DES PANJAB Des punjab E-paper
Editor-in-chief :Braham P.S Luddu, ph. 403-293-9393
ਟਰੂਡੋ ਦੀ ਭਾਰਤ ਫੇਰੀ 'ਚ ਅਟਵਾਲ ਦੀ ਸੰਨ੍ਹ ਕਰਕੇ ਹੁਣ ਕੈਨੇਡਾ 'ਚ ਭੂਚਾਲ
Date : 2018-12-05 PM 01:35:20 | views (26)

 ਟੋਰੰਟੋ: ਕੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਖ਼ੁਦ ਹੀ ਆਪਣਾ ਭਾਰਤ ਦੌਰਾ ਵਿਵਾਦਾਂ ਵਿੱਚ ਪਾ ਦਿੱਤਾ ਸੀ..? ਇਹ ਸਵਾਲ ਉੱਠ ਰਿਹਾ ਹੈ ਕਿਉਂਕਿ ਸਾਹਮਣੇ ਆਇਆ ਹੈ ਕਿ ਸਾਬਕਾ ਖ਼ਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਨੂੰ ਸੱਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਦਿੱਤਾ ਹੋ ਸਕਦਾ ਹੈ। ਟਰੂਡੋ ਦੇ ਪ੍ਰੋਗਰਾਮ ਵਿੱਚ ਅਟਵਾਲ ਦੀ ਸ਼ਮੂਲੀਅਤ ਹੋਣ ਕਾਰਨ ਉਨ੍ਹਾਂ ਦੀ ਫੇਰੀ ਕਾਫੀ ਵਿਵਾਦਾਂ ਵਿੱਚ ਘਿਰ ਗਈ ਸੀ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਵੀ ਤਣਾਅ ਆ ਗਿਆ ਸੀ। ਫਰਵਰੀ ਮਹੀਨੇ ਦੌਰਾਨ ਟਰੂਡੋ ਦੇ ਰਾਤ ਦੇ ਖਾਣੇ ਦੀਆਂ ਤਸਵੀਰਾਂ ਨੇ ਤ੍ਰੇਲੀਆਂ ਲਿਆ ਦਿੱਤੀਆਂ ਸਨ। ਵਿਵਾਦ ਖੜ੍ਹਾ ਹੋਣ ਤੋਂ ਬਾਅਦ ਕੈਨੇਡਾ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਕਿ ਆਖ਼ਰ ਜਸਪਾਲ ਅਟਵਾਲ ਕਿਸ ਦੇ ਸੱਦੇ 'ਤੇ ਟਰੂਡੋ ਦੇ ਸਮਾਗਮ ਵਿੱਚ ਪਹੁੰਚਿਆ ਸੀ। ਕੌਮੀ ਸੁਰੱਖਿਆ ਤੇ ਪਾਰਲੀਮੈਂਟੇਰੀਅਨਜ਼ ਦੀ ਖ਼ੁਫ਼ੀਆ ਕਮੇਟੀ (NSICOP) ਨੇ 50 ਸਫ਼ਿਆਂ ਦੀ ਰਿਪੋਰਟ ਤਿਆਰ ਕਰ ਸੋਮਵਾਰ ਨੂੰ ਕੈਨੇਡਾ ਦੀ ਸੰਸਦ ਨੂੰ ਸੌਂਪੀ ਹੈ। ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਨੇ ਟਰੂਡੋ ਦੀਆਂ ਨਵੀਂ ਦਿੱਲੀ ਤੇ ਮੁੰਬਈ ਵਿੱਚ ਹੋਣ ਵਾਲੇ ਸਵਾਗਤੀ ਸਮਾਗਮ ਦੀਆਂ ਸੂਚੀਆਂ ਤਿਆਰ ਕੀਤੀਆਂ ਸਨ ਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੌਂਪ ਦਿੱਤੀਆਂ ਸਨ। ਇਸੇ ਸਾਲ 10 ਫ਼ਰਵਰੀ ਨੂੰ ਟਰੂਡੋ ਦੇ ਭਾਰਤ ਆਉਂਦੇ ਹੀ ਪੀਐਮਓ ਨੇ ਦੋਵੇਂ ਥਾਵਾਂ ਦੇ ਸਮਾਗਮਾਂ ਲਈ ਤਿਆਰ ਪੁਰਾਣੀ ਮਹਿਮਾਨ ਸੂਚੀ ਵਿੱਚ 423 ਨਾਂ ਹੋਰ ਜੋੜਣ ਲਈ ਕਿਹਾ ਤੇ ਸੂਚੀ ਨੂੰ ਸੋਧ ਦਿੱਤਾ ਗਿਆ। ਇਸ ਤੋਂ ਬਾਅਦ 20 ਫ਼ਰਵਰੀ ਨੂੰ ਜਸਪਾਲ ਅਟਵਾਲ ਮੁੰਬਈ ਵਿੱਚ ਹੋਈ ਰਿਸੈਪਸ਼ਨ ਵਿੱਚ ਸ਼ਾਮਲ ਹੋਏ ਤੇ ਟਰੂਡੋ ਦੀ ਪਤਨੀ ਨਾਲ ਉਨ੍ਹਾਂ ਦੀ ਤਸਵੀਰ ਕਾਫੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਨਵੀਂ ਦਿੱਲੀ ਵਿੱਚ ਹੋਣ ਵਾਲੇ ਸਮਾਗਮ ਵਿੱਚ ਅਟਵਾਲ ਦੇ ਸੱਦੇ ਨੂੰ ਰੱਦ ਕਰ ਦਿੱਤਾ ਗਿਆ ਸੀ। ਉਦੋਂ ਅਟਵਾਲ ਨੂੰ ਸੱਦਣ ਲਈ ਭਾਰਤੀ ਮੂਲ ਦੇ ਐਮਪੀ ਰਣਦੀਪ ਸਰਾਏ ਨੇ ਜ਼ਿੰਮੇਵਾਰੀ ਓਟੀ ਸੀ, ਪਰ ਬਾਅਦ ਵਿੱਚ ਇਸ ਤੋਂ ਪਿੱਛੇ ਹਟ ਗਏ ਸੀ। ਹਾਲਾਂਕਿ, ਕੈਨੇਡਾ ਦੀ ਇਸ ਰਿਪੋਰਟ 'ਤੇ ਭਾਰਤੀ ਅਧਿਕਾਰੀਆਂ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੂੰ ਅਧਿਕਾਰਤ ਦੌਰੇ 'ਤੇ ਭਾਰਤ ਜਾਣ ਵਾਲੇ ਪ੍ਰਧਾਨ ਮੰਤਰੀ ਨਾਲ ਅਟਵਾਲ ਦੇ ਜਾਣ ਬਾਰੇ ਸੂਹ ਸੀ ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਤੇ ਅਟਵਾਲ ਦੇ ਅਪਰਾਧਕ ਰਿਕਾਰਡ ਨੂੰ ਦੇਖਦੇ ਹੋਏ ਉਨ੍ਹਾਂ ਇਸ ਨੂੰ ਆਪਣੀ ਗ਼ਲਤੀ ਵੀ ਮੰਨਿਆ ਹੈ।


Tags :


Des punjab
Shane e punjab
Des punjab