Punjab

ਯੂਏਈ ਨੇ ਵਿਖਾਈ ਪੰਜਾਬ ‘ਚ ਸਰਮਾਇਆ ਲਾਉਣ ਦੀ ਦਿਲਚਸਪੀ

ਯੂਏਈ ਦੇ ਸੰਭਾਵੀ ਨਿਵੇਸ਼ਕਾਰਾਂ ਦੇ ਇੱਕ ਵਫਦ ਨੇ ਪੰਜਾਬ ਵਿਚ ਖੇਤੀ, ਖਾਣ ਵਾਲੀਆਂ ਵਸਤਾਂ, ਬਰਾਮਦ, ਬੁਨਿਆਦੀ ਢਾਂਚਾ, ਰੀਅਲ ਅਸਟੇਟ ਅਤੇ ਪਾਣੀ ਪ੍ਰਬੰਧਨ ਆਦਿ ਵਿਚ ਨਿਵੇਸ਼ ਕਰਨ ਦੀ ਦਿਲਚਸਪੀ ਪ੍ਰਗਟਾਈ ਹੈ।

ਅੱਜ ਇੱਥੇ ‘ਇਨਵੈਸਟ ਪੰਜਾਬ’ ਵੱਲੋਂ ਰੱਖੇ ਇਕ ਵਿਚਾਰ-ਵਟਾਂਦਰਾ ਸ਼ੈਸ਼ਨ ਦੌਰਾਨ ਭਾਰਤ ਅਤੇ ਯੂਏਈ ਵੱਲੋਂ ਆਪਸੀ ਵਪਾਰਕ ਵਾਧੇ ਨੂੰ ਲੈ ਕੇ ਮਹੱਤਵਪੂਰਣ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਵੈਸਟ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤ ਦੇਸ਼ ਯੂਏਈ ਦਾ ਇਕ ਵੱਡਾ ਵਪਾਰਕ ਭਾਈਵਾਲ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰਕ ਸਬੰਧ ਕਾਫੀ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸੂਬੇ ਵਿਚ ਵੀ ਯੂਏਈ ਦੇ ਵੱਡੇ ਨਿਵੇਸ਼ਕਾਂ ਨੇ ਨਿਵੇਸ਼ ਵਿਚ ਦਿਲਚਸਪੀ ਵਿਖਾਈ ਹੈ।

ਯੂਏਈ ਦੇ ਨਿਵੇਸ਼ਕਾਂ ਨਾਲ ਗੱਲ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਿਵੇਸ਼ ਲਈ ਸੂਬਾ ਯੂਏਈ ਦੇਸ਼ ਨੂੰ ਕਈ ਅਹਿਮ ਮੌਕੇ ਪ੍ਰਦਾਨ ਕਰ ਰਿਹਾ ਹੈ ਅਤੇ ਵਪਾਰਕ ਸਬੰਧਾਂ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਪੱਖੋਂ ਅਤੇ ਦੁਵੱਲੇ ਵਪਾਰ ਲਈ ਪੰਜਾਬ ਲਈ ਯੂਏਈ ਪਹਿਲੀ ਸੂਚੀ ਦੇ ਮੁਲਕਾਂ ਵਿਚ ਸ਼ੁਮਾਰ ਹੈ। ਇਸ ਤੋਂ ਪਹਿਲਾਂ ਮੁੱਖ ਸਕੱਤਰ ਨੇ ਵਫਦ ਦਾ ਸਵਾਗਤ ਕੀਤਾ ਜੋ ਕਿ ਯੂਏਈ ਵਿਚ ਭਾਰਤ ਦੇ ਰਾਜਦੂਤ ਨਵਦੀਪ ਸੂਰੀ ਦੀ ਅਗਵਾਈ ਵਿਚ ਆਇਆ ਸੀ। ਵਫਦ ਵਿਚ ਹਾਇਪਰਲੂਪ ਵਨ, ਮੀਟੀਟੂ, ਲੁਲੂ ਗਰੁੱਪ, ਡੀਪੀ ਵਰਲਡ, ਸ਼ਰਾਫ ਗਰੁੱਪ, ਐਮਆਰ, ਡੀਐਮਸੀਸੀ ਅਤੇ ਯੂਪੀਐਲ ਦੇ ਉੱਚ ਅਧਿਕਾਰੀ ਸ਼ਾਮਲ ਸਨ।
ਇਸ ਮੌਕੇ ਵਫਦ ਮੈਂਬਰਾਂ ਨੇ ਪੰਜਾਬ ਦੇ ਸੀਨੀਅਰ ਅਧਿਕਾਰੀ ਨਾਲ ਇਕਮ-ਇਕ ਗੱਲਬਾਤ ਕੀਤੀ ਅਤੇ ਸੂਬੇ ਵਿਚ ਨਿਵੇਸ਼ ਮੌਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਖਾਸ ਤੌਰ ‘ਤੇ ਖੇਤੀ, ਖਾਣ ਵਾਲੀਆਂ ਵਸਤਾਂ, ਲੌਜਿਸਟਿਕ, ਬੁਨਿਆਦੀ ਢਾਂਚਾ, ਰੀਅਲ ਅਸਟੇਟ ਅਤੇ ਪਾਣੀ ਪ੍ਰਬੰਧਨ ਆਦਿ ਵਿਚ ਰੁਚੀ ਵਿਖਾਈ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ‘ਚੋਂ ਬਰਾਮਦ ਕਰਨ ਵਾਲੀਆਂ ਕੰਪਨੀਆਂ ਤੇ ਸਰਕਾਰੀ ਵਿਭਾਗ ਪੀਏਆਈਸੀ, ਮਾਰਕਫੈੱਡ, ਮਿਲਕਫੈੱਡ, ਸੁਗੁਣਾ ਫੂਡਜ਼, ਟ੍ਰਾਈਡੈਂਟ, ਐਮ.ਕੇ.ਓਵਰਸੀਜ਼, ਬੈਕਟਰਜ਼ ਫੂਡਜ਼ ਆਦਿ ਵੀ ਹਾਜ਼ਰ ਸਨ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 2018 ਵਿਚ ਦੁਬਈ ਵਿਚ ਹੋਈ ਇੰਡੀਆ-ਯੂਏਈ ਪਾਰਟਨਰਸ਼ਿਪ ਸਮਿਟ ਵਿਚ ਸੂਬਾ ਸਰਕਾਰ ਦੇ ਇਕ ਉੱਚ ਪੱਧਰੀ ਵਫਦ ਨੇ ਹਾਜ਼ਰੀ ਭਰੀ ਸੀ ਅਤੇ ਦੁਵੱਲੇ ਵਪਾਰਕ ਸਬੰਧਾਂ ਦੀ ਮਜ਼ਬੂਤੀ ਵੱਲ ਕਦਮ ਵਧਾਏ ਸਨ। ਇਸ ਦੇ ਨਤੀਜੇ ਵੱਜੋਂ ਪਿਛਲੇ 4 ਮਹੀਨੇ ਵਿਚ ਯੂਏਈ ਦੇ ਲੁਲੂ ਗਰੁੱਪ, ਡੀਪੀ ਵਰਲਡ, ਸ਼ਰਾਫ ਗਰੁੱਪ ਅਤੇ ਬੀਆਰਐਸ ਦੇ ਨੁਮਾਇੰਦੇ ਕਈ ਵਾਰ ਨਿਵੇਸ਼ ਦੇ ਮੌਕਿਆਂ ਬਾਬਤ ਜਾਣਕਾਰੀ ਲੈਣ ਲਈ ਪੰਜਾਬ ਆ ਚੁੱਕੇ ਹਨ।

Show More

Related Articles

Leave a Reply

Your email address will not be published. Required fields are marked *

Close