Punjab

ਡੇਰਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਨਹੀਂ ਕਰ ਸਕੀ SIT

ਸਾਲ 2015 ਦੇ ਬੇਅਦਬੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ SIT (Special Investigation Team – ਵਿਸ਼ੇਸ਼ ਜਾਂਚ ਟੀਮ) ਇਸ ਵੇਲੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਪੁੱਜੀ ਹੋਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਜੇਲ੍ਹ ਅਧਿਕਾਰੀਆਂ ਨੇ ਕੁਝ ਕਾਨੂੰਨੀ ਕਾਰਜ–ਵਿਧੀਆਂ ਕਾਰਨ SIT ਨੂੰ ਪੁੱਛਗਿੱਛ ਲਈ ਇਜਾਜ਼ਤ ਨਹੀਂ ਦਿੱਤੀ ਹੈ।
ਡੇਰਾ ਸਿਰਸਾ ਮੁਖੀ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਪੰਚਕੂਲਾ ਸਥਿਤ ਸੀਬੀਆਈ ਦੀ ਇੱਕ ਅਦਾਲਤ ਨੇ ਉਸ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ 25 ਅਗਸਤ, 2017 ਨੂੰ ਇਹ ਸਜ਼ਾ ਸੁਣਾਈ ਸੀ।
ਵਿਸ਼ੇਸ਼ ਜਾਂਚ ਟੀਮ ਨੇ ਫ਼ਰੀਦਕੋਟ ਦੀ ਅਦਾਲਤ ਵਿੱਚ ਇੱਕ ਅਰਜ਼ੀ ਦੇ ਕੇ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਦੀ ਪ੍ਰਵਾਨਗੀ ਮੰਗੀ ਸੀ। SIT ਮੈਂਬਰ ਅਤੇ ਆਈਜੀ ਪੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਸੇ ਦਿਨ ਦੱਸਿਆ ਸੀ ਕਿ ਰੋਹਤਕ ਜੇਲ੍ਹ ਦੇ ਅਧਿਕਾਰੀਆਂ ਨਾਲ ਤਾਲਮੇਲ ਕਾਇਮ ਕਰ ਕੇ ਡੇਰਾ ਮੁਖੀ ਤੋਂ ਪੁੱਛਗਿੱਛ ਦਾ ਸਮਾਂ ਤੈਅ ਕੀਤਾ ਜਾਵੇਗਾ।
ਇੱਥੇ ਵਰਨਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਕੁਝ ਡੇਰਾ ਸ਼ਰਧਾਲੂਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਪੰਜਾਬ ਪੁਲਿਸ ਹੁਣ ਤੱਕ 23 ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਉਨ੍ਹਾਂ ਨੂੰ ਬਰਗਾੜੀ ਬੇਅਦਬੀ ਦੀ ਘਟਨਾ ਨਾਲ ਜੋੜਿਆ ਗਿਆ ਹੈ।
ਇਸ ਤੋਂ ਇਲਾਵਾ ਇਹੋ SIT ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਵਿਚਾਲੇ ਮੀਟਿੰਗ ਦੀ ਵੀ ਜਾਂਚ ਕਰ ਰਹੀ ਹੈ। ਦਰਅਸਲ, ਡੇਰਾ ਮੁਖੀ ਆਪਣੀ ਫ਼ਿਲਮ ‘MSG 2’ ਪੰਜਾਬ ਵਿੱਚ ਰਿਲੀਜ਼ ਕਰਵਾਉਣਾ ਚਾਹੁੰਦਾ ਸੀ ਤੇ ਪਹਿਲਾਂ ਉਸ ਨੂੰ ਕਥਿਤ ਤੌਰ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿੱਤੀ ਗਈ। ਇਸ ਮਾਮਲੇ ਵਿੱਚ ਅਕਸ਼ੇ ਕੁਮਾਰ ਦੀ ਭੂਮਿਕਾ ਵੀ ਮੰਨੀ ਜਾਂਦੀ ਹੈ। ਇਹ ਸਮਝਿਆ ਜਾਂਦਾ ਹੈ ਕਿ ਅਕਸ਼ੇ ਕੁਮਾਰ ਨੇ ਕਥਿਤ ਤੌਰ ਉੱਤੇ ਸੁਖਬੀਰ ਬਾਦਲ ਅਤੇ ਡੇਰਾ ਮੁਖੀ ਵਿਚਾਲੇ ਮੀਟਿੰਗ ਕਰਵਾਈ ਸੀ।
ਇਸੇ ਲਈ SIT ਪਹਿਲਾਂ ਅਕਸ਼ੇ ਕੁਮਾਰ, ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।

Show More

Related Articles

Leave a Reply

Your email address will not be published. Required fields are marked *

Close