National

2050 ਮਗਰੋਂ ਚੌਲ, ਕਣਕ ਤੇ ਦੁੱਧ ਲਈ ਤਰਸੇਗਾ ਭਾਰਤ: ਰਿਪੋਰਟ

ਭਾਰਤ ਸਾਲ 2050 ਤਕ ਫਲ੍ਹ–ਸਬਜ਼ੀਆਂ ਤੋਂ ਇਲਾਵਾ ਚੌਲ, ਕਣਕ ਤੇ ਦੁੱਧ ਲਈ ਵੀ ਤਰਸੇਗਾ। ਇਸ ਗੱਲ ਦਾ ਖੁਲਾਸਾ ਖੁੱਦ ਭਾਰਤ ਸਰਕਾਰ ਵਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਚ ਕੀਤਾ ਗਿਆ ਹੈ।ਵਾਤਾਵਰਣ, ਜੰਗਲ ਤੇ ਪੌਣਪਾਣੀ ਮੰਤਰਾਲਾ ਦੀ ਰਿਪੋਰਟ ਚ ਇਹ ਗੱਲ ਸਾਹਮਣੇ ਆਈ ਹੈ। ਇਸ ਰਿਪੋਰਟ ਨੂੰ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਮੈਂਬਰ ਮੁਰਲੀ ਮਨੋਹਰ ਜੋਸ਼ੀ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਸੰਸਦ ਚ ਪੇਸ਼ ਕੀਤਾ ਹੈ।ਰਿਪੋਰਟ ਚ ਸਾਫ–ਸਾਫ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਹੀਂ ਸੰਭਲੇ ਤਾਂ 2050 ਮਗਰੋਂ ਦੁੱਧ, ਕਣਕ, ਚੌਲ ਲਈ ਭਾਰਤ ਦੇ ਲੋਕਾਂ ਨੂੰ ਤਰਸਣਾ ਪਵੇਗਾ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪੌਣਪਾਣੀ ਚ ਫੇਰਬਦਲ ਦਾ ਸਿੱਧਾ ਅਸਰ ਫਸਲਾਂ ਤੇ ਦਿਖਾਈ ਦੇਵੇਗਾ।ਸਾਲ 2020 ਤੱਕ ਚੌਲ ਦੇ ਉਤਪਾਦਨ ਚ 4 ਤੋਂ 6 ਫ਼ੀਸਦ, ਆਲੂ 11, ਮੱਕੀ 18, ਸਰਸੋਂ ਚ 2 ਫੀਸਦ ਦੀ ਕਮੀ ਆ ਸਕਦੀ ਹੈ। ਦੂਜੇ ਪਾਸੇ ਸਭ ਤੋਂ ਮਾੜਾ ਅਸਰ ਕਣਕ ਦੀ ਪੈਦਾਵਾਰ ਚ ਹੋਵੇਗਾ। ਅੰਦਾਜ਼ਾ ਹੈ ਕਿ ਕਣਕ ਦੀ ਪੈਦਾਵਾਰ 60 ਲੱਖ ਟਨ ਤੱਕ ਡਿੱਗ ਸਕਦੀ ਹੈ।ਰਿਪੋਰਟ ਚ ਕਿਹਾ ਗਿਆ ਹੈ ਕਿ ਦੁੱਧ ਦੇ ਉਤਪਾਦਨ ਚ 1.6 ਮੀਟ੍ਰਿਕ ਟਨ ਦੀ ਘਾਟ ਆ ਸਕਦੀ ਹੈ। ਇਸ ਤੋਂ ਇਲਾਵਾ ਚੌਲ ਸਮੇਤ ਕਈ ਫਸਲਾਂ ਦੇ ਉਤਪਾਦਨ ਚ ਘਾਟ ਅਤੇ ਕਿਸਾਨਾਂ ਦੀ ਰੋਜ਼ੀ ਰੋਟੀ ਤੇ ਇਸਦਾ ਵੱਡਾ ਅਸਰ ਦਿਖਾਈ ਦੇਵੇਗਾ। ਰਿਪੋਰਟ ਮੁਤਾਬਕ ਦੁੱਧ ਦਾ ਉਤਪਾਦਨ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਤੇ ਪੱਛਮੀ ਬੰਗਾਲ ਚ ਦੇਖਣ ਨੂੰ ਮਿਲੇਗਾ। ਹੋਰ ਤਾਂ ਹੋਰ ਗਲੋਬਲ ਵਾਰਮਿੰਗ ਕਾਰਨ ਇਨ੍ਹਾਂ ਸੂਬਿਆਂ ਚ ਗਰਮੀ ਤੇਜ਼ੀ ਨਾਲ ਵਧੇਗੀ ਤੇ ਇਸ ਨਾਲ ਪਾਣੀ ਦੀ ਸਖਤ ਕਮੀ ਹੋਵੇਗੀ। ਇਸਦਾ ਸਿੱਧਾ ਅਸਰ ਪਸ਼ੂ ਪਾਲਣ ਤੇ ਉਨ੍ਹਾਂ ਦੀ ਪੈਦਾਵਾਰ ਤੇ ਪਵੇਗਾ। ਰਿਪੋਰਟ ਮੁਤਾਬਕ ਸੇਬ ਦੀ ਖੇਤੀ ਸਮੁੰਦਰੀ ਕੰਢੇ ਤੋਂ 2500 ਫੁੱਟ ਦੀ ਉਚਾਈ ਤੇ ਕਰਨੀ ਹੋਵੇਗੀ। ਹਾਲੇ 1230 ਮੀਟਰ ਦੀ ਉਚਾਈ ਤੇ ਹੁੰਦੀ ਹੈ। ਆਉਣ ਵਾਲੇ ਸਮੇਂ ਚ ਇੱਥੇ ਗਰਮੀ ਵਧਣ ਕਾਰਨ ਸੇਬ ਦੇ ਬਗੀਚੇ ਸੁੱਕ ਜਾਣਗੇ ਤੇ ਖੇਤੀ ਵਾਲੀਆਂ ਥਾਵਾਂ ਤੇ ਬਦਲਣੇ ਪੈਣਗੇ।ਉੱਤਰੀ ਭਾਰਤ ਚ ਪੌਣਪਾਣੀ ਚ ਬਦਲਾਅ ਕਾਰਨ ਕਪਾਹ ਦੀ ਪੈਦਾਵਾਰ ਘਟੇਗੀ ਤੇ ਮੱਧ ਤੇ ਦੱਖਣੀ ਭਾਰਤ ਚ ਵੱਧਣ ਦੀ ਸੰਭਾਵਨਾ ਹੈ। ਕੇਰਲ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਅੰਡੋਮਾਨ ਨਿਕੋਬਾਰ ਤੇ ਲਕਸ਼ਦੀਪ ਚ ਨਾਰੀਅਲ ਦੇ ਉਤਪਾਦਨ ਚ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close