International

ਪਾਕਿਸਤਾਨ ਨੂੰ ਹੁਣ APG ਦੀ ਗ੍ਰੇਅ–ਲਿਸਟ ’ਚ ਪਾਏ ਜਾਣ ਦਾ ਖ਼ਤਰਾ

ਪਾਕਿਸਤਾਨ ਉੱਤੇ ਹੁਣ ‘ਏਸ਼ੀਆ–ਪ੍ਰਸ਼ਾਂਤ ਸਮੂਹ’ (APG – Asia-Pacific Group) ਵੱਲੋਂ ਉਸ ਨੂੰ ਨਿਗਰਾਨੀ–ਸੂਚੀ (ਗ੍ਰੇਅ–ਲਿਸਟ) ਵਿੱਚ ਪਾਉਣ ਦਾ ਖ਼ਤਰਾ ਮੰਡਰਾ ਰਿਹਾ ਹੈ। ਧਨ ਦੇ ਗ਼ੈਰ–ਕਾਨੂੰਨੀ ਤਰੀਕੇ ਨਾਲ ਲੈਣ–ਦੇਣ (ਮਨੀ–ਲਾਂਡਰਿੰਗ) ਤੇ ਅੱਤਵਾਦੀਆਂ ਤੇ ਉਨ੍ਹਾਂ ਦੀਆਂ ਜੱਥੇਬੰਦੀਆਂ ਨੂੰ ਵਿੱਤੀ ਸਹਾਇਤਾ ਰੋਕਣ ਦੇ ਮਾਮਲੇ ਵਿੱਚ ਪਾਕਿਸਤਾਨ ਕੁੱਲ 40 ਸਿਫ਼ਾਰਸ਼ਾਂ ’ਚੋਂ ਲਗਭਗ 70 ਫ਼ੀ ਸਦੀ ਦੀ ਹੀ ਪਾਲਣਾ ਕਰ ਸਕਿਆ ਹੈ। ਇਸ ਤੋਂ ਪਹਿਲਾਂ ਪੈਰਿਸ ਸਥਿਤ ਵਿੱਤੀ ਕਾਰਵਾਈ ਕਾਰਜ–ਬਲ (FATF – Financial Action Task Force) ਜੂਨ 2018 ’ਚ ਹੀ ਪਾਕਿਸਤਾਨ ਨੂੰ ਨਿਗਰਾਨੀ ਸੂਚੀ ਵਿੱਚ ਪਾ ਚੁੱਕਾ ਹੈ।
ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਨੀ–ਲਾਂਡਰਿੰਗ ਉੱਤੇ ਏਸ਼ੀਆ–ਪ੍ਰਸ਼ਾਂਤ ਸਮੂਹ ਦੇ ਕਿਸੇ ਤਰ੍ਹਾਂ ਦੇ ਵਿਰੋਧੀ ਫ਼ੈਸਲੇ ਨਾਲ ਪਾਕਿਸਤਾਨ ਸਰਕਾਰ ਲਈ ਇਸ ਮਾਮਲੇ ਵਿੱਚ ਸਮੱਸਿਆ ਹੋਰ ਵੀ ਔਖੀ ਹੋ ਸਕਦੀ ਹੈ। ਏਪੀਜੀ ਦਾ ਇੱਕ ਵਫ਼ਦ ਸੋਮਵਾਰ ਨੂੰ ਪਾਕਿਸਤਾਨ ਪੁੱਜਾ ਤੇ ਉਹ ਇਸ ਗੱਲ ਦੀ ਸਮੀਖਿਆ ਕਰ ਰਿਹਾ ਹੈ ਕਿ ਕੀ ਪਾਕਿਸਤਾਨ ਨੇ ਇਸ ਮੋਰਚੇ ਉੱਤੇ ਵਰਨਣਯੋਗ ਪ੍ਰਗਤੀ ਕੀਤੀ ਹੈ।
ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਤੋਂ ਪਾਕਿਸਤਾਨ ਉੱਤੇ ਪਹਿਲਾਂ ਤੋਂ ਹੀ ਜੈਸ਼–ਏ–ਮੁਹੰਮਦ ਜਿਹੇ ਅੱਤਵਾਦੀ ਸਮੂਹਾਂ ਉੱਤੇ ਪਾਬੰਦੀ ਲਾਉਣ ਨੂੰ ਲੈ ਕੇ ਕਾਫ਼ੀ ਕੌਮਾਂਤਰੀ ਦਬਾਅ ਹੈ। ਏਪੀਜੀ ਏਸ਼ੀਆ–ਪ੍ਰਸ਼ਾਂਤ ਖੇਤਰ ਵਿੱਚ FATF ਜਿਹੀ ਹੀ ਇੱਕ ਖੇਤਰੀ ਸੰਸਥਾ ਹੈ।
ਇਹ ਖੇਤਰ ਦੀਆਂ ਸਰਕਾਰਾਂ ਵਿੱਚ ਬਣੀ ਸੰਸਥਾ ਹੈ, ਜਿਸ ਦੀ ਸਥਾਪਨਾ 1997 ’ਚ ਕੀਤੀ ਗਈ ਸੀ। ਏਪੀਜੀ ਦੀ ਆਪਸੀ ਮੁਲਾਂਕਣ ਪ੍ਰਕਿਰਿਆ ਭਾਵੇਂ FATF ਤੋਂ ਵੱਖਰੀ ਹੈ ਪਰ ਇਹ FATF ਦੀਆਂ 40 ਸਿਫ਼ਾਰਸ਼ਾਂ ਨੂੰ ਲਾਗੂ ਕਰਨ ਉੱਤੇ ਆਧਾਰਤ ਹੁੰਦੀ ਹੈ।

Show More

Related Articles

Leave a Reply

Your email address will not be published. Required fields are marked *

Close