DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਪਾਈਪਲਾਈਨ ਦਾ ਵਿਰੋਧ ਕਰਨ ਵਾਲੇ 14 ਵਿਅਕਤੀ ਗ੍ਰਿਫਤਾਰ
Date : 2019-01-09 PM 01:31:29 | views (30)

 ਹਿਊਸਟਨ, ਬੀਸੀ,  ਆਰਸੀਐਮਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਹਿੱਸੇ ਵਿੱਚ ਜੰਗਲਾਂ ਨੂੰ ਜਾਂਦੀ ਇੱਕ ਸੜਕ ਨੂੰ ਘੇਰੀ ਖੜ੍ਹੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਪਾਈਪਲਾਈਨ ਪ੍ਰੋਜੈਕਟ ਤੱਕ ਪਹੁੰਚ ਨੂੰ ਰੋਕ ਰਹੇ ਸਨ। ਮਾਊਂਟੀਜ਼ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਮੌਰਿਸ ਵੈਸਟ ਫੌਰੈਸਟ ਸਰਵਿਸ ਰੋਡ ਉੱਤੇ ਗਿਡੁਮਟੈਨ ਚੈੱਕਨਾਕੇ ਉੱਤੇ ਹੋਈਆਂ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਕਥਿਤ ਤੌਰ ਉੱਤੇ ਸੜਕ ਦੇ ਨਾਲ ਨਾਲ ਕਈ ਥਾਂਵਾਂ ਉੱਤੇ ਅੱਗ ਬਲਦੀ ਵੇਖੀ। ਵੈਟਸੂਵੇਟਨ ਫਰਸਟ ਨੇਸ਼ਨ ਦੇ ਗਿਡੁਮਟੈਨ ਖਾਨਦਾਨ ਦੇ ਮੈਂਬਰਾਂ ਵੱਲੋਂ ਪਾਈਪਲਾਈਨ ਤੱਕ ਪਹੁੰਚ ਉੱਤੇ ਨਿਯੰਤਰਣ ਕਰਨ ਲਈ ਹਿਊਸਟਨ ਦੇ ਦੱਖਣਪੱਛਮ ਵਿੱਚ ਸਥਿਤ ਇਸ ਇਲਾਕੇ ਵਿੱਚ ਕੈਂਪ ਤੇ ਚੈੱਕਨਾਕਾ ਲਾਇਆ ਸੀ।  ਇੱਕ ਬਿਆਨ ਵਿੱਚ ਆਰਸੀਐਮਪੀ ਨੇ ਆਖਿਆ ਕਿ ਅਧਿਕਾਰੀਆਂ ਨੇ ਕੈਂਪ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਸੜਕ ਦੇ ਨਾਲ ਲੱਗਿਆ ਅੜਿੱਕਾ ਖਤਮ ਕਰਨ ਲਈ ਆਖਿਆ ਤੇ ਉਨ੍ਹਾਂ ਚੀਫਜ਼ ਤੇ ਕੋਸਟਲ ਗੈਸਲਿੰਕ ਨਾਲ ਵੀ ਗੱਲ ਕੀਤੀ। ਪਰ ਪੁਲਿਸ ਨੇ ਦੱਸਿਆ ਕਿ 3:00 ਵਜੇ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਇਸ ਤਰ੍ਹਾਂ ਮਾਮਲਾ ਹੱਲ ਨਹੀਂ ਹੋਣ ਵਾਲਾ ਇਸ ਲਈ ਉਨ੍ਹਾਂ ਕਾਰਵਾਈ ਕੀਤੀ। ਬਿਆਨ ਵਿੱਚ ਆਖਿਆ ਗਿਆ ਕਿ ਕੈਂਪ ਨੂੰ ਖਾਲੀ ਕਰਨ ਲਈ ਇੱਕ ਆਰਜ਼ੀ ਜ਼ੋਨ ਵੀ ਬਣਾਈ ਗਈ ਤੇ ਪੁਲਿਸ ਨੇ ਕਿਸੇ ਨੂੰ ਉੱਥੇ ਨਹੀਂ ਪਹੁੰਚਣ ਦਿੱਤਾ ਜਿਹੜਾ ਕਾਨੂੰਨ ਲਾਗੂ ਕਰਨ ਵਾਲੀ ਟੀਮ ਦਾ ਹਿੱਸਾ ਨਹੀਂ ਸੀ। ਇਸ ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਆਰਸੀਐਮਪੀ ਨੇ ਉਸ ਇਲਾਕੇ ਵਿੱਚ ਸੰਚਾਰ ਵੀ ਬੰਦ ਕਰ ਦਿੱਤਾ ਤੇ ਪੁਲਿਸ ਦੀ ਇਸ ਕਾਰਵਾਈ ਮੌਕੇ ਫੌਜ ਵੀ ਉੱਥੇ ਤਾਇਨਾਤ ਸੀ। ਟਰਾਂਸ ਕੈਨੇਡਾ ਦੀ ਸਬਸਿਡਰੀ ਕੋਸਟਲ ਗੈਸਲਿੰਕ ਵੱਲੋਂ ਡਾਅਸਨ ਕ੍ਰੀਕ ਏਰੀਆ ਤੋਂ ਕਿਟੀਮਤ ਤੱਕ ਕੁਦਰਤੀ ਗੈਸ ਲਿਜਾਣ ਲਈ ਇਹ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਐਤਵਾਰ ਨੂੰ ਯੂਨੀਅਨ ਆਫ ਬੀਸੀ ਇੰਡੀਅਨ ਚੀਫਜ਼ ਦੇ ਗ੍ਰੈਂਡ ਚੀਫ ਸਟੀਵਾਰਟ ਫਿਲਿਪ ਦੇ ਪੱਖ ਉੱਤੇ ਇਹ ਨਿਊਜ਼ ਰਲੀਜ਼ ਜਾਰੀ ਕੀਤੀ ਗਈ ਕਿ ਉਨ੍ਹਾਂ ਸਾਰਿਆਂ ਵੱਲੋਂ ਆਪਣੀ ਟੈਰੇਟਰੀ ਵਿੱਚ ਤੇਲ ਤੇ ਗੈਸ ਪਾਈਪਲਾਈਨ ਦੀ ਉਸਾਰੀ ਦਾ ਵਿਰੋਧ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਇਸ ਮੁੱਦੇ ਉੱਤੇ ਆਮ ਸਹਿਮਤੀ ਨਹੀਂ ਬਣ ਜਾਂਦੀ ਉਦੋਂ ਤੱਕ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਨੂੰ ਇਸ ਪ੍ਰੋਜੈਕਟ ਲਈ ਪਰਮਿਟ ਰੱਦ ਕਰ ਦੇਣੇ ਚਾਹੀਦੇ ਹਨ। ਐਲਐਨਜੀ ਕੈਨੇਡਾ ਨੇ ਅਕਤੂਬਰ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਪਾਈਪਲਾਈਨ ਉਸਾਰਨ ਦੀ ਆਪਣੀ ਯੋਜਨਾ ਨਾਲ ਅੱਗੇ ਵਧੇਗੀ। 670 ਕਿਲੋਮੀਟਰ ਲੰਮੀ ਤੇ 6.2 ਬਿਲੀਅਨ ਡਾਲਰ ਦੀ ਲਾਗਤ ਵਾਲੀ ਇਸ ਪਾਈਪਲਾਈਨ ਦੀ ਉਸਾਰੀ ਇਸ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਸੀ।

 


Tags :


Des punjab
Shane e punjab
Des punjab