Canada

ਬੀ.ਸੀ. ‘ਚ ਗੁਰਦਾਸ ਮਾਨ ਦਾ ਜ਼ਬਰਦਸਤ ਵਿਰੋਧ, ਗੁਰਦਾਸ ਮਾਨ ਨੇ ਪ੍ਰਦਰਸ਼ਨਕਾਰੀ ਖਿਲਾਫ਼ ਵਰਤੀ ਇਤਰਾਜ਼ਯੋਗ ਸ਼ਬਦਾਵਲੀ

ਵੈਨਕੂਵਰ : ‘ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ’ ਗੀਤ ਗਾਉਣ ਵਾਲੇ ਗੁਰਦਾਸ ਮਾਨ ਨੂੰ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿਖੇ ਉਸ ਸਮੇਂ ਪੰਜਾਬੀਆਂ ਵੱਲੋਂ ਹੀ ਜ਼ਬਰਦਸਤ ਰੋਹ ਦੀ ਪੀੜ ਝੱਲਣੀ ਪਈ ਜਦੋਂ ਪੰਜਾਬੀ ਬੋਲੀ ਨੂੰ ਲੈ ਕੇ ਮੁਜਾਹਰਾਕਾਰੀਆਂ ਨੇ ਉਸਦੇ ਸ਼ੋਅ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਹਾਲ ਦੇ ਸਾਹਮਣੇ ਉਸ ਵਿਰੁੱਧ ਮੁਰਦਾਬਾਦ ਦੇ ਨਾਹਰੇ ਲਾ ਕੇ ਰੋਸ ਪ੍ਰਗਟ ਹੋਏ ਉਸ ਦਾ ਰੱਜ ਕੇ ਭੰਡੀ ਪ੍ਰਚਾਰ ਕੀਤਾ। ਯਾਦ ਰਹੇ ਕਿ ਗੁਰਦਾਸ ਮਾਨ ਨੇ ਸਰੀ ਤੋਂ ਚੱਲਦੇ ਇੱਕ ਪੰਜਾਬੀ ਰੇਡੀਓ ‘ਤੇ ਇੱਕ ਇੰਟਰਵਿਊ ਵਿੱਚ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਮਾਂ ਬੋਲੀ ਕਹਿਣ ਦੀ ਬਜਾਏ ‘ਪੰਜਾਬੀ ਸਾਡੀ ਮਾਸੀ’ ਹੈ ਕਹਿ ਦਿੱਤਾ। ਏਥੇ ਹੀ ਵੱਸ ਨਹੀਂ, ਉਸ ਦੁਆਰਾ ਕਹੀ ਗਈ ਗੱਲ ਕਿ ‘ਹਿੰਦੁਸਤਾਨ ‘ਚ ਇੱਕੋ ਬੋਲੀ ਹੋਣੀ ਚਾਹੀਦੀ ਹੈ, ਤੋਂ ਲੋਕ ਰੇਡੀਓ ਪ੍ਰੋਗਰਾਮ ਸੁਣ ਕੇ ਭੜਕ ਉੱਠੇ ਅਤੇ ਸੋਸ਼ਲ ਮੀਡੀਆ ਜ਼ਰੀਏ ਐਬਟਸਫੋਰਡ ‘ਚ ਹੋਣ ਵਾਲੇ ਉਸਦੇ ਸ਼ੋਅ ਦੌਰਾਨ ਉਸ ਖ਼ਿਲਾਫ਼ ਰੋਸ ਪ੍ਰਦਰਸ਼ਨ ਦਾ ਹੋਕਾ ਦੇ ਕੇ ਵੱਡੀ ਗਿਣਤੀ ‘ਚ ਲੋਕਾਂ ਨੇ ਇਕੱਠੇ ਹੋ ਕੇ ਗ਼ੁੱਸਾ ਜ਼ਾਹਰ ਕੀਤਾ। ਜਿਸ ਹਾਲ ਵਿੱਚ ਸ਼ੋਅ ਹੋਇਆ, ਉਸ ਦੇ ਅੱਗੇ ਸ਼ੋਅ ਵੇਖਣ ਵਾਲਿਆਂ ਦਾ ਵੱਡਾ ਇਕੱਠ ਸੀ ਅਤੇ ਹਾਲ ਦੇ ਬਿਲਕੁੱਲ ਸਾਹਮਣੇ ਸੜਕ ਦੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਹੱਥਾਂ ਵਿੱਚ ਮਾਨ ਖ਼ਿਲਾਫ਼ ਬੈਨਰ ਅਤੇ ਮਾਟੋ ਲਿਖੀਆਂ ਫੱਟੀਆਂ ਫੜ੍ਹੀ ਮੁਜਾਹਰਾ ਕਰ ਰਹੇ ਮੁਰਦਾਬਾਦ ਦੇ ਨਾਹਰੇ ਲਾ ਰਹੇ ਸਨ। ਪ੍ਰਦਰਸ਼ਨਕਾਰੀਆਂ ‘ਚ ਇਸ ਗੱਲ ਦਾ ਗ਼ੁੱਸਾ ਹੈ ਕਿ ਮਾਨ ਪੰਜਾਬੀ ਜ਼ੁਬਾਨ ਕਰਕੇ ਹੀ ਗਾਇਕੀ ਦੇ ਖੇਤਰ ਵਿੱਚ ਉੱਚੇ ਮੁਕਾਮ ‘ਤੇ ਪੁੱਜਾ ਹੈ ਫਿਰ ਕਿਉਂ ਉਹ ਪੰਜਾਬੀ ਜ਼ੁਬਾਨ ਦਾ ਦੁਸ਼ਮਣ ਬਣ ਗਿਆ ਹੈ ਜਦੋਂ ਕਿ ਇਹ ਪੰਜਾਬੀ ਜ਼ੁਬਾਨ ਉਸ ਨੂੰ ਆਪਣੀ ਸਤਿਕਾਰਯੋਗ ਮਾਂ ਕੋਲੋਂ ਮਿਲੀ ਹੈ।
ਕੁਝ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਤੋਂ ਹੀ ਸ਼ੋਅ ਵੇਖਣ ਵਾਸਤੇ ਖਰੀਦੀਆਂ ਟਿੱਕਟਾਂ ਮੌਕੇ ‘ਤੇ ਪਾੜ ਕੇ ਸੁੱਟ ਦਿੱਤੀਆਂ। ਪ੍ਰਰਦਰਸ਼ਨਕਾਰੀਆਂ ਵੱਲੋਂ ਗੁਰਦਾਸ ਮਾਨ ਸਮੇਤ ਹੁਕਮ ਚੰਦ ਰਾਜਪਾਲ, ਸਰਦਾਰ ਪੰਛੀ ਅਤੇ ਸਿੱਧੂ ਮੂਸੇਵਾਲੇ ਵਿਰੁੱਧ ਵੀ ਨਾਹਰੇਬਾਜ਼ੀ ਕੀਤੀ ਅਤੇ ਕਿਹਾ ਕਿ ਇਹ ਆਰ ਐਸ ਐਸ ਦੇ ਭਾੜੇ ਦੇ ਟੱਟੂ ਅਤੇ ਸਰਕਾਰ ਦੇ ਪਿੱਠੂ ਹਨ। ਪ੍ਰਦਰਸ਼ਨਕਾਰੀ ਵੱਲੋਂ ਲਾਊਡਸਪੀਕਰ ਜ਼ਰੀਏ ਕਿਹਾ ਜਾ ਰਿਹਾ ਸੀ ਕਿ ਗੁਰਦਾਸ ਮਾਨ ਪੰਜਾਬੀ ਖ਼ਿਲਾਫ਼ ਇੱਕ ਸਰਕਾਰੀ ਏਜੰਟ ਬਣ ਕੇ ਗਾਉਣ ਦੀ ਆੜ ਵਿੱਚ ਆਇਆ ਹੈ ਜਿਸਨੂੰ ਵਰਤ ਕੇ ਪੰਜਾਬੀ ਦੇ ਦੁਸ਼ਮਣਾਂ ਵਲੋਂ ਵਿਦੇਸ਼ਾਂ ਵਿੱਚ ਵੀ ਪੰਜਾਬੀ ਜ਼ੁਬਾਨ ਨੂੰ ਦਬਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਵੱਡੇ ਪੱਧਰ ‘ਤੇ ਮੀਡੀਆ ਵੱਲੋਂ ਪ੍ਰਦਰਸ਼ਨ ਦੀ ਕਵਰੇਜ਼ ਕੀਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਇਸ ਗੱਲ ਦਾ ਭਾਰੀ ਅਫ਼ਸੋਸ ਜ਼ਾਹਰ ਕੀਤਾ ਕਿ ਬੀ ਸੀ ‘ਚੋਂ ਕੋਈ ਵੀ ਪੰਜਾਬੀ ਸਿਆਸਤਦਾਨ ਪੰਜਾਬੀ ਜ਼ੁਬਾਨ ਦੇ ਹੱਕ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਨਾਲ ਆ ਕੇ ਨਹੀਂ ਖੜ੍ਹਿਆ । ਅੰਦਰ ਹਾਲ ਵਿੱਚ ਵੀ ਪ੍ਰੋਗਰਾਮ ਦੌਰਾਨ ਜਦੋਂ ਪ੍ਰਦਰਸ਼ਨਕਾਰੀਆਂ ਨੇ ਗੁਰਦਾਸ ਮਾਨ ਨੂੰ ‘ਪੰਜਾਬੀ ਬੋਲੀ ਦਾ ਗਦਾਰ ਮਾਨ’, ‘ਬੁੱਚੜ ਕੇ ਪੀ ਐਸ ਗਿੱਲ ਦਾ ਦੱਲਾ ਮਾਨ’, ‘ਕੰਜਰਾਂ ਦੀ ਕੰਜਰੀ ਗੁਰਦਾਸ ਮਾਨ’ ਅਤੇ ‘ਨਚਾਰ’ ਵਰਗੇ ਸ਼ਬਦਾਂ ਵਾਲੇ ਬੈਨਰ ਗੀਤ ਗਾਉਂਦੇ ਹੋਏ ਗੁਰਦਾਸ ਮਾਨ ਦੇ ਅੱਗੇ ਸਟੇਜ ਕੋਲ ਜਾ ਕੇ ਦਿਖਾਏ ਤਾਂ ਗੁਰਦਾਸ ਮਾਨ ਨੇ ਵੀ ਇੱਕ ਪ੍ਰਦਰਸ਼ਨਕਾਰੀ ਨੂੰ ਭੱਦੀ ਸ਼ਬਦਾਵਲੀ ਦਾ ਇਸ਼ਾਰਾ ਕਰਦੇ ਹੋਏ ਗੁੱਸੇ ‘ਚ ਆ ਕੇ ਕਹਿ ਦਿੱਤਾ ਕਿ ‘ਇਹਨੂੰ ਮਰੋੜ ਕੇ ਬੱਤੀ ਬਣਾ ਕੇ ਲੈ ਲਾ’।

Show More

Related Articles

Leave a Reply

Your email address will not be published. Required fields are marked *

Close