸੀ ਤੇ ਕੁੱਝ ਸਮੇਂ ਬਾਅਦ ਹੀ ਇਸ ਉੱਤੇ ਦਸਤਖ਼ਤ ਵੀ ਕਰ ਦਿੱਤੇ ਗਏ। ਇਸ ਡੀਲ ਨੂੰ ਯੂਨਾਈਟਿਡ ਸਟੇਟਸ-ਮੈਕਸਿਕੋ-ਕੈਨੇਡਾ ਸਮਝੌਤੇ ਦਾ ਨਾਂ ਦਿੱਤਾ ਗਿਆ।
ਇਸ ਡੀਲ ਨੂੰ ਤਿੰਨਾਂ ਮੁਲਕਾਂ ਵੱਲੋਂ ਆਪਣੀ ਜਿੱਤ ਦੱਸਿਆ ਗਿਆ। ਪਰ ਸਾਈਨ ਕੀਤੇ ਜਾਣ ਦੇ ਬਾਵਜੂਦ ਅਜੇ ਵੀ ਇਸ ਡੀਲ ਨੂੰ ਪ੍ਰਵਾਨਗੀ ਦਿੱਤੇ ਜਾਣ ਉੱਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਜਦੋਂ ਤੱਕ ਇਸ ਡੀਲ ਨੂੰ ਪ੍ਰਵਾਨਗੀ ਨਹੀਂ ਮਿਲਦੀ ਉਦੋਂ ਤੱਕ ਮੌਜੂਦਾ ਨਾਫਟਾ ਸਮਝੌਤਾ ਹੀ ਲਾਗੂ ਰਹੇਗਾ। ਇਸ ਸਮੇਂ ਜਿਹੋ ਜਿਹੇ ਹਾਲਾਤ ਹਨ ਤਾਂ ਅਗਲੇ ਛੇ ਹਫਤਿਆਂ ਵਿੱਚ ਨੌਰਥ ਅਮੈਰਿਕਾ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਇਸ ਡੀਲ ਨੂੰ ਪ੍ਰਵਾਨਗੀ ਹਾਸਲ ਹੋਣ ਦੀ ਸੰਭਾਵਨਾ ਨਾਂਹ ਬਰਾਬਰ ਹੈ। ਕੈਨੇਡਾ ਵਿੱਚ ਅਕਤੂਬਰ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਅਗਲੇ ਛੇ ਹਫਤਿਆਂ ਵਿੱਚ ਪਾਰਲੀਆਮੈਂਟ ਉਠਾ ਦਿੱਤਾ ਜਾਵੇਗਾ। ਦੂਜੇ ਪਾਸੇ ਅਮਰੀਕਾ ਵਿੱਚ ਜਿਹੜਾ ਅੜਿੱਕਾ ਆ ਰਿਹਾ ਹੈ ਉਹ ਇਹ ਹੈ ਕਿ ਡੈਮੋਕ੍ਰੈਟਸ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਬਿਨਾਂ ਤਬਦੀਲੀ ਦੇ ਉਹ ਇਸ ਡੀਲ ਦੇ ਪੱਖ ਵਿੱਚ ਵੋਟ ਨਹੀਂ ਕਰਨਗੇ ਤੇ ਜਦੋਂ ਤੱਕ ਮੈਕਸਿਕੋ ਆਪਣੇ ਲੇਬਰ ਲਾਅ ਨਹੀਂ ਬਦਲ ਲੈਂਦਾ ਉਦੋਂ ਤੱਕ ਉਹ ਕਾਂਗਰਸ ਵਿੱਚ ਵੋਟ ਨਹੀਂ ਹੋਣ ਦੇਣਗੇ। ਇਨ੍ਹਾਂ ਨੁਕਤਿਆਂ ਤੋਂ ਬਿਨਾਂ ਕੈਨੇਡਾ ਵੀ ਉਦੋਂ ਤੱਕ ਆਪਣਾ ਰੁਖ ਨਰਮ ਕਰਨ ਦਾ ਕੋਈ ਇਰਾਦਾ ਨਹੀਂ ਰੱਖਦਾ ਜਦੋਂ ਤੱਕ ਅਮਰੀਕਾ ਵੱਲੋਂ ਲਾਏ ਗਏ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਦਾ ਕੁੱਝ ਨਹੀਂ ਕੀਤਾ ਜਾਂਦਾ। ਹੇਅਮਨ ਨੇ ਆਖਿਆ ਕਿ ਇੱਕ ਗੱਲ ਸਪਸ਼ਟ ਹੈ ਕਿ ਯੂਨਾਈਟਿਡ ਸਟੇਟਸ ਟਰੇਡ ਰਿਪ੍ਰਜ਼ੈਂਟੇਟਿਵ ਤੇ ਡੌਨਲਡ ਟਰੰਪ ਨੇ ਪਹਿਲੇ ਦਿਨ ਤੋਂ ਹੀ ਇਸ ਡੀਲ ਨੂੰ ਸਹੀ ਢੰਗ ਨਾਲ ਹੈਂਡਲ ਨਹੀਂ ਕੀਤਾ। ਜੇ ਉਨ੍ਹਾਂ ਇਸ ਡੀਲ ਨੂੰ 2017 ਵਿੱਚ ਪਾਸ ਕਰ ਦਿੱਤਾ ਹੁੰਦਾ, 2018 ਦੇ ਸ਼ੁਰੂ ਵਿੱਚ ਤਿੰਨਾਂ ਦੇਸ਼ਾਂ ਦਰਮਿਆਨ ਇਸ ਸਮਝੌਤੇ ਉੱਤੇ ਸਹੀ ਪਾਈ ਜਾ ਚੁੱਕੀ ਹੁੰਦੀ ਤਾਂ ਉਨ੍ਹਾਂ ਕੋਲ ਸੈਨੇਟ ਹੋਣੀ ਸੀ, ਮੈਕਸਿਕੋ ਦੀ ਸਰਕਾਰ ਨਹੀਂ ਸੀ ਬਦਲਣੀ ਤੇ ਕੈਨੇਡਾ ਵਿੱਚ ਚੋਣਾਂ ਵਾਲਾ ਮਾਹੌਲ ਨਹੀਂ ਸੀ ਹੋਣਾ।

Show More

Related Articles

Leave a Reply

Your email address will not be published. Required fields are marked *

Close