DES PANJAB Des punjab E-paper
Editor-in-chief :Braham P.S Luddu, ph. 403-293-9393
ਮਹਿਬੂਬਾ ਮੁਫ਼ਤੀ ਮੁੜ ਖੇਡਣ ਲੱਗੇ ‘ਨਰਮ-ਖਿ਼ਆਲੀ ਵੱਖਵਾਦੀ' ਪੱਤਾ
Date : 2019-01-10 PM 12:17:52 | views (14)

 ਪਿਛਲੇ ਵਰ੍ਹੇ ਗਰਮੀਆਂ ਦੇ ਮੌਸਮ ਦੌਰਾਨ ਪੀਪਲ'ਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ)-ਭਾਰਤੀ ਜਨਤਾ ਪਾਰਟੀ (ਬੀਜੇਪੀ) ਗੱਠਜੋੜ ਦੀ ਸਰਕਾਰ ਡਿੱਗਣ ਤੋਂ ਬਾਅਦ ਕਸ਼ਮੀਰ 'ਚ ਹਾਲੇ ਤੱਕ ਸਿਆਸੀ ਸਰਗਰਮੀਆਂ ਨਾਮਾਤਰ ਹੀ ਹਨ। ਪਰ ਜਦ ਤੋਂ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਇਸੇ ਵਰ੍ਹੇ ਸੰਸਦੀ ਚੋਣਾਂ ਦੇ ਨਾਲ ਹੀ ਕਰਵਾਉਣ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ, ਤਦ ਤੋਂ ਮੁੜ ਸਿਆਸੀ ਹਿੱਲਜੁੱਲ ਹੋਣੀ ਸ਼ੁਰੂ ਹੋਈ ਹੈ। ਸੂਬੇ ਦੇ ਸਿਆਸੀ ਖਿਡਾਰੀ ਹੁਣ ਇੱਕ ਵਾਰ ਫਿਰ ਮੈਦਾਨ 'ਚ ਨਿੱਤਰਨ ਲੱਗੇ ਹਨ। ਪੀਡੀਪੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੁਬਾ ਮੁਫ਼ਤੀ ਆਪਣੇ ਸਿਆਸੀ ਭਵਿੱਖ ਨੂੰ ਮੁੜ-ਸੁਰਜੀਤ ਕਰਨ ਲਈ ਆਪਣੀ ਜਾਣੀ-ਪਛਾਣੀ ਲੀਹ 'ਤੇ ਚੱਲਣ ਲੱਗੇ ਹਨ। ਉਹ ਬੀਤੇ ਦਿਨੀਂ ਦੱਖਣੀ ਕਸ਼ਮੀਰ ਦੇ ਦੌਰੇ 'ਤੇ ਗਏ ਸਨ; ਇਸ ਵੇਲੇ ਇਹ ਕਸ਼ਮੀਰ ਦਾ ਉਹ ਸਥਾਨ ਹੈ, ਜਿੱਥੇ ਹੁਣ ਸਭ ਤੋਂ ਵੱਧ ਹਿੰਸਕ ਵਾਰਦਾਤਾਂ ਵਾਪਰ ਰਹੀਆਂ ਹਨ ਅਤੇ ਭਾਰਤ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾਂਦੀ ਹੈ। ਮਹਿਬੂਬਾ ਮੁਫ਼ਤੀ ਇਨ੍ਹਾਂ ਹੀ ਖੇਤਰਾਂ 'ਚ ਵਸਦੇ ‘ਪੀੜਤ' ਪਰਿਵਾਰਾਂ ਨੂੰ ਮਿਲੇ ਹਨ। ਆਪਣੇ ਅਜਿਹੇ ਦੋ ਦੌਰਿਆਂ ਦੌਰਾਨ, ਮਹਿਬੂਬਾ ਮੁਫ਼ਤੀ ਹੁਰਾਂ ਨੇ ਅੱਤਵਾਦੀਆਂ ਦੇ ਪਰਿਵਾਰਾਂ ਦੀ ਕਥਿਤ ਗ਼ੈਰ-ਕਾਨੁੰਨੀ ਹਿਰਾਸਤ ਲਈ ਸੁਰੱਖਿਆ ਬਲਾਂ ਦੀ ਨਿਖੇਧੀ ਕੀਤੀ। ਉਨ੍ਹਾਂ ਆਪਣੇ ਪੁਸ਼ਤੈਨੀ ਕਸਬੇ ਬੀਜਬਿਹਾਰਾ 'ਚ ਆਪਣੇ ਪਿਤਾ ਅਤੇ ਪੀਡੀਪੀ ਦੇ ਬਾਨੀ ਮੁਫ਼ਤੀ ਮੁਹੰਮਦ ਸਈਦ ਦੀ ਤੀਜੀ ਬਰਸੀ ਮੌਕੇ ਇੱਕ ਸਿਆਸੀ ਰੈਲੀ ਦੌਰਾਨ (ਪਿਛਲੇ ਕੁਝ ਸਮੇਂ ਦੀ ਚੁੱਪ ਤੋਂ ਬਾਅਦ ਕਸ਼ਮੀਰ 'ਚ ਇਹ ਉਨ੍ਹਾਂ ਦੀ ਪਹਿਲੀ ਰੈਲੀ ਵੀ ਸੀ) ਸਾਲ 2016 'ਚ ਮੁੱਖ ਮੰਤਰੀ ਵਜੋਂ ਕੀਤੀਆਂ ਮੰਦਭਾਗੀਆਂ ਟਿੱਪਣੀਆਂ ਲਈ ਮਾਫ਼ੀ ਵੀ ਮੰਗੀ। ਮਹਿਬੂਬਾ ਮੁਫ਼ਤੀ ਦੇ ਇਸ ਪ੍ਰਾਸ਼ਚਿਤ ਤੋਂ ਤਾਂ ਇਹੋ ਜਾਪਦਾ ਹੈ ਕਿ ਹੁਣ ਉਹ ਆਪਣੇ ਪੁਰਾਣੇ ਗੜ੍ਹ 'ਚ ਪਹਿਲਾਂ ਹੋ ਚੁੱਕੇ ਨੁਕਸਾਨ ਦੀ ਭਰਪਾਈ ਕਰਦਿਆਂ ਆਪਣੀ ਸਿਆਸੀ ਪੈੜ ਨੂੰ ਦੋਬਾਰਾ ਮਜ਼ਬੂਤ ਕਰਨ ਦਾ ਜਤਨ ਕਰ ਰਹੇ ਹਨ। ਹੁਣ ਇਹ ਸਪੱਸ਼ਟ ਹੋਣ ਲੱਗਾ ਹੈ ਕਿ ਹੁਣ ਉਹ ਆਪਣਾ ਪੁਰਾਣਾ ‘ਨਰਮ-ਖਿ਼ਆਲੀ ਵੱਖਵਾਦੀ' ਪੱਤਾ ਦੋਬਾਰਾ ਖੋਲ੍ਹ ਰਹੇ ਹਨ; ਜਿਸ ਦੌਰਾਨ ਉਹ ਜਿੱਥੇ ਕਸ਼ਮੀਰੀ ਅੱਤਵਾਦੀਆਂ ਨਾਲ ਹਮਦਰਦੀ ਦਾ ਰਾਗ ਅਲਾਪਦੇ ਹਨ, ਉੱਥੇ ਉਹ ਸੁਰੱਖਿਆ ਬਲਾਂ ਵੱਲੋਂ ਮਨੁੱਖੀ ਅਧਿਕਾਰਾਂ ਦੀਆਂ ਕਥਿਤ ਉਲੰਘਣਾਵਾਂ ਦੀ ਸਖ਼ਤ ਨੁਕਤਾਚੀਨੀ ਵੀ ਕਰਨ ਲੱਗਦੇ ਹਨ। ਹੁਣ ਉਹ ਪਾਕਿਸਤਾਨ ਤੇ ਵੱਖਵਾਦੀਆਂ ਨੂੰ ਨਾਲ ਲੈ ਕੇ ਕਸ਼ਮੀਰ ਮਸਲੇ ਦਾ ਕੋਈ ਸਿਆਸੀ ਹੱਲ ਲੱਭਣ ਦੀਆਂ ਗੱਲਾਂ ਵੀ ਕਰ ਰਹੇ ਹਨ। ਇਸ ਪ੍ਰਮੁੱਖ ਹਲਕੇ ਦੇ ਸਾਰੇ ਹੀ ਆਗੂ ਉਸ ਵੇਲੇ ਪਾਰਟੀ ਤੋਂ ਵੱਖ ਹੋ ਗਏ ਸਨ, ਜਦੋਂ ਪਾਰਟੀ ਦਾ ਗੱਠਜੋੜ ਵਿਚਾਰਧਾਰਕ ਤੌਰ 'ਤੇ ਬੇਮੇਲ - ਭਾਜਪਾ ਨਾਲ ਹੋਇਆ ਸੀ। ਤਦ ਪਾਰਟੀ ਹਾਈ-ਕਮਾਂਡ ਵਿਰੁੱਧ ਰੋਹ ਬਹੁਤ ਜਿ਼ਆਦਾ ਫੈਲ ਗਿਆ ਸੀ ਤੇ ਉਸ ਦਾ ਸਮਰਥਨ ਇਸ ਇਲਾਕੇ 'ਚੋਂ ਖ਼ਤਮ ਹੋ ਗਿਆ ਸੀ। ਮੁਸੀਬਤਾਂ ਦੇ ਪਹਾੜ ਉਦੋਂ ਡਿੱਗਣ ਲੱਗੇ, ਜਦੋਂ ਇਹ ‘ਬੇਮੇਲ ਗੱਠਜੋੜ' ਟੁੱਟਿਆ ਸੀ। ਉਦੋਂ ਮਹਿਬੂਬਾ ਮੁਫ਼ਤੀ ਦੀ ਲੀਡਰਸਿ਼ਪ 'ਤੇ ਹੀ ਕਿੰਤੂ-ਪ੍ਰੰਤੂ ਹੋਣ ਲੱਗੇ ਸਨ, ਬਹੁਤ ਸਾਰੇ ਸੀਨੀਅਰ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ। ਫਿਰ ਹਾਲੀਆ ਸਥਾਨਕ ਤੇ ਪੰਚਾਇਤ ਚੋਣਾਂ ਦਾ ਜਦੋਂ ਉਨ੍ਹਾਂ ਬਾਈਕਾਟ ਕੀਤਾ, ਤਾਂ ਉਨ੍ਹਾਂ ਦੀ ਪਾਰਟੀ ਦਾ ਆਧਾਰ ਹੋਰ ਵੀ ਸੁੰਗੜ ਕੇ ਰਹਿ ਗਿਆ। ਮਹਿਬੂਬਾ ਮੁਫ਼ਤੀ ਹੁਣ ਜਦੋਂ ਕਸ਼ਮੀਰ ਵਾਦੀ ਦੇ ਦੂਰ-ਦੁਰਾਡੇ ਦੇ ਗੜਬੜਗ੍ਰਸਤ ਇਲਾਕਿਆਂ 'ਚ ਆਪਣੀ ਪਹੁੰਚ ਬਣਾ ਰਹੇ ਹਨ, ਤਾਂ ਉਨ੍ਹਾਂ ਲਈ ਮੁੱਖਧਾਰਾ ਦੀ ਸਿਆਸਤ 'ਚ ਕੋਈ ਰਾਹ ਖੁੱਲ੍ਹਣ ਦੀਆਂ ਸੰਭਾਵਨਾਵਾਂ ਵੀ ਲਗਾਤਾਰ ਬਣੀਆਂ ਹੋਈਆਂ ਹਨ। ਇਸ ਵੇਲੇ ਵਾਦੀ 'ਚ ਜਿਹੋ-ਜਿਹੇ ਹਾਲਾਤ ਚੱਲ ਰਹੇ ਹਨ, ਉਸ ਵਿੱਚ ਮੁੱਖ-ਧਾਰਾ ਦੀਆਂ ਪਾਰਟੀਆਂ ਦੀ ਸਿਆਸੀ ਖੇਤਰ 'ਚ ਪਹਿਲਾਂ ਜਿੰਨੀ ਪਕੜ ਨਹੀਂ ਰਹੀ। ਕਸ਼ਮੀਰ 'ਚ ਕਾਲੀਆਂ-ਬੋਲ਼ੀਆਂ ਠੰਢੀਆਂ ਯਖ਼ ਰਾਤਾਂ ਤੋਂ ਚਮਕੀਲੀ ਬਹਾਰ ਦਾ ਮੌਸਮ ਹਾਲੇ ਕੁਝ ਦੂਰ ਜਾਪਦਾ ਹੈ।   


Tags :


Des punjab
Shane e punjab
Des punjab