Punjab

ਤਰਨ ਤਾਰਨ ਲਾਗੇ ਭਾਰਤੀ ਸਰਹੱਦ ਅੰਦਰ 2 ਕਿ.ਮੀ. ਤੱਕ ਆ ਗਿਆ ਪਾਕਿ ਡ੍ਰੋਨ

ਭਾਰਤ–ਪਾਕਿਸਤਾਨ ਸਰਹੱਦ ਤੋਂ ਸਿਰਫ਼ ਇੱਕ ਕਿਲੋਮੀਟਰ ਦੂਰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਰੱਤੋਕੇ ਵਿੱਚ ਅੱਜ ਇੱਕ ਪਾਕਿਸਤਾਨੀ ਡ੍ਰੋਨ ਹਵਾਈ ਜਹਾਜ਼ ਵੇਖਿਆ ਗਿਆ। ਭਾਰਤੀ ਫ਼ੌਜ ਨੇ ਉਸ ਨੂੰ ਗੋਲੀਆਂ ਮਾਰ ਕੇ ਫੁੰਡਣ ਦੀ ਕੋਸ਼ਿਸ਼ ਕੀਤੀ ਪਰ ਉਹ ਵਾਪਸ ਚਲਾ ਗਿਆ। ਇਹ ਘਟਨਾ ਬੁੱਧਵਾਰ ਰਾਤ ਦੀ ਹੈ।ਤਰਨ ਤਾਰਨ ਜ਼ਿਲ੍ਹੇ ਦੇ ਡੀਐੱਸਪੀ ਰੈਂਕ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਡ੍ਰੋਨ ਖੇਮਕਰਨ ਸੈਕਟਰ ਦੀ ਰੱਤੋਕੇ ਸਰਹੱਦੀ ਚੌਕੀ ਲਾਗੇ ਭਾਰਤੀ ਸਰਹੱਦ ਦੇ ਅੰਦਰ ਦੋ ਕਿਲੋਮੀਟਰ ਤੱਕ ਆ ਗਿਆ ਸੀ। ਜਦੋਂ ਭਾਰਤੀ ਰਾਡਾਰਾਂ ਉੱਤੇ ਇਸ ਡ੍ਰੋਨ ਬਾਰੇ ਜਾਣਕਾਰੀ ਮਿਲੀ, ਤਾਂ ਸਰਹੱਦ ਉੱਤੇ ਤਾਇਨਾਤ ਭਾਰਤੀ ਫ਼ੌਜ ਉਸ ਨੂੰ ਡੇਗਣ ਲਈ ਚਾਰ ਗੋਲੀਆਂ ਚਲਾਈਆਂ ਪਰ ਉਹ ਪਾਕਿਸਤਾਨ ਪਰਤਣ ਵਿੱਚ ਸਫ਼ਲ ਹੋ ਗਿਆ।ਇਹ ਘਟਨਾ ਬੁੱਧਵਾਰ ਰਾਤੀਂ 9:15 ਵਜੇ ਦੀ ਹੈ, ਜਦੋਂ ਪਿੰਡ ਰੱਤੋਕੇ ਦੇ ਨਿਵਾਸੀ ਇੱਕ ਤੋਂ ਬਾਅਦ ਇੱਕ ਕਰ ਕੇ ਚੱਲੀਆਂ ਚਾਰ ਗੋਲੀਆਂ ਕਾਰਨ ਆਪੋ–ਆਪਣੇ ਘਰਾਂ ਤੋਂ ਬਾਹਰ ਆ ਗਏ।ਪਿੰਡ ਦੇ ਸਰਪੰਚ ਕੁਲਬੀਰ ਸਿੰਘ ਨੇ ਦੱਸਿਆ,‘ਮੈਂ ਸੁੱਤਾ ਪਿਆ ਸੀ, ਜਦੋਂ ਚਾਰ ਗੋਲ਼ੀਆਂ ਦੀ ਬਹੁਤ ਉੱਚੀ ਆਵਾਜ਼ ਨੇ ਜਗਾ ਦਿੱਤਾ। ਮੈਂ ਘਰੋਂ ਬਾਹਰ ਆਇਆ, ਤਾਂ ਵੇਖਿਆ ਕਿ ਸਾਰੇ ਹੀ ਪਿੰਡ–ਵਾਸੀ ਆਪੋ–ਆਪਣੇ ਘਰਾਂ ਤੋਂ ਬਾਹਰ ਆਏ ਹੋਏ ਸਨ। ਇਸ ਦੇ ਛੇਤੀ ਬਾਅਦ ਪਿੰਡ ਦੀ ਬਿਜਲੀ ਚਲੀ ਗਈ ਤੇ ਹਰ ਪਾਸੇ ਹਨੇਰਾ ਛਾ ਗਿਆ। ਆਵਾਜ਼ ਇੰਝ ਸੀ, ਜਿਵੇਂ ਕੋਈ ਗੋਲ਼ਾ ਚੱਲਿਆ ਹੋਵੇ। ਬਿਜਲੀ ਦੇਰ ਰਾਤੀਂ ਪਰਤੀ।’ਸਰਪੰਚ ਨੇ ਦੱਸਿਆ ਕਿ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਗਿਆ ਸੀ ਤੇ ਫ਼ੌਜ ਨੇ ਉਸ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਸੀ।ਪਿੰਡ ਰੱਤੋਕੇ ਦੇ ਕਿਸਾਨ ਕਾਬੁਲ ਸਿੰਘ ਨੇ ਦੱਸਿਆ ਕਿ ਕੁਝ ਪਿੰਡ ਵਾਸੀ ਤਾਂ ਸਾਰੀ ਰਾਤ ਸੌਂ ਹੀ ਨਹੀਂ ਸਕੇ ਤੇ ਕੁਝ ਪਿੰਡ ਵਾਸੀ ਡਰਦੇ ਮਾਰੇ ਪਿੰਡ ਛੱਡ ਕੇ ਹੀ ਚਲੇ ਗਏ।ਪੰਜਾਬ ਬਾਰਡਰ ਕਿਸਾਨ ਵੈਲਫ਼ੇਅਰ ਸੁਸਾਇਟੀ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਭੌਰਾ ਨੇ ਦੱਸਿਆ ਕਿ ਸਰਹੱਦੀ ਇਲਾਕੇ ਦੇ ਲੋਕ ਪਹਿਲਾਂ ਤੋਂ ਹੀ ਦਹਿਸ਼ਤ ਦੇ ਪਰਛਾਵੇਂ ਹੇਠ ਰਹਿੰਦੇ ਰਹੇ ਹਨ। ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਤੋਂ ਬਾਅਦ ਵੀ ਇੱਥੇ ਸਰਹੱਦ ਉੱਤੇ ਫ਼ੌਜ ਤਾਇਨਾਤ ਕਰ ਦਿੱਤੀ ਗਈ ਸੀ। ਸਰਹੱਦੀ ਇਲਾਕੇ ਦੇ ਕੁਝ ਲੋਕ ਹੁਣ ਆਪਣਾ ਸਾਮਾਨ ਤੇ ਜਾਨਵਰ ਪਿੱਛੇ ਛੱਡ ਕੇ ਹੋਰਨਾਂ ਪਿੰਡਾਂ ਵਿੱਚ ਜਾਣ ਲੱਗ ਪਏ ਹਨ। ਦੋਵੇਂ ਦੇਸ਼ਾਂ ਨੂੰ ਗੱਲਬਾਤ ਰਾਹੀਂ ਮਸਲੇ ਹੱਲ ਕਰ ਲੈਣੇ ਚਾਹੀਦੇ ਹਨ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ।ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਪਾਕਿਸਤਾਨ ਡ੍ਰੋਨ ਦੀ ਘਟਨਾ ਬਾਰੇ ਨਹੀਂ ਪਤਾ। ਬੀਐੱਸਐੱਫ਼ ਪੰਜਾਬ ਫ਼ਰੰਟੀਅਰ ਦੇ ਆਈਜੀ ਨੇ ਦੱਸਿਆ ਕਿ ਇਸ ਦੀ ਪੁਸ਼ਟੀ ਕੇਵਲ ਫ਼ੌਜ ਹੀ ਕਰ ਸਕਦੀ ਹੈ। ਚੇਤੇ ਰਹੇ ਸਿਰਫ਼ ਦੋ ਦਿਨ ਪਹਿਲਾਂ ਹੀ ਖੇਮਕਰਨ ਸੈਕਟਰ ਵਿੱਚ ਪਾਕਿਸਤਾਨ ਦੇ ਚਾਰ ਐੱਫ਼–16 ਹਵਾਈ ਜਹਾਜ਼ ਵੀ ਵੇਖੇ ਗਏ ਸਨ।

Show More

Related Articles

Leave a Reply

Your email address will not be published. Required fields are marked *

Close