DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਓਸ਼ਵਾ ਪਲਾਂਟ: ਭਾਵੇਂ ਸਾਨੂੰ ਲੜਾਈ ਲੜਨੀ ਪਵੇ ਅਸੀਂ ਪਲਾਂਟ ਬੰਦ ਨਹੀਂ ਕਰਨ ਦੇਵਾਂਗੇ: ਡਾਇਸ
Date : 2018-11-27 PM 01:05:49 | views (21)

 ਓਸ਼ਵਾ,  ਓਸ਼ਵਾ, ਓਨਟਾਰੀਓ ਵਿੱਚ ਅਸੈਂਬਲੀ ਪਲਾਂਟ ਬੰਦ ਕਰਨ ਜਾ ਰਹੀ ਜਨਰਲ ਮੋਟਰਜ਼ ਦੇ ਇਸ ਨਿਰਾਸ਼ਾਜਨਕ ਫੈਸਲੇ ਕਾਰਨ 2800 ਕਾਮੇ ਵਿਹਲੇ ਹੋ ਜਾਣਗੇ। ਸੋਮਵਾਰ ਨੂੰ ਯੂਨੀਫੌਰ ਦੇ ਪ੍ਰੈਜ਼ੀਡੈਂਟ ਨੇ ਕੰਪਨੀ ਉੱਤੇ ਆਪਣੇ ਕਰਮਚਾਰੀਆਂ ਨਾਲ ਕੀਤਾ ਕਰਾਰ ਤੋੜਨ ਦਾ ਦੋਸ਼ ਵੀ ਲਾਇਆ। ਯੂਨੀਅਨ ਹਾਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਜੈਰੀ ਡਾਇਸ ਨੇ ਆਖਿਆ ਕਿ ਸਾਡਾ ਸਾਂਝਾ ਸਮਝੌਤਾ ਇਹ ਹੋਇਆ ਸੀ ਕਿ ਉਹ ਸਾਡੀ ਕਿਸੇ ਵੀ ਫੈਸਿਲਿਟੀ ਨੂੰ ਬੰਦ ਨਹੀਂ ਕਰਨਗੇ। ਇਸ ਲਈ ਅਸੀਂ ਇਹ ਯਕੀਨੀ ਬਣਾਉਣ ਲਈ ਕੁੱਝ ਵੀ ਕਰਾਂਗੇ ਕਿ ਉਹ ਆਪਣੇ ਵਾਅਦੇ ਉੱਤੇ ਕਾਇਮ ਰਹਿਣ। ਉਨ੍ਹਾਂ ਆਖਿਆ ਕਿ ਇਸ ਲਈ ਭਾਵੇਂ ਸਾਨੂੰ ਲੜਾਈ ਲੜਨੀ ਪਵੇ ਅਸੀਂ ਪਲਾਂਟ ਬੰਦ ਨਹੀਂ ਕਰਨ ਦੇਵਾਂਗੇ। ਡਾਇਸ ਮੁਤਾਬਕ ਯੂਨੀਫੌਰ ਤੇ ਕੰਪਨੀ ਦਰਮਿਆਨ 2016 ਵਿੱਚ ਹੋਏ ਸਮਝੌਤੇ ਵਿੱਚ ਇਹ ਤੈਅ ਹੋਇਆ ਸੀ ਕਿ ਜੀਐਮ ਕਾਂਟਰੈਕਟ ਪੀਰੀਅਡ ਦੌਰਾਨ ਕੈਨੇਡਾ ਵਿਚਲਾ ਕੋਈ ਵੀ ਮੈਨੂਫੈਕਚਰਿੰਗ ਪਲਾਂਟ ਬੰਦ ਨਹੀਂ ਕਰੇਗੀ। ਇਹ ਸਮਝੌਤਾ ਸਤੰਬਰ 2020 ਤੱਕ ਚੱਲਣਾ ਹੈ। ਜਿ਼ਕਰਯੋਗ ਹੈ ਕਿ ਸੋਮਵਾਰ ਨੂੰ ਜੀਐਮ ਨੇ ਇਹ ਐਲਾਨ ਕੀਤਾ ਸੀ ਕਿ 2019 ਦੇ ਅੰਤ ਤੱਕ ਓਸ਼ਵਾ ਵਿੱਚ ਕਿਸੇ ਤਰ੍ਹਾਂ ਦਾ ਉਤਪਾਦਨ ਜਾਰੀ ਰੱਖਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਕੰਪਨੀ ਨੇ ਮਿਸ਼ੀਗਨ ਵਿੱਚ ਤਿੰਨ ਤੇ ਓਹਾਇਓ ਵਿੱਚ ਇੱਕ ਫੈਕਟਰੀ ਲਈ ਵੀ ਇਸੇ ਤਰ੍ਹਾਂ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਕੰਪਨੀ ਨੌਰਥ ਅਮੈਰਿਕਾ ਦੇ ਬਾਹਰ ਵੀ ਦੋ ਫੈਸਿਲਿਟੀਜ਼ ਉੱਤੇ ਕੰਮ ਬੰਦ ਕਰਨਾ ਚਾਹੁੰਦੀ ਹੈ ਪਰ ਇਨ੍ਹਾਂ ਫੈਸਿਲਿਟੀਜ਼ ਦੇ ਨਾਂਵਾਂ ਦਾ ਖੁਲਾਸਾ ਕੰਪਨੀ ਵੱਲੋਂ ਨਹੀਂ ਕੀਤਾ ਗਿਆ। ਕੰਪਨੀ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਕੰਜਿ਼ਊਮਰ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾ ਰਹੀਆਂ ਹਨ। ਕੰਪਨੀ ਦੀ ਸੀਈਓ ਮੈਰੀ ਬਾਰਾ ਨੇ ਆਖਿਆ ਕਿ ਕੰਪਨੀ ਦੀ ਸਫਲਤਾ ਲਈ ਗਾਹਕਾਂ ਦੀ ਫਰਮਾਇਸ਼ ਨੂੰ ਧਿਆਨ ਵਿੱਚ ਰੱਖਕੇ ਅਜਿਹੀਆਂ ਤਬਦੀਲੀਆਂ ਕਰਨ ਲਈ ਅਸੀਂ ਮਜਬੂਰ ਹਾਂ। ਕੰਪਨੀ ਅਗਲੇ ਦੋ ਸਾਲਾਂ ਵਿੱਚ ਇਲੈਕਟ੍ਰਿਕ ਤੇ ਆਟੋਨੋਮਸ ਗੱਡੀਆਂ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ। ਇਸ ਨਾਲ ਕੰਪਨੀ ਨੂੰ ਹਰ ਸਾਲ 6 ਬਿਲੀਅਨ ਡਾਲਰ ਦੀ ਬਚਤ ਹੋਣ ਦੀ ਵੀ ਉਮੀਦ ਹੈ।


Tags :


Des punjab
Shane e punjab
Des punjab