DES PANJAB Des punjab E-paper
Editor-in-chief :Braham P.S Luddu, ph. 403-293-9393
ਪੰਜਾਬ ਸਰਕਾਰ ਨੇ ਮੰਨੀਆਂ ਕਿਸਾਨ ਮੰਗਾਂ, ਹਾਈਵੇਅ ਤੋਂ ਧਰਨੇ ਚੁੱਕੇ
Date : 2018-12-05 PM 01:16:44 | views (24)

 ਚੰਡੀਗੜ੍ਹ, ਪੰਜਾਬ ਸਰਕਾਰ ਨੇ ਗੰਨਾ ਉਤਪਾਦਕ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ। ਉਸ ਤੋਂ ਬਾਅਦ ਕਿਸਾਨਾਂ ਨੇ ਪਿਛਲੇ 24 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਲਾਇਆ ਧਰਨਾ ਚੁੱਕ ਦਿੱਤਾ ਤੇ ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਬਹਾਲ ਹੋ ਗਈ।ਕਿਸਾਨਾਂ ਨੇ ਕੱਲ੍ਹ ਫ਼ਗਵਾੜਾ ਤੋਂ ਲੈ ਕੇ ਜਲੰਧਰ ਤੱਕ ਦਾ ਰਸਤਾ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਸੀ। ਕਿਸਾਨਾਂ ਨੇ ਰਾਤ ਵੀ ਸੜਕਾਂ 'ਤੇ ਤੰਬੂ ਲਾ ਕੇ ਕੱਟੀ। ਪਰ ਇਸ ਦੌਰਾਨ ਆਮ ਜਨਤਾ ਨੂੰ ਡਾਢੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਜੀ ਖੰਡ ਮਿੱਲ ਮਾਲਕਾਂ ਨਾਲ ਮੀਟਿੰਗ ਕੀਤੀ । ਜਿਸ ਵਿੱਚ ਮੁੱਖ ਮੰਤਰੀ ਨੇ ਪ੍ਰਾਈਵੇਟ ਮਿੱਲਾਂ ਨੂੰ ਗੰਨੇ ਦੀ ਪਿੜਾਈ ਤੁਰੰਤ ਕਰਨ ਦਾ ਐਲਾਨ ਕੀਤਾ। ਉੱਧਰ ਪੰਜਾਬ ਸਰਕਾਰ ਕਿਸਾਨਾਂ ਨੂੰ 25 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਵੇਗੀ। ਸਰਕਾਰ ਨੇ ਐਲਾਨ ਕੀਤਾ ਕਿ ਅਗਲੇ 10 ਦਿਨਾਂ 'ਚ ਖੰਡ ਮਿੱਲਾਂ ਵਿੱਚ ਗੰਨੇ ਦੀ ਪਿੜਾਈ ਸ਼ੁਰੂ ਹੋ ਜਾਵੇਗੀ। ਦਰਅਸਲ, ਕੇਂਦਰ ਸਰਕਾਰ ਨੇ ਗੰਨੇ ਦਾ ਭਾਅ 275 ਰੁਪਏ ਨਿਸ਼ਚਤ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਸੂਬੇ ਵਿੱਚ ਇਹ ਭਾਅ 310 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਸੀ। ਪ੍ਰਾਈਵੇਟ ਮਿੱਲਾਂ ਨੇ ਉਹ ਵਧਾਏ 35 ਰੁਪਏ ਅਦਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇੰਝ ਹੁਣ ਖੰਡ ਮਿੱਲਾਂ ਕਿਸਾਨਾਂ ਨੂੰ ਉਹੀ 275 ਰੁਪਏ ਭਾਅ ਦੇਣਗੀਆਂ ਤੇ 25 ਰੁਪਏ ਪ੍ਰਤੀ ਕੁਇੰਟਲ ਸਰਕਾਰ ਦੇਵੇਗੀ। ਅੱਜ ਜਦੋਂ ਇਹ ਐਲਾਨ ਕੀਤੇ ਜਾ ਰਹੇ ਸਨ, ਤਦ ਪਹਿਲਾਂ ਕਿਸਾਨ ਆਗੂਆਂ ਨੇ ਫ਼ਗਵਾੜਾ-ਜਲੰਧਰ ਹਾਈਵੇਅ 'ਤੇ ਧਰਨਾ ਚੁੱਕਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀ ਪਰ ਫਿਰ ਜਦੋਂ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੇ ਖ਼ੁਦ ਜਾ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ, ਤਦ ਜਾ ਕੇ ਉਨ੍ਹਾਂ ਧਰਨਾ ਚੁੱਕਿਆ। ਉੱਧਰ ਅੱਜ ਸ੍ਰੀ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਅਨੇਕ ਆਗੂਆਂ ਨੇ ਅੱਜ ਭੋਗਪੁਰ ਖੰਡ ਮਿੱਲ ਸਾਹਮਣੇ ਧਰਨਾ ਦਿੱਤਾ।   


Tags :


Des punjab
Shane e punjab
Des punjab