National

ਭਾਰਤ ਦੀ ਨਿਆਂਪਾਲਿਕਾ ਨੂੰ ਇਸ ਵੇਲੇ ਵੱਡਾ ਖ਼ਤਰਾ: CJI ਰੰਜਨ ਗੋਗੋਈ

-- ਇੱਕ ਔਰਤ ਨੇ ਭਾਰਤ ਦੇ ਚੀਫ਼ ਜਸਟਿਸ ਉੱਤੇ ਲਾਏ ਜਿਨਸੀ ਛੇੜਖਾਨੀ ਦੇ ਦੋਸ਼

ਸੁਪਰੀਮ ਕੋਰਟ ਨੇ ਅੱਜ ਸਨਿੱਚਰਵਾਰ ਨੂੰ ਉਸ ਵੇਲੇ ਇੱਕ ਜ਼ਰੂਰੀ ਸੁਣਵਾਈ ਕੀਤੀ, ਜਦੋਂ ਇੱਕ ਸਾਬਕਾ ਮਹਿਲਾ ਮੁਲਾਜ਼ਮ ਨੇ ਭਾਰਤ ਦੇ ਚੀਫ਼ ਜਸਟਿਸ (CJI – Chief Justice of India) ਰੰਜਨ ਗੋਗੋਈ ਉੱਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਉਸ ਨਾਲ ਜਿਨਸੀ ਛੇੜਖਾਨੀ ਕੀਤੀ ਹੈ।
ਚੀਫ਼ ਜਸਟਿਸ ਗੋਗੋਈ ਨੇ ਇਸ ਮਾਮਲੇ ਦੀ ਸੁਣਵਾਈ ਲਈ ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਸੰਜੀਵ ਖੰਨਾ ਦੇ ਵਿਸ਼ੇਸ਼ ਬੈਂਚ ਦੀ ਸਥਾਪਨਾ ਕੀਤੀ ਸੀ।

ਇਸ ਮਾਮਲੇ ਦੀ ਸੁਣਵਾਈ ਵੇਲੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਆਪਣੇ ਦਿਲ ਦੀਆਂ ਗੱਲਾਂ ਅਦਾਲਤ ਸਾਹਵੇਂ ਬਿਆਨ ਕਰਦਿਆਂ ਦੱਸਿਆ ਕਿ ਇਸ ਵੇਲੇ ਨਿਆਂਪਾਲਿਕਾ ਬਹੁਤ ਵੱਡੇ ਖ਼ਤਰੇ ਹੇਠ ਹੈ।
ਜਸਟਿਸ ਗੋਗੋਈ ਨੇ ਕਿਹਾ ਕਿ – ‘ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਲਈ ਮੈਂ ਨੀਂਵੇਂ ਪੱਧਰ ਉੱਤੇ ਨਹੀਂ ਜਾਣਾ ਚਾਹੁੰਦਾ।’ ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ ਲਾ ਕੇ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਘਟਾਉਣ ਦਾ ਜਤਨ ਚੱਲ ਰਿਹਾ ਹੈ। ਉਨ੍ਹਾਂ ਕਿਹਾ,‘ਮੇਰੇ ਉੱਤੇ ਇਹ ਦੋਸ਼ ਇਸ ਲਈ ਲੱਗੇ ਹਨ ਕਿਉਂਕਿ ਮੈਂ ਅਗਲੇ ਹਫ਼ਤੇ ਇੱਕ ਬਹੁਤ ਨਾਜ਼ੁਕ ਮਾਮਲੇ ਦੀ ਸੁਣਵਾਈ ਕਰਨ ਜਾ ਰਿਹਾ ਹਾਂ। ਮੈਂ ਪਿੱਛੇ ਨਹੀਂ ਹਟਾਂਗਾ। ਮੇਰੀ ਸੇਵਾ ਦੇ ਹਾਲੇ ਸੱਤ ਮਹੀਨੇ ਪਏ ਹਾਂ ਤੇ ਮਾਮਲਿਆਂ ਦੇ ਫ਼ੈਸਲੇ ਕਰ ਕੇ ਜਾਵਾਂਗਾ।’

ਜਸਟਿਸ ਗੋਗੋਈ ਨੇ ਕਿਹਾ ਕਿ – ‘ਇੱਥੇ ਅਜਿਹੀਆਂ ਕੁਝ ਤਾਕਤਾਂ ਹਨ, ਜੋ ਨਿਆਂਪਾਲਿਕਾ ਨੂੰ ਅਸਥਿਰ ਕਰਨ ਦੇ ਜਤਨ ਕਰ ਰਹੀਆਂ ਹਨ। ਮੇਰੇ ਵਿਰੁੱਧ ਦੋਸ਼ ਲਾਉਣ ਪਿੱਛੇ ਕੁਝ ਵੱਡੀਆਂ ਤਾਕਤਾਂ ਮੌਜੂਦ ਹਨ।’
ਚੀਫ਼ ਜਸਟਿਸ ਨੇ ਇੱਥੋਂ ਤੱਕ ਵੀ ਦਾਅਵਾ ਕੀਤਾ ਕਿ ਜਿਸ ਔਰਤ ਨੇ ਦੋਸ਼ ਲਾਏ ਹਨ, ਉਸ ਦਾ ਆਪਣਾ ਇੱਕ ਅਪਰਾਧਕ ਪਿਛੋਕੜ ਰਿਹਾ ਹੈ। ਉਸ ਵਿਰੁੱਧ ਦੋ ਐੱਫ਼ਆਈਆਰਜ਼ ਦਰਜ ਹਨ।
ਦੋਸ਼ ਲਾਉਣ ਵਾਲੀ ਔਰਤ ਪਹਿਲਾਂ ਚੀਫ਼ ਜਸਟਿਸ ਦੇ ਘਰ ਵਿੱਚ ਜੂਨੀਅਰ ਅਸਿਸਟੈਂਟ ਵਜੋਂ ਕੰਮ ਕਰਦੀ ਰਹੀ ਹੈ। ਪਿਛਲੇ ਸਾਲ ਉਸ ਦਾ ਵਿਵਹਾਰ ਕੁਝ ਗ਼ੈਰ–ਵਾਜਬ ਹੋਣ ਕਾਰਨ ਉਸ ਨੂੰ ਸੇਵਾ ਤੋਂ ਬਰਤਰਫ਼ ਕਰ ਦਿੱਤਾ ਗਿਆ ਸੀ।ਚੀਫ਼ ਜਸਟਿਸ ਨੇ ਅੱਗੇ ਕਿਹਾ – ’20 ਸਾਲਾਂ ਦੀ ਸੇਵਾ ਤੋਂ ਬਾਅਦ ਮੇਰੇ ਕੋਲ 6 ਲੱਖ ਰੁਪਏ ਦਾ ਬੈਂਕ ਬੈਲੈਂਸ ਹੈ ਤੇ ਪ੍ਰਾਵੀਡੈਂਟ ਫ਼ੰਡ ਵਿੱਚ 40 ਲੱਖ ਰੁਪਏ ਪਏ ਹਨ। ਕੋਈ ਮੇਰੇ ਉੱਤੇ ਧਨ ਦੇ ਲੈਣ–ਦੇਣ ਦਾ ਇਲਜ਼ਾਮ ਤਾਂ ਲਾ ਨਹੀਂ ਸੀ ਸਕਦਾ, ਇਸੇ ਲਈ ਕੋਈ ਹੋਰ ਬਹਾਨਾ ਲੱਭਿਆ ਗਿਆ। ਮੈਂ ਸੁਪਰੀਮ ਕੋਰਟ ਦੇ ਸਾਰੇ ਮੁਲਾਜ਼ਮਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਹਾਂ।’
ਸੁਪਰੀਮ ਕੋਰਟ ਵਿੱਚ ਅਗਲੇ ਹਫ਼ਤੇ ਜਿਹੜੇ ਕੁਝ ਪ੍ਰਮੁੱਖ ਮਾਮਲਿਆਂ ਦੀ ਸੁਣਵਾਈ ਹੋਣ ਵਾਲੀ ਹੈ, ਉਨ੍ਹਾਂ ਵਿੱਚੋਂ ਇੱਕ ਤਾਂ ਪ੍ਰਧਾਨ ਮੰਤਰੀ ਦੀ ਜੀਵਨੀ ਉੱਤੇ ਫ਼ਿਲਮ ਨਾਲ ਸਬੰਧਤ ਹੈ, ਦੂਜਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉੱਤੇ ਅਦਾਲਤ ਦੀ ਮਾਨਹਾਨੀ ਦਾ ਮੁਕੱਦਮਾ ਹੈ ਤੇ ਇੱਕ ਮਾਮਲਾ ਤਾਮਿਲ ਨਾਡੂ ਵਿੱਚ ਫੜੀ ਗਈ ਨਕਦੀ ਦਾ ਹੈ।

Show More

Related Articles

Leave a Reply

Your email address will not be published. Required fields are marked *

Close